ਨਕਲੀ ਸ਼ਰਾਬ ਤਿਆਰ ਕਰਕੇ ਵੇਚਣ ਵਾਲੇ ਦੋ ਕਾਬੂ

Sculptures, Recovered,BSF

ਚੰਗੇ ਘਰਾਂ ਨਾਲ ਸਬੰਧ ਰੱਖਦੇ ਹਨ ਮੁਲਜ਼ਮ

ਹਰਪਾਲ, ਲੌਂਗੋਵਾਲ: ਕਸਬਾ ਲੌਂਗੋਵਾਲ ਵਿਖੇ ਪਿਛਲੇ ਦਿਨੀਂ ਨਕਲੀ ਸ਼ਰਾਬ ਤਿਆਰ ਕਰਕੇ ਵੇਚਣ ਵਾਲੀ ਇੱਕ ਛੋਟੀ ਫੈਕਟਰੀ ਅਤੇ ਉਥੇ ਤਿਆਰ ਕੀਤੀ ਗਈ ਭਾਰੀ ਮਾਤਰਾ ਵਿਚ ਨਕਲੀ ਸ਼ਰਾਬ ਬਰਾਮਦ ਕੀਤੇ ਜਾਣ ਵਾਲੇ ਮਾਮਲੇ ਲਈ ਲੋੜੀਦੇ ਤਿੰਨ ਵਿੱਚੋਂ ਦੋ ਵਿਅਕਤੀਆਂ ਨੂੰ ਅੱਜ ਥਾਣਾ ਲੌਂਗੋਵਾਲ ਦੀ ਪੁਲਿਸ ਨੇ ਗ੍ਰਿਫਤਾਰ ਕਰਕੇ ਜ਼ੇਲ੍ਹ ਭੇਜਣ ਦਾ ਦਾਅਵਾ ਕੀਤਾ ਹੈ।

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਲੌਂਗੋਵਾਲ ਦੇ ਐਸਐਚਓ ਜਗਰਾਜ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਕਸਬਾ ਲੌਂਗੋਵਾਲ ਵਿਖੇ ਕੁਝ ਵਿਅਕਤੀ ਨਕਲੀ ਸ਼ਰਾਬ ਬਣਾ ਕੇ ਉਸ ਨੂੰ ਦੂਰ-ਦੂਰ ਤੱਕ ਸਪਲਾਈ ਕਰਦੇ ਹਨ। ਇਸ ਦੇ ਚੱਲਦਿਆਂ ਪਿਛਲੇ ਦਿਨੀਂ ਮੁਖਬਰ ਵਿਸ਼ੇਸ਼ ਤੋਂ ਮਿਲੀ ਜਾਣਕਾਰੀ ਦੇ ਤਹਿਤ ਜਦੋਂ ਇੱਥੋਂ ਦੀ ਪੱਤੀ ਵੜਿਆਣੀ ਦੇ ਇੱਕ ਘਰ ਵਿੱਚ ਛਾਪਾ ਮਾਰਿਆ ਤਾਂ ਉੱਥੋਂ ਪੁਲਿਸ ਨੂੰ ਨਕਲੀ ਸ਼ਰਾਬ ਤਿਆਰ ਕਰਨ ਵਾਲਾ ਸਮਾਨ ਅਤੇ ਵੱਖ-ਵੱਖ ਮਾਰਕਿਆਂ ਦੀ ਤਿਆਰ ਕੀਤੀ ਗਈ ਨਕਲੀ ਸ਼ਰਾਬ ਦੀਆਂ 600 ਬੋਤਲਾਂ ਬਰਾਮਦ ਹੋਈਆਂ ਸਨ।

ਉਨ੍ਹਾਂ ਦੱਸਿਆ ਕਿ ਇਸ ਕੇਸ ਲਈ ਲੋੜੀਦੇ ਤਿੰਨ ਵਿੱਚੋਂ ਦੋ ਮੁਲਜ਼ਮਾਂ ਨੂੰ ਅੱਜ ਥਾਣਾ ਲੌਂਗੋਵਾਲ ਦੀ ਪੁਲਿਸ ਨੇ ਗ੍ਰਿਫਤਾਰ ਕਰਕੇ ਉਨ੍ਹਾਂ ਨੂੰ ਜ਼ੇਲ੍ਹ ਭੇਜ਼ ਦਿੱਤਾ ਹੈ। ਜਿਨ੍ਹਾਂ ਦੀ ਪਛਾਣ ਚਮਕੌਰ ਸਿੰਘ ਉਰਫ ਵਿੱਕੀ ਪੁੱਤਰ ਦਰਸ਼ਨ ਸਿੰਘ ਅਤੇ ਜਗਜੀਤ ਸਿੰਘ ਉਰਫ ਜੱਗਾ ਪੁੱਤਰ ਨਸੀਬ ਸਿੰਘ ਵਾਸੀਆਨ ਪੱਤੀ ਵੜਿਆਣੀ ਵਜੋ ਹੋਈ ਹੈ ਜਦਕਿ ਇੱਕ ਹੋਰ ਮੁਲਜ਼ਮ ਨਰਿੰਦਰ ਸਿੰਘ ਅਜੇ ਫਰਾਰ ਹੈ। ਥਾਣਾ ਮੁਖੀ ਨੇ ਇਹ ਵੀ ਦੱਸਿਆ ਕਿ ਮੁਲਜ਼ਮ ਕਸਬੇ ਦੇ ਚੰਗੇ ਘਰਾਂ ਨਾਲ ਸਬੰਧਤ ਹਨ ਜਿਨ੍ਹਾਂ ਵਿੱਚੋ ਇੱਕ ਦੀ ਮਾਤਾ ਮੌਜ਼ੂਦਾ ਐਮਸੀ ਹੈ ਜਦਕਿ ਬਾਕੀ ਦੋਵਾਂ ਦੇ ਪਿਤਾ ਇੱਕ ਕਿਸਾਨ ਜਥੇਬੰਦੀ ਦੇ ਆਗੂ ਹਨ। ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀਆਂ ਖਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ਼ ਹਨ ਅਤੇ ਮੌਜ਼ੂਦਾ ਮਾਮਲੇ ਵਿੱਚ ਵੀ ਥਾਣਾ ਲੌਂਗੋਵਾਲ ਵਿਖੇ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ।

ਪਰਿਵਾਰਾਂ ਨੇ ਦੋਸ਼ਾਂ ਨੂੰ ਨਕਾਰਿਆ

ਦੂਜੇ ਪਾਸੇ, ਪੁਲਿਸ ਵੱਲੋਂ ਫੜੇ ਗਏ ਮੁਲਜ਼ਮਾਂ ਦੇ ਮਾਪਿਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਉਨ੍ਹਾਂ ਦੇ ਨੌਜਵਾਨ ਲੜਕਿਆਂ ਨੂੰ ਪੁਲਿਸ ਜਾਣ-ਬੁੱਝ ਕੇ ਤੰਗ ਪ੍ਰੇਸ਼ਾਨ ਕਰ ਰਹੀ ਹੈ। ਪਿਲਸ ਜਿਸ ਸਰਾਬ ਨੂੰ ਸਾਡੇ ਲੜਕਿਆਂ ਦੀ ਦੱਸ ਰਹੀ ਹੈ ਉਸ ਨਾਲ ਉਨ੍ਹਾਂ ਦਾ ਕਿਸੇ ਵੀ ਕਿਸਮ ਦਾ ਕੋਈ ਵੀ ਤੱਲਖ-ਵਾਸਤਾ ਨਹੀ ਹੈ।