Kisan Morcha: ਕਿਸਾਨ ਮੋਰਚੇ ਦੇ 200 ਦਿਨ ਪੂਰੇ ਹੋਣ ’ਤੇ ਬਾਰਡਰਾਂ ’ਤੇ ਹੋਵੇਗਾ ਵੱਡਾ ਇਕੱਠ

Kisan Morcha
Kisan Morcha: ਕਿਸਾਨ ਮੋਰਚੇ ਦੇ 200 ਦਿਨ ਪੂਰੇ ਹੋਣ ’ਤੇ ਬਾਰਡਰਾਂ ’ਤੇ ਹੋਵੇਗਾ ਵੱਡਾ ਇਕੱਠ

31 ਅਗਸਤ ਨੂੰ ਬਾਰਡਰਾਂ ’ਤੇ ਹੋਵੇਗੀ ਵੱਡੀ ਇਕੱਤਰਤਾ | Kisan Morcha

ਬਾਜਾਖਾਨਾ (ਗੁਰਪ੍ਰੀਤ ਪੱਕਾ)। Kisan Morcha: ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸਾਂਝੇ ਫਰੰਟ ਵੱਲੋਂ ਲੰਘੀ 13 ਫਰਵਰੀ ਤੋਂ ਦਿੱਲੀ ਕੂਚ ਦੇ ਨਾਅਰੇ ਤਹਿਤ ਕਿਸਾਨ ਅੰਦੋਲਨ 2 ਵਿੱਢਿਆ ਹੋਇਆ ਹੈ।

  • ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਕਰਨਗੇ ਸ਼ਮੂਲੀਅਤ : ਪ੍ਰਧਾਨ ਬੋਹੜ ਸਿੰਘ

ਇਸੇ ਦੌਰਾਨ ਦਿੱਲੀ ਵੱਲ ਜਾ ਰਹੇ ਕਿਸਾਨਾਂ ਨੂੰ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਪਾਰ ਕਰਦਿਆਂ ਹੀ ਹਰਿਆਣਾ ਦੇ ਬਾਰਡਰਾਂ ’ਤੇ ਰੋਕ ਲਗਾ ਦਿੱਤੀ ਗਈ ਸੀ ਅਤੇ ਨਿਹੱਥੇ ਕਿਸਾਨਾਂ ਉਪਰ ਅੱਥਰੂ ਗੈਸ ਦੇ ਗੋਲੇ ਦਾਗੇ ਗਏ ਜਿਸ ਦੇ ਸਿੱਟੇ ਵੱਜੋਂ ਨੌਜਵਾਨ ਕਿਸਾਨ ਦੀ ਮੌਤ ਅਤੇ ਸੈਂਕੜੇ ਕਿਸਾਨ ਜ਼ਖ਼ਮੀ ਕਰ ਦਿੱਤੇ ਗਏ ਸਨ। ਇਸ ਅੰਦੋਲਨ ਨੂੰ ਹਰਿਆਣਾ ਪੰਜਾਬ ਦੇ ਬਾਰਡਰਾਂ ’ਤੇ ਚੱਲਦਿਆਂ 6 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਅਤੇ ਕਿਸਾਨ ਉਸੇ ਤਰ੍ਹਾਂ ਸ਼ਾਂਤਮਈ ਢੰਗ ਨਾਲ ਆਪਣੇ ਆਰਜ਼ੀ ਘਰ ਬਣਾ ਕੇ ਬਾਰਡਰ ’ਤੇ ਬੈਠੇ ਹੋਏ ਹਨ।

ਇਹ ਵੀ ਪੜ੍ਹੋ: ਕੰਗਨਾ ਰਣੌਤ ਜਨਤਕ ਤੌਰ ‘ਤੇ ਮੁਆਫੀ ਮੰਗੇ : ਪੰਧੇਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਕੇਯੂ ਸਿੱਧੂਪੁਰ ਦੇ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਬੋਹੜ ਸਿੰਘ ਰੁਪਈਆਂ ਵਾਲਾ ਅਤੇ ਜਨਰਲ ਸਕੱਤਰ ਇੰਦਰਜੀਤ ਸਿੰਘ ਘਣੀਆਂ ਨੇ ਦੱਸਿਆ ਕਿ ਮੋਰਚੇ ਦੇ 200 ਦਿਨ ਪੂਰੇ ਹੋਣ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਅਤੇ ਸਾਂਝੇ ਫੋਰਮ ਦੀ ਕਾਲ ’ਤੇ ਬਾਰਡਰਾਂ ਉੱਪਰ 31 ਅਗਸਤ ਨੂੰ ਕਿਸਾਨਾਂ ਮਜ਼ਦੂਰਾਂ ਦੀ ਇੱਕ ਵੱਡੀ ਇਕੱਤਰਤਾ ਕੀਤੀ ਜਾ ਰਹੀ ਜਿਸ ਵਿੱਚ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਸ਼ਮੂਲੀਅਤ ਕਰਨਗੇ।

ਮੰਗਾਂ ਨੇ ਮੰਨੇ ਜਾਣ ਤੱਕ ਅੰਦੋਲਨ ਜਾਰੀ ਰਹੇਗਾ | Kisan Morcha

ਉਹਨਾਂ ਫਰੀਦਕੋਟ ਜ਼ਿਲ੍ਹੇ ਦੀ ਗੱਲ ਕਰਦਿਆਂ ਦੱਸਿਆ ਕਿ ਬੀਕੇਯੂ ਸਿੱਧੂਪੁਰ ਵੱਲੋਂ ਜ਼ਿਲ੍ਹੇ ਫਰੀਦਕੋਟ ਦੇ ਛੇ ਬਲਾਕ ਬਣਾਏ ਗਏ ਹਨ ਅਤੇ ਹਰ ਬਲਾਕ ਦੇ ਹਰ ਪਿੰਡ ਵਿੱਚ ਇਸ ਸਬੰਧੀ ਆਗੂਆਂ ਵੱਲੋਂ ਇਸ ਇਕੱਤਰਤਾ ਨੂੰ ਸਫਲ ਬਣਾਉਣ ਲਈ ਕਿਸਾਨਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਇਕੱਲੇ ਫਰੀਦਕੋਟ ਜ਼ਿਲ੍ਹੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਇਸ ਹੋ ਰਹੀ ਮਹਾਂ ਪੰਚਾਇਤ ਦਾ ਹਿੱਸਾ ਬਣਨਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਦੇਸ਼ ਦੇ ਹਰ ਕੋਨੇ ਵਿੱਚ ਵੱਡੇ ਪੱਧਰ ’ਤੇ ਕਿਸਾਨਾਂ ਦੇ ਵੱਡੇ ਇਕੱਠ ਕੀਤੇ ਜਾ ਰਹੇ ਹਨ ਅਤੇ ਜਿੰਨੀ ਦੇਰ ਕੇਂਦਰ ਸਰਕਾਰ ਕਿਸਾਨਾਂ ਦੀ ਫ਼ਸਲ ’ਤੇ ਐਮਐਸਪੀ ਦਾ ਗਰੰਟੀ ਕਾਨੂੰਨ ਦੇਣ ਸਮੇਤ 12 ਮੰਗਾਂ ਨੂੰ ਪੂਰਾ ਨਹੀਂ ਕਰ ਦੇਵੇਗੀ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਰੁਪਈਆਂ ਵਾਲਾ, ਜਨਰਲ ਸਕੱਤਰ ਇੰਦਰਜੀਤ ਸਿੰਘ ਘਣੀਆਂ, ਜ਼ਿਲ੍ਹਾ ਖ਼ਜ਼ਾਨਚੀ ਗੁਰਾਂਦਿੱਤਾ ਸਿੰਘ ਬਾਜਾਖਾਨਾ, ਬਲਾਕ ਗੋਲੇਵਾਲਾ ਦੇ ਪ੍ਰਧਾਨ ਸੁਖਚਰਨ ਸਿੰਘ ਕਾਲਾ, ਨਾਇਬ ਸਿੰਘ ਸਾਦਿਕ ਬਲਾਕ,ਵਿਪਨ ਸਿੰਘ ਸੇਖੋਂ ਬਲਾਕ ਕੋਟਕਪੂਰਾ, ਸ਼ਿੰਦਰਪਾਲ ਸਿੰਘ ਪ੍ਰਧਾਨ ਬਲਾਕ ਜੈਤੋ, ਬਲਜਿੰਦਰ ਸਿੰਘ ਪ੍ਰਧਾਨ ਬਲਾਕ ਬਾਜਾਖਾਨਾ, ਤੇਜਾ ਸਿੰਘ ਪੱਕਾ, ਰਮਨ ਸਿੰਘ, ਜਤਿੰਦਰਜੀਤ ਸਿੰਘ ਭਿੰਡਰ ਜੈਤੋ,ਨਿਰਮਲ ਸਿੰਘ ਕੋਟਕਪੂਰਾ, ਗੁਰਪ੍ਰੀਤ ਸਿੰਘ ਸਿੱਧੂ ਪ੍ਰੈਸ ਸਕੱਤਰ ਬਲਾਕ ਬਾਜਾਖਾਨਾ, ਜਗਦੇਵ ਸਿੰਘ ਜੈਤੋ, ਰਣਜੀਤ ਸਿੰਘ ਡੋਡ, ਸ਼ਮਸ਼ੇਰ ਸਿੰਘ ਮੱਲਾ, ਸੁਖਪ੍ਰੀਤ ਸਿੰਘ ਝੱਖੜਵਾਲਾ, ਬੇਅੰਤ ਸਿੰਘ ਸੂਰਘੂਰੀ, ਹਰਭਗਵਾਨ ਸਿੰਘ ਉਕੰਦਵਾਲਾ, ਅੰਗਰੇਜ਼ ਸਿੰਘ ਵਾਂਦਰ, ਕਸ਼ਮੀਰ ਸਿੰਘ ਰੋੜੀਕਪੂਰਾ,ਸੀਰਾ ਸਰਾਂ ਰਾਮੇਆਣਾ, ਬਲਵਿੰਦਰ ਸਿੰਘ ਜੈਤੋ, ਗੁਰਪ੍ਰੀਤ ਮੁਮਾਰਾ, ਕਾਲਾ ਦੀਪ ਸਿੰਘ ਵਾਲਾ ਤੋਂ ਇਲਾਵਾ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ। Kisan Morcha