ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ 67 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਮਾਡਰਨ ਮੋਬਾਇਲ ਡੈਂਟਲ ਕਲੀਨਿਕ ਵੈਨ ਰਵਾਨਾ
(ਖੁੁਸ਼ਵੀਰ ਸਿੰਘ ਤੂਰ) ਪਟਿਆਲਾ। Punjab News: ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪੰਜਾਬ ਸਰਕਾਰ ਵੱਲੋਂ 67 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕਰਵਾਈ ਗਈ ਮਾਡਰਨ ਮੋਬਾਇਲ ਡੈਂਟਲ ਕਲੀਨਿਕ ਵੈਨ ਨੂੰ ਪਟਿਆਲਾ ਦੇ ਸਰਕਾਰੀ ਡੈਂਟਲ ਕਾਲਜ ਤੋਂ ਰਵਾਨਾ ਕੀਤਾ। ਇਸ ਮੌਕੇ ਸਿਹਤ ਮੰਤਰੀ ਨੇ ਦੱਸਿਆ ਕਿ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਪੰਜਾਬ ਸਰਕਾਰ ਦੀ ਮੁੱਢਲੀ ਤਰਜੀਹ ਹੈ, ਜਿਸ ਕਰਕੇ ਸੂਬੇ ਵਿੱਚ ਸਰਕਾਰੀ ਮੈਡੀਕਲ ਕਾਲਜਾਂ ਦੇ ਹਸਪਤਾਲਾਂ, ਜ਼ਿਲ੍ਹਾ ਤੇ ਸਬ ਡਵੀਜਨ ਹਸਪਤਾਲਾਂ ਸਮੇਤ ਡਿਸਪੈਂਸਰੀਆਂ, 842 ਆਮ ਆਦਮੀ ਕਲੀਨਿਕ ਤੇ 3000 ਦੇ ਕਰੀਬ ਹੈਲਥ ਵੈਲਨੈਸ ਸੈਂਟਰ ਕੰਮ ਕਰ ਰਹੇ ਹਨ।
ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਪੰਜਾਬ ਸਰਕਾਰ ਦੀ ਮੁੱਢਲੀ ਤਰਜ਼ੀਹ
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਹ ਅਤਿਆਧੁਨਿਕ ਵੈਨ ਵਿੱਚ ਮਰੀਜ਼ ਦੇ ਦੰਦਾਂ ਦੀ ਪੂਰੀ ਜਾਂਚ ਲਈ ਦੋ ਫਿਕਸਡ ਡੈਂਟਲ ਚੇਅਰਜ ਤੇ ਇਕ ਮੋਬਾਇਲ ਡੈਂਟਲ ਚੇਅਰ, ਏ.ਸੀ., ਆਟੋ ਕਲੇਵ, ਜੈਨਰੇਟਰ, ਪਾਵਰ ਬੈਕਅਪ ਆਦਿ ਮੌਜੂਦ ਹੈ, ਜੋ ਕਿ ਦੰਦਾਂ ਦੇ ਐਮਰਜੈਂਸੀ ਟ੍ਰੀਟਮੈਂਟ ਲਈ ਸਹਾਈ ਹੋਵੇਗਾ। ਇਸ ਵੈਨ ਜਰੀਏ ਦੰਦਾਂ ਦੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਵੀ ਫੈਲਾਈ ਜਾਵੇਗੀ, ਕਮਿਊਨਿਟੀ ਡੈਂਟਿਸਟਾਂ ਵੱਲੋਂ ਦੰਦਾਂ ਦੇ ਕੈਂਪ ਲਾਏ ਜਾਣ ਸਮੇਤ ਇਹ ਵੈਨ ਡੈਂਟਲ ਕਾਲਜ ਦੇ ਵਿਦਿਆਰਥੀਆਂ ਦੀ ਟ੍ਰੇਨਿੰਗ ਤੇ ਅਗਲੇਰੀ ਸਟੱਡੀ ਲਈ ਸਮੇਤ ਇਨ੍ਹਾਂ ਵਿਦਿਆਰਥੀਆਂ ਤੇ ਸਮਾਜ ਲਈ ਲਾਹੇਵੰਦ ਸਾਬਤ ਹੋਵੇਗੀ। Punjab News
ਇਹ ਵੈਨ ਦੰਦਾਂ ਦੇ ਵਿਦਿਆਰਥੀਆਂ ਦੀ ਸਟੱਡੀ ਕਰਨ ’ਚ ਹੋਵੇਗੀ ਸਹਾਈ | Punjab News
ਉਨ੍ਹਾਂ ਨੇ ਦੱਸਿਆ ਕਿ ਇਹ ਵੈਨ ਦੰਦਾਂ ਦੇ ਵਿਦਿਆਰਥੀਆਂ ਦੀ ਸਟੱਡੀ ਕਰਨ ਦੇ ਵੀ ਕੰਮ ਆਵੇਗੀ, ਕਿਉਂਕਿ ਇਸ ਨਾਲ ਪਿੰਡਾਂ-ਸ਼ਹਿਰਾਂ, ਬਸਤੀਆਂ, ਸਕੂਲੀ ਵਿਦਿਆਰਥੀਆਂ ਦੇ ਦੰਦਾਂ ਅਤੇ ਆਮ ਲੋਕਾਂ ਦੇ ਦੰਦਾਂ ਦੀਆਂ ਸਾਹਮਣੇ ਆ ਰਹੀਆਂ ਬਿਮਾਰੀਆਂ ਦੀ ਵੀ ਜਾਂਚ ਕੀਤੀ ਜਾਵੇਗੀ। ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਡੈਂਟਲ ਮੈਡੀਕਲ ਕਾਲਜਾਂ ਵਿੱਚ 50 ਦੇ ਕਰੀਬ ਫੈਕਲਟੀ ਦੀ ਭਰਤੀ ਦਾ ਕੰਮ ਵੀ ਜਲਦੀ ਹੀ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਡਾਇਰੈਕਟਰ ਮੈਡੀਕਲ ਐਜੂਕੇਸ਼ਨ ਤੇ ਰਿਸਰਚ ਡਾ. ਅਵਨੀਸ਼ ਕੁਮਾਰ, ਸੰਯੁਕਤ ਡਾਇਰਕੈਟਰ ਡਾ. ਪੁਨੀਤ ਗਿਰਧਰ ਤੇ ਡਾ. ਆਕਾਸ਼, ਕਰਨਲ ਜੇ.ਵੀ ਸਿੰਘ, ਡੈਂਟਲ ਕਾਲਜ ਦੇ ਪ੍ਰਿੰਸੀਪਲ ਡਾ. ਜੇ.ਐਸ. ਮਾਨ, ਡਾ. ਹਰਮੇਸ਼ ਸ਼ਰਮਾ, ਡਾ. ਗਗਨਪ੍ਰੀਤ ਕੌਰ ਅਤੇ ਮੈਡੀਕਲ ਵਿਦਿਆਰਥੀ ਵੀ ਮੌਜੂਦ ਸਨ।