Dharna: ਕਿਸਾਨ ਜਥੇਬੰਦੀਆਂ ਵੱਲੋਂ ਨੌਜਵਾਨ ਦੀ ਕੁੱਟਮਾਰ ਦੇ ਵਿਰੋਧ ’ਚ ਥਾਣੇ ਅੱਗੇ ਧਰਨਾ

Dharna
ਪਾਤੜਾਂ : ਥਾਣਾ ਸਦਰ ਪਾਤੜਾਂ ਅੱਗੇ ਬੈਠੇ ਧਰਨਾਕਾਰੀ । ਤਸਵੀਰ: ਭੂਸ਼ਨ ਸਿੰਗਲਾ

(ਭੂਸ਼ਨ ਸਿੰਗਲਾ) ਪਾਤੜਾਂ। Dharna: ਸਦਰ ਥਾਣਾ ਪਾਤੜਾਂ ਦੇ ਐੱਸਐੱਚਓ ਵੱਲੋਂ ਨੌਜਵਾਨ ਦੀ ਕੀਤੀ ‘ਨਜਾਇਜ਼ ਕੁੱਟਮਾਰ’ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਡੀਐੱਸਪੀ ਦਫਤਰ ਅਤੇ ਥਾਣੇ ਦੇ ਗੇਟ ਦੇ ਬਾਹਰ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ । ਇਸ ਧਰਨੇ ਦੀ ਅਗਵਾਈ ਕਰ ਰਹੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਹਰਭਜਨ ਸਿੰਘ ਬੂਟਰ ਅਤੇ ਸੂਬਾ ਉਪ ਪ੍ਰਧਾਨ ਚਰਨਜੀਤ ਕੌਰ ਧੂੜੀਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪਿੰਡ ਦੁਤਾਲ ਦੇ ਇੱਕ ਕਿਸਾਨ ਸਿਕੰਦਰ ਸਿੰਘ, ਜੋ ਪਿੰਡ ਦੁਤਲ ਦੇ ਦੋ ਧਿਰਾਂ ਵਿਚਕਾਰ ਹੋਏ ਆਪਸੀ ਲੜਾਈ-ਝਗੜੇ ਨੂੰ ਪੰਚਾਇਤ ਦੇ ਨਾਲ ਮਿਲ ਕੇ ਸਲਝਾਉਣਾ ਚਾਹੁੰਦਾ ਸੀ ਪਰ ਥਾਣੇ ਦੇ ਐੱਸਐਚਓ ਯਸਪਾਲ ਸ਼ਰਮਾ ਨੇ ਉਸ ਨੌਜਵਾਨ ਦੀ ਕੋਈ ਨਾ ਸੁਣੀ।

ਉਲਟਾ ਸਿਕੰਦਰ ਸਿੰਘ ਦੀ ਬੇਰਹਿਮੀ ਦੇ ਨਾਲ ਨਜਾਇਜ਼ ਕੁੱਟਮਾਰ ਕੀਤੀ, ਜੋ ਸਰੇਆਮ ਪੰਜਾਬ ਪੁਲਿਸ ਦੀ ਧੱਕੇਸ਼ਾਹੀ ਹੈ। ਉਨ੍ਹਾਂ ਕਿਹਾ ਕਿ ਇਹ ਧੱਕਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਦੋਂ ਤੱਕ ਐੱਸਐੱਚਓ ਪਾਤੜਾਂ ਦੇ ਖਿਲਾਫ ਸਖਤ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ।

ਇਹ ਵੀ ਪੜ੍ਹੋ: ਸੋਨੇ ਚਾਂਦੀ ਦੀ ਦੁਕਾਨ ਤੋਂ ਠੱਗੀ ਮਾਰਦੀ ਔਰਤ ਕਾਬੂ

ਇਸ ਮੌਕੇ ਧਰਨੇ ਵਿੱਚ, ਜਿੱਥੇ ਆਮ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਉੱਥੇ ਮਜ਼ਦੂਰ ਜਥੇਬੰਦੀ ਨੇ ਵੀ ਇਸ ਸੰਘਰਸ਼ ਦਾ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ। ਉਪਰੰਤ ਇਸ ਨੂੰ ਦੇਖਦੇ ਹੋਏ ਡੀਐੱਸਪੀ ਪਾਤੜਾਂ ਦਲਜੀਤ ਸਿੰਘ ਵਿਰਕ ਨੇ ਧਰਨੇ ਵਿੱਚ ਪਹੁੰਚ ਕੇ ਧਰਨਾਕਾਰੀਆਂ ਨਾਲ ਗੱਲ ਕੀਤੀ ਅਤੇ ਕਿਹਾ ਕਿ ਸਦਰ ਥਾਣਾ ਦੇ ਐੱਸਐੱਚਓ ’ਤੇ ਜੋ ਦੋਸ਼ ਲੱਗੇ ਹਨ ਉਸ ਸਬੰਧੀ ਉਨ੍ਹਾਂ ਐੱਸਐਸਪੀ ਅਤੇ ਡੀਆਈਜੀ ਨੂੰ ਲਿਖ ਕੇ ਭੇਜ ਦਿੱਤਾ ਹੈ ਜਿਸ ’ਤੇ ਬਣਦੀ ਕਾਰਵਾਈ ਹੋਵੇਗੀ। ਕਿਸਾਨ ਜਥੇਬੰਦੀਆਂ ਨੂੰ ਡੀਐੱਸਪੀ ਪਾਤੜਾਂ ਦੇ ਇਨਸਾਫ ਦਾ ਭਰੋਸਾ ਦੇਣ ’ਤੇ ਧਰਨਾ ਸਮਾਪਤ ਕੀਤਾ ਗਿਆ। Dharna