ਲੋਕਾਂ ਦੀ ਜਾਨ ਖਤਰੇ ’ਚ ਪਾਉਣ ਦੀ ਲਾਪ੍ਰਵਾਹੀ ਵਿਰੁੱਧ ਪ੍ਰਸ਼ਾਸਨ ਹੋਇਆ ਸਖ਼ਤ
- ਡੇਂਗੂ ਮੱਛਰ ਦਾ ਲਾਰਵਾ ਨਸ਼ਟ ਨਾ ਕਰਨ ਵਾਲੇ 348 ਘਰਾਂ ਦੇ ਚਲਾਨ
ਮੁਹਾਲੀ, (ਐੱਮ ਕੇ ਸ਼ਾਇਨਾ)। Dengue: ਮੋਹਾਲੀ ਜ਼ਿਲ੍ਹੇ ਦੇ ਵਿੱਚ ਡੇਂਗੂ ਦੇ ਕੇਸ ਆਏ ਦਿਨ ਵਧ ਰਹੇ ਹਨ। ਜ਼ਿਲ੍ਹੇ ਵਿੱਚ ਡੇਂਗੂ ਦੇ ਲਾਰਵੇ ਨੂੰ ਲੈ ਕੇ ਹੁਣ ਪ੍ਰਸ਼ਾਸਨ ਅਲਰਟ ਮੋਡ ’ਤੇ ਆ ਗਿਆ ਹੈ। ਡੇਂਗੂ ਮੱਛਰ ਦਾ ਲਾਰਵਾ ਨਸ਼ਟ ਨਾ ਕਰਨ ਦੀ ਆਪਣੀ ਜ਼ਿੰਮੇਂਵਾਰੀ ਤੋਂ ਟਾਲਾ ਵੱਟਣ ਵਾਲੇ ਵਸਨੀਕਾਂ ਖ਼ਿਲਾਫ ਸਖ਼ਤੀ ਅਪਣਾਉਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਹੁਣ ਤੱਕ 348 ਘਰਾਂ ਦੇ ਚਲਾਨ ਕਰ ਚੁੱਕਾ ਹੈ, ਤਾਂ ਜੋ ਉਨ੍ਹਾਂ ਨੂੰ ਡੇਂਗੂ ਮੱਛਰ ਦਾ ਲਾਰਵਾ ਨਸ਼ਟ ਕਰਨ ਦੀ ਆਪਣੀ ਜ਼ਿੰਮੇਂਵਾਰੀ ਦਾ ਅਹਿਸਾਸ ਕਰਵਾਇਆ ਜਾ ਸਕੇ।
ਐਂਟੀ-ਡੇਂਗੂ ਟੀਮਾਂ ਘਰ-ਘਰ ਜਾ ਕੇ ਕਰ ਰਹੀਆਂ ਹਨ ਸਰਵੇਖਣ | Dengue
ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਪੁਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿੱਚ ਐਂਟੀ-ਡੇਂਗੂ ਟੀਮਾਂ ਜੋ ਕਿ ਘਰ-ਘਰ ਜਾ ਕੇ ਸਰਵੇਖਣ ਕਰ ਰਹੀਆ ਹਨ ਅਤੇ ਲੋਕਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਕਰ ਰਹੀਆ ਹਨ। ਇਸ ਦੇ ਨਾਲ ਹੀ ਲੋਕਾਂ ਨੂੰ ਡੇਂਗੂ ਮੱਛਰ ਦਾ ਲਾਰਵਾ ਜੋ ਕਿ ਖ੍ਹੜੇ ਪਾਣੀ ’ਚ ਪੈਦਾ ਹੁੰਦਾ ਹੈ, ਪ੍ਰਤੀ ਲਾਪ੍ਰਵਾਹੀ ਦਿਖਾਏ ਜਾਣ ’ਤੇ ਉਨ੍ਹਾਂ ਦੇ ਚਲਾਨ ਵੀ ਕੀਤੇ ਜਾ ਰਹੇ ਹਨ, ਇਸ ਮੁਹਿੰਮ ਤਹਿਤ ਅੱਜ 25 ਚਲਾਨ ਕੀਤੇ ਗਏ।
ਡੇਂਗੂ ਦਾ ਮੱਛਰ ਦਿਨ ਵੇਲੇ ਕੱਟਦਾ | Dengue
ਉਨ੍ਹਾਂ ਕਿਹਾ ਕਿ ਡੇਂਗੂ ਬੁਖਾਰ ਏਡੀਜ਼ ਨਾਮਕ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਹ ਮੱਛਰ ਘਰਾਂ ਵਿੱਚ ਰੱਖੇ ਕੂਲਰਾਂ, ਗਮਲੇ, ਫਰਿੱਜ ਦੀਆ ਟ੍ਰੇੇਆਂ ਅਤੇ ਹੋਰ ਭਾਂਡਿਆਂ ਵਿੱਚ ਪਾਣੀ ਜਮ੍ਹਾਂ ਹੋਣ ਕਾਰਨ ਬਣਦੇ ਲਾਰਵੇ ਤੋਂ ਪੈਦਾ ਹੁੰਦਾ ਹੈ। ਇਸ ਲਈ ਕਿਧਰੇ ਵੀ ਲੰਬੇ ਸਮੇਂ ਤੱਕ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ ਅਤੇ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਮੁਹਿੰਮ ਦਾ ਹਿੱਸਾ ਬਣਦਿਆਂ ਉਸ ਨੂੰ ਖਾਲੀ ਕਰ ਦਿੱਤਾ ਜਾਵੇ। ਸਿਵਲ ਸਰਜਨ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਡੇਂਗੂ ਦਾ ਮੱਛਰ ਦਿਨ ਵੇਲੇ ਕੱਟਦਾ ਹੈ, ਇਸ ਲਈ ਇਸ ਤੋਂ ਬਚਣ ਲਈ ਪੂਰੀਆ ਬਾਂਹਾਂ ਦੇ ਕੱਪੜੇ ਪਹਿਨੇ ਜਾਣ। ਜੇਕਰ ਬੁਖ਼ਾਰ ਹੁੰਦਾ ਹੈ ਤਾਂ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿੱਚ ਆਪਣੇ ਖੂਨ ਦਾ ਟੈਸਟ ਕਰਵਾਇਆ ਜਾਵੇ। Dengue