ਮਾਮਲਾ ਜ਼ਮੀਨੀ ਵਿਵਾਦ ‘ਚ ਪਿਓ-ਪੁੱਤ ਦੀ ਹੋਈ ਮੌਤ ਦਾ
ਸੱਚ ਕਹੂੰ ਨਿਊਜ,ਪੱਟੀ: ਬੀਤੇ ਦਿਨ ਪਿੰਡ ਸੀਤੋ ਮਹਿ ਝੁੱਗੀਆ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਝਗੜੇ ਦੌਰਾਨ ਗੋਲੀ ਚੱਲਣ ਨਾਲ ਪਿਤਾ-ਪੁੱਤਰ ਦੀ ਹੋਈ ਮੌਤ ਦੇ ਮਾਮਲੇ ‘ਚ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਪੱਟੀ ਸਦਰ ਪੁਲਿਸ ‘ਤੇ ਕਾਰਵਾਈ ਨਾ ਕਰਨ ਤੇ ਢਿੱਲ ਵਰਤਣ ਦੇ ਦੋਸ਼ ਲਗਾਉਂਦੇ ਵਰ੍ਹਦੇ ਮੀਂਹ ‘ਚ ਸਿਵਲ ਹਸਪਤਾਲ ਪੱਟੀ ਵਿਖੇ ਪ੍ਰਸ਼ਾਸਨ ਤੇ ਪੁਲਿਸ ਖਿਲਾਫ ਧਰਨਾ ਦਿੱਤਾ ਅਤੇ ਪੋਸਟਮਾਰਟਮ ਨਾ ਕਰਵਾਉਣ ਤੇ ਅੰਤਿਮ ਸਸਕਾਰ ਨਾ ਕਰਨ ਬਾਰੇ ਅੜੇ ਰਹੇ।
ਇਸ ਮੌਕੇ ਗੁਰਵੇਲ ਸਿੰਘ, ਕਾਮਰੇਡ ਮਹਾਂਬੀਰ ਸਿੰਘ, ਮਲਕੀਤ ਸਿੰਘ, ਮ੍ਰਿਤਕ ਦਵਿੰਦਰ ਸਿੰਘ ਦੀ ਪਤਨੀ ਰਜਵੰਤ ਕੌਰ, ਰਿਸ਼ਤੇਦਾਰ ਪਾਲ ਕੌਰ, ਮਲਕੀਤ ਕੌਰ, ਮਨਪ੍ਰੀਤ ਕੌਰ ਨੇ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਮੰਗ ਕੀਤੀ ਕਿ ਜਿਨ੍ਹੀ ਦੇਰ ਤੱਕ ਦੋਸ਼ੀ ਕਾਬੂ ਨਹੀ ਕੀਤੇ ਜਾਂਦੇ, ਓਨੀ ਦੇਰ ਪੋਸਟਮਾਰਟਮ ਨਹੀਂ ਕਰਵਾਇਆ ਜਾਵੇਗਾ ਅਤੇ ਨਾ ਹੀ ਮ੍ਰਿਤਕਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਉਨ੍ਹਾਂ ਨੇ ਇਨਸਾਫ ਦੀ ਮੰਗ ਕਰਦੇ ਕਿਹਾ ਕਿ ਦੋਸ਼ੀਆਂ ਨੂੰ ਕਾਬੂ ਕਰਕੇ ਜੇਲ੍ਹ ਭੇਜਿਆ ਜਾਵੇ ।
ਕੋਈ ਕਰਾਸ ਪਰਚਾ ਨਹੀਂ ਦਰਜ ਹੋਵੇਗਾ : ਵਿਧਾਇਕ ਗਿੱਲ
ਘਟਨਾ ਦੀ ਸੂਚਨਾ ਮਿਲਦੇ ਡੀ ਐਸ ਪੀ ਪੱਟੀ ਸੋਹਣ ਸਿੰਘ ਤੇ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ ਅਤੇ ਪੀੜਤ ਪਰਿਵਾਰ ਨਾਲ ਗੱਲਬਾਤ ਕੀਤੀ, ਪਰ ਪਰਿਵਾਰਕ ਮੈਂਬਰਾਂ ਨੇ ਪੁਲਿਸ ਦੀ ਗੱਲ ਨਾ ਮੰਨੀ ਤੇ ਆਪਣੀ ਜ਼ਿੱਦ ‘ਤੇ ਅੜੇ ਰਹੇ। ਇਸ ਸਬੰਧੀ ਮੌਕੇ ‘ਤੇ ਆਏ ਹਲਕਾ ਵਿਧਾਇਕ ਪੱਟੀ ਹਰਮਿੰਦਰ ਗਿੱਲ ਨੇ ਪਰਿਵਾਰਕ ਮੈਬਰਾਂ ਨਾਲ ਦੁੱਖ ਸਾਂਝਾ ਕੀਤਾ ਤੇ ਪੱਟੀ ਪੁਲਿਸ ਨੂੰ ਸਖਤ ਕਾਰਵਾਈ ਕਰਨ ਲਈ ਕਿਹਾ।
ਵਿਧਾਇਕ ਗਿੱਲ ਨੇ ਦੱਸਿਆ ਕਿ ਪੁਲਿਸ ਨੇ ਕੋਈ ਕਰਾਸ ਕੇਸ ਦਰਜ ਨਹੀਂ ਕੀਤਾ, ਬਲਕਿ ਚਸ਼ਮਦੀਦ ਗੁਰਵੇਲ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਸੀਤੋ-ਮਹਿ ਝੁੱਗੀਆਂ ਦੇ ਬਿਆਨਾ ‘ਤੇ ਕਥਿਤ ਮੁਲਜ਼ਮਾਂ ਖਿਲਾਫ ਮੁਕੱਦਮਾ ਨੰ: 104 ਧਾਰਾ 302/307/148/149/25/27/ 54/59 ਅਸਲਾ ਐਕਟ ਅਧੀਨ ਪਰਚਾ ਦਰਜ ਕਰ ਲਿਆ ਹੈ। ਇਸ ਮੌਕੇ ਡੀ ਐਸ ਪੀ ਪੱਟੀ ਸੋਹਣ ਸਿੰਘ ਨੇ ਕਿਹਾ ਕਿ ਪੁਲਿਸ ਨੇ ਕਾਰਵਾਈ ਕਰਦੇ 2 ਨੂੰ ਕਾਬੂ ਕਰ ਲਿਆ ਤੇ ਬਾਕੀ ਵੀ ਜਲਦ ਕਾਬੂ ਕਰ ਲਏ ਜਾਣਗੇ। ਵਿਧਾਇਕ ਹਰਮਿੰਦਰ ਗਿੱਲ ਦੇ ਭਰੋਸਾ ਤੋਂ ਬਾਅਦ 5 ਘੰਟੇ ਧਰਨਾ ਲੱਗਣ ਉਪਰੰਤ ਪਰਿਵਾਰਕ ਮੈਂਬਰ ਪੋਸਟਮਾਰਟਮ ਲਈ ਰਾਜ਼ੀ ਹੋ ਗਏ ਅਤੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਮ੍ਰਿਤਕਾਂ ਦਾ ਅੰਤਿਮ ਸਸਕਾਰ ਵੀਰਵਾਰ 29 ਜੂਨ ਨੂੰ ਹੋਵੇਗਾ