ਗੁਰਦਾ ਬਦਲਣ ਦੀ ਖਰਚੀਲੀ ਤੇ ਔਖੀ ਪ੍ਰਕਿਰਿਆ ਬਣ ਰਹੀ ਇਲਾਜ ’ਚ ਅੜਿੱਕਾ (Kidney Donation)
ਪ੍ਰਾਈਵੇਟ ਹਸਪਤਾਲਾਂ ’ਚ ਇਲਾਜ ’ਤੇ ਆਉਂਦੈ 8 ਤੋਂ 9 ਲੱਖ ਰੁਪਏ ਦਾ ਖਰਚ
(ਗੁਰਪ੍ਰੀਤ ਸਿੰਘ) ਸੰਗਰੂਰ। ਪੰਜਾਬ ਵਿੱਚ ਗੁਰਦਿਆਂ ਦੀ ਬਿਮਾਰੀਆਂ ਕਾਰਨ ਹਰ ਸਾਲ ਸੈਂਕੜੇ ਵਿਅਕਤੀ ਮਰ ਜਾਂਦੇ ਹਨ ਮਰਨ ਵਾਲਿਆਂ ’ਚ ਉਨ੍ਹਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਜਿਨ੍ਹਾਂ ਦੇ ਗੁਰਦੇ ਫੇਲ੍ਹ ਹੋ ਜਾਂਦੇ ਹਨ ਬਿਮਾਰੀਆਂ ਦੇ ਨਾਲ-ਨਾਲ ਇਨ੍ਹਾਂ ਮੌਤਾਂ ਦਾ ਕਾਰਨ ਇਹ ਵੀ ਬਣ ਰਿਹਾ ਹੈ ਕਿ ਮਰੀਜ਼ ਦੇ ਫੇਲ੍ਹ ਹੋਏ ਗੁਰਦੇ ਤਬਦੀਲ ਕਰਨ ਦਾ ਇਲਾਜ ਬੇਹੱਦ ਮਹਿੰਗਾ ਤੇ ਔਖਾ ਜਿਸ ਨੂੰ ਹਰ ਕੋਈ ਲੈ ਨਹੀਂ ਸਕਦਾ ਇਸ ਕਾਰਨ ਹੀ ਹਰ ਸਾਲ ਮੌਤਾਂ ਦਾ ਅੰਕੜਾ ਵਧ ਰਿਹਾ ਹੈ। (Kidney Donation)
ਹਰ ਸਾਲ 250 ਮਰੀਜ਼ਾਂ ਦੇ ਗੁਰਦੇ ਤਬਦੀਲ ਕੀਤੇ ਜਾਂਦੇ ਹਨ
ਜਾਣਕਾਰੀ ਮੁਤਾਬਕ ਪੰਜਾਬ ਵਿੱਚ ਗੁਰਦੇ ਤਬਦੀਲ ਕਰਨ ਵਾਲੇ ਦਰਜ਼ਨ ਦੇ ਕਰੀਬ ਸਿਹਤ ਅਦਾਰੇ ਹਨ, ਇਸ ਤੋਂ ਇਲਾਵਾ ਪੀਜੀਆਈ ਚੰਡੀਗੜ੍ਹ ਵਿਖੇ ਵੀ ਮਰੀਜ਼ ਦੇ ਗੁਰਦੇ ਤਬਦੀਲ ਕੀਤੇ ਜਾਂਦੇ ਹਨ ਪੀਜੀਆਈ ’ਚ ਗੁਰਦਾ ਤਬਦੀਲ ਕਰਵਾਉਣ ਸਬੰਧੀ ਇਲਾਜ ’ਤੇ 1 ਲੱਖ ਤੋਂ ਵੀ ਘੱਟ ਦਾ ਖਰਚਾ ਆਉਂਦਾ ਹੈ ਪਰ ਪ੍ਰਾਈਵੇਟ ਹਸਪਤਾਲਾਂ ਵਿੱਚ ਇਹ ਖਰਚਾ 8 ਤੋਂ 9 ਲੱਖ ਰੁਪਏ ਤੱਕ ਪਹੁੰਚ ਜਾਂਦਾ ਹੈ ਪੀਜੀਆਈ ਚੰਡੀਗੜ੍ਹ ਵਿਖੇ ਹਰ ਸਾਲ 250 ਮਰੀਜ਼ਾਂ ਦੇ ਗੁਰਦੇ ਤਬਦੀਲ ਕੀਤੇ ਜਾਂਦੇ ਹਨ ਪਰ ਸਮੁੱਚੇ ਪੰਜਾਬ ਵਿੱਚ ਨਿੱਜੀ ਹਸਪਤਾਲਾਂ ਵਿੱਚ ਹਰ ਸਾਲ ਇਹ ਅੰਕੜਾ 200 ਦੇ ਕਰੀਬ ਰਹਿੰਦਾ ਹੈ ਪੰਜਾਬ ’ਚ ਗਿਣੇ ਚੁਣੇ ਹੀ ਹਸਪਤਾਲ ਪ੍ਰਮਾਣਿਤ ਕੀਤੇ ਗਏ ਜਿਹੜੇ ਅਜਿਹੇ ਮਰੀਜ਼ਾਂ ਦਾ ਆਪ੍ਰੇਸ਼ਨ ਕਰਦੇ ਹਨ।
ਇਹ ਵੀ ਪੜ੍ਹੋ: ਡਾਇਗਨੌਸਟਿਕ ਸੈਂਟਰ ਦੇ ਬਾਹਰ ਨਕਾਬਪੋਸ਼ਾਂ ਨੇ ਚਲਾਈਆਂ ਗੋਲੀਆਂ
ਗੁਰਦਿਆਂ ਦੀਆਂ ਬਿਮਾਰੀਆਂ ਸਬੰਧੀ ਸਿਹਤ ਵੱਖ ਵੱਖ ਸਿਹਤ ਮਾਹਿਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸੀਕੇਡੀ (ਕਰੋਨਿਕ ਕਿਡਨੀ ਡਿਜੀਜ਼) ਪੰਜਵੇਂ ਪੜਾਅ (15 ਫੀਸਦੀ ਕੰਮ ਕਰਦੀ ਹੈ) ਵਿੱਚ ਪਹੁੰਚ ਜਾਂਦੀ ਹੈ ਤਾਂ ਡਾਕਟਰ ਮਰੀਜ਼ ਨੂੰ ਡਾਇਲਾਸਿਸ ਜਾਂ ਗੁਰਦਾ ਤਬਦੀਲ ਕਰਨ ਦੀ ਹੀ ਸਲਾਹ ਦਿੰਦੇ ਹਨ।
ਉਨ੍ਹਾਂ ਦੱਸਿਆ ਕਿ ਡਾਇਲਾਸਿਸ ਨਾਲੋਂ ਗੁਰਦਾ ਤਬਦੀਲ ਨੂੰ ਡਾਕਟਰ ਵਧੀਆ ਵਿਕਲਪ ਮੰਨਦੇ ਹਨ ਕਿਉਂਕਿ ਡਾਇਲਾਸਿਸ ਵਿੱਚ ਮਰੀਜ਼ ਦਾ ਹਰ ਮਹੀਨੇ 20 ਤੋਂ 25 ਹਜ਼ਾਰ ਰੁਪਏ ਦਾ ਖਰਚ ਹੁੰਦਾ ਹੈ ਅਤੇ ਉਸ ਨੂੰ ਹਰ ਹਫ਼ਤੇ ਹਸਪਤਾਲ ਵਿੱਚ ਲੈ ਕੇ ਆਉਣਾ ਪੈਂਦਾ ਹੈ, ਮਰੀਜ਼ ਬਿਮਾਰ ਮਹਿਸੂਸ ਕਰਦਾ ਹੈ ਤੇ ਡਾਇਲਾਸਿਸ ਦੌਰਾਨ ਮਰੀਜ਼ ਨੂੰ ਖਾਣ ਪੀਣ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਹੈ ਜਦੋਂ ਕਿ ਗੁਰਦਾ ਤਬਦੀਲ ਦੀ ਆਪ੍ਰੇਸ਼ਨ ਤੋਂ ਬਾਅਦ ਸਫਲਤਾ 90 ਫੀਸਦੀ ਹੁੰਦੀ ਹੈ ਗੁਰਦਾ ਤਬਦੀਲ ਹੋਣ ਤੋਂ ਬਾਅਦ ਮਰੀਜ਼ ਮਨ ਮਰਜ਼ੀ ਦਾ ਖਾ ਪੀ ਸਕਦਾ ਹੈ, ਰੋਜ਼ ਮਰਾ ਦੇ ਕੰਮ ਕਰਦਾ ਹੈ ਗੁਰਦਾ ਠੀਕ ਤਰ੍ਹਾਂ ਨਾਲ ਕੰਮ ਕਰਦਾ ਰੱਖਣ ਲਈ ਮਰੀਜ਼ ਨੂੰ ਫਿਰ ਵੀ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਵਾਈ ਖਾਣੀ ਪੈਂਦੀ ਹੈ। (Kidney Donation)
ਪੰਜਾਬ ’ਚ ਬੇਸ਼ੱਕ ਗੁਰਦਾ ਦਾਨ ਦੀ ਇੱਛਾ ਰੱਖਣ ਵਾਲਿਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ ਪਰ ਇਸ ਦੀ ਮੁੱਢਲੀ ਪ੍ਰਕਿਰਿਆ ਕਾਫ਼ੀ ਔਖੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਸੰਗਰੂਰ ਦੇ ਸਿਵਲ ਸਰਜਨ ਡਾ. ਕਿਰਪਾਲ ਸਿੰਘ ਨੇ ਕਿਹਾ ਕਿ ਗੁਰਦਾ ਤਬਦੀਲ ਦਾ ਕੰਮ ਨਿਰਧਾਰਿਤ ਮੈਡੀਕਲ ਕਾਲਜਾਂ ਵਿੱਚ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਗੁਰਦਾ ਦਾਨ ਦੀ ਇੱਛਾ ਕਰਨ ਵਾਲੇ ਦੀ ਸਹਿਮਤੀ ਜ਼ਿਲ੍ਹਾ ਪੱਧਰ ’ਤੇ ਇੱਕ ਮੈਡੀਕਲ ਬੋਰਡ ਦੇਵੇਗਾ ਜਿਸ ਵਿੱਚ ਬੋਰਡ ਵੱਲੋਂ ਗੁਰਦਾ ਦਾਨ ਦੀ ਇਂੱਛਾ ਰੱਖਣ ਵਾਲੇ ਦੀ ਮੁਕੰਮਲ ਜਾਂਚ ਕੀਤੀ ਕਿ ਜਿਸ ਵਿੱਚ ਦੇਖਿਆ ਜਾਂਦਾ ਹੈ। (Kidney Donation)
ਸਖ਼ਤ ਪ੍ਰਕ੍ਰਿਆ ਤੋਂ ਬਾਅਦ ਹੀ ਗੁਰਦਾ ਦਾਨ ਲਿਆ ਜਾਂਦਾ ਹੈ
ਗੁਰਦਾ ਦੇਣ ਦੀ ਇੱਛਾ ਰੱਖਣ ਵਾਲੇ ਨੂੰ ਕੋਈ ਬਿਮਾਰੀ ਤਾਂ ਨਹੀਂ, ਗੁਰਦਾ ਦਾਨ ਕਰਨ ਪਿੱਛੋਂ ਉਹ ਕਿਧਰੇ ਬਿਮਾਰ ਤਾਂ ਨਹੀਂ ਹੋ ਜਾਵੇਗਾ? ਅਜਿਹੇ ਕਈ ਟੈਸਟਾਂ ਤੋਂ ਬਾਅਦ ਮੈਡੀਕਲ ਬੋਰਡ ਆਪਣੀ ਸਹਿਮਤੀ ਦਿੰਦਾ ਹੈ ਇਸ ਪਿਛੋਂ ਉਸ ਦਾ ਕੇਸ ਮੈਡੀਕਲ ਕਾਲਜ ਨੂੰ ਭੇਜਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਵੀ ਕਾਫ਼ੀ ਸਖ਼ਤ ਪ੍ਰਕ੍ਰਿਆ ਤੋਂ ਬਾਅਦ ਹੀ ਗੁਰਦਾ ਦਾਨ ਲਿਆ ਜਾਂਦਾ ਹੈ ਉਨ੍ਹਾਂ ਦੱਸਿਆ ਗੁਰਦਾ ਦਾਨ ਮਰੀਜ਼ ਦੇ ਪਰਿਵਾਰਕ ਮੈਂਬਰ ਜਾਂ ਕਿਸੇ ਮ੍ਰਿਤਕ ਵਿਅਕਤੀ ਦਾ ਹੋ ਸਕਦਾ ਹੈ।
ਗੁਰਦੇ ਖਰਾਬ ਹੋਣ ਦੇ ਦਰਜ਼ਨਾਂ ਕਾਰਨ : ਡਾ. ਅਮਨਦੀਪ ਅਗਰਵਾਲ
ਇਸ ਵਿਸ਼ੇ ਸਬੰਧੀ ਗੱਲਬਾਤ ਕਰਦਿਆਂ ਸੰਗਰੂਰ ਦੇ ਉੱਘੇ ਡਾ. ਅਮਨਦੀਪ ਅਗਰਵਾਲ ਨੇ ਦੱਸਿਆ ਕਿ ਗੁਰਦੇ ਖਰਾਬ ਹੋਣ ਦੇ ਅਨੇਕਾਂ ਕਾਰਨ ਹਨ ਇਹ ਕਾਰਨ ਪਿਤਾ ਪੁਰਖੀ ਵੀ ਹੋ ਸਕਦੇ ਹਨ ਤੇ ਗੈਰ ਸਿਹਤਮੰਦ ਜੀਵਨ ਸ਼ੈਲੀ ਵੀ ਹੋ ਸਕਦੀ ਹੈ ਅੱਜ ਕੱਲ੍ਹ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੇ ਰੋਗੀਆਂ ’ਚ ਵੱਡਾ ਵਾਧਾ ਹੋ ਰਿਹਾ ਹੈ, ਇਹ ਦੋਵੇਂ ਬਿਮਾਰੀਆਂ ਕਾਰਨ ਸਭ ਤੋਂ ਜ਼ਿਆਦਾ ਗੁਰਦੇ ਪ੍ਰਭਾਵਿਤ ਹੁੰਦੇ ਹਨ ਕਈ ਵਾਰ ਸਿਹਤਮੰਦ ਵਿਅਕਤੀ ਵੀ ਆਪਣੀ ਸਿਹਤ ਜਾਂਚ ਨਾ ਕਾਰਉਣ ਦੇ ਕਾਰਨ ਵੀ ਇਸ ਦੀ ਲਪੇਟ ਵਿੱਚ ਆ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਗੁਰਦਿਆਂ ਦੀ ਬਿਮਾਰੀ ਤੋਂ ਬਚਣ ਲਈ ਸਭ ਤੋਂ ਜ਼ਰੂਰੀ ਸ਼ੂਗਰ ਤੇ ਬੀਪੀ ਨੂੰ ਕਾਬੂ ਹੇਠ ਰੱਖਿਆ ਜਾਵੇ, ਵੱਧ ਤੋਂ ਵੱਧ ਪਾਣੀ ਪੀਣ ਦੀ ਆਦਤ ਬਣਾਈ ਜਾਵੇ, ਨਿਯਮਤ ਸਰੀਰਕ ਕਸਰਤ ਨੂੰ ਆਪਣੇ ਜੀਵਨ ’ਚ ਜ਼ਰੂਰ ਸ਼ਾਮਲ ਕਰਨਾ ਪਵੇਗਾ ਤਾਂ ਹੀ ਇਸ ਖ਼ਤਰਨਾਕ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। Kidney Donation