ਮਹਿਲਾ ਕਮਿਸ਼ਨ ਕੋਲ ਪੁੱਜੀਆਂ 100 ਤੋਂ ਜ਼ਿਆਦਾ ਸ਼ਿਕਾਇਤਾਂ, ਸਰੀਰਕ ਸੋਸ਼ਣ ਦੇ ਮਾਮਲੇ ਦਰਜ ਕਰਨ ਦੀ ਅਪੀਲ
ਚੰਡੀਗੜ (ਅਸ਼ਵਨੀ ਚਾਵਲਾ)। Liv in Relationship : ‘ਲਿਵ ਇਨ’ ਵਿੱਚ ਰਹਿਣਾ ਹੁਣ ਪੰਜਾਬ ਦੀਆਂ ਲੜਕੀਆਂ ਲਈ ਵੱਡੀ ਪਰੇਸ਼ਾਨੀ ਦਾ ਹੀ ਨਹੀਂ, ਸਗੋਂ ਸਾਰੀ ਉਮਰ ਦੇ ਦੁੱਖ ਦਾ ਮੁੱਖ ਕਾਰਨ ਬਣਦਾ ਜਾ ਰਿਹਾ ਹੈ, ਕਿਉਂਕਿ ਜਿਹੜੇ ਮੁੰਡੇ ’ਤੇ ਵਿਸ਼ਵਾਸ ਕਰਕੇ ਬਿਨਾਂ ਵਿਆਹ ਕਰਵਾਏ ਕਈ-ਕਈ ਸਾਲ ‘ਲਿਵ ਇਨ’ ਵਿੱਚ ਰਹੀਆਂ, ਹੁਣ ਉਹ ਮੁੰਡੇ ਹੀ ਵਿਆਹ ਕਰਵਾਉਣ ਲਈ ਤਿਆਰ ਨਹੀਂ ਹਨ। ‘ਲਿਵ ਇਨ’ ਵਿੱਚ ਰਹਿਣ ਵਾਲੀ ਲੜਕੀਆਂ ਨੂੰ ਹੁਣ ਹੋਰ ਵਿਆਹ ਲਈ ਰਿਸ਼ਤੇ ਵੀ ਨਹੀਂ ਮਿਲ ਰਹੇ, ਜਿਸ ਕਾਰਨ ਇਹਨਾਂ ਲੜਕੀਆਂ ਵੱਲੋਂ ਮਹਿਲਾ ਕਮਿਸ਼ਨ ਦਾ ਰੁਖ ਕਰਦੇ ਹੋਏ ਲੜਕਿਆਂ ਖ਼ਿਲਾਫ਼ ਸਰੀਰਕ ਸੋਸ਼ਣ ਦਾ ਮਾਮਲਾ ਦਰਜ ਕਰਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ।
ਪੰਜਾਬ ਮਹਿਲਾ ਕਮਿਸ਼ਨ ਕੋਲ ਇਸ ਸਮੇਂ 100 ਤੋਂ ਜ਼ਿਆਦਾ ਸ਼ਿਕਾਇਤਾਂ ਤੱਕ ਪੁੱਜ ਗਈਆਂ ਹਨ, ਜਿਸ ਵਿੱਚ ਪੰਜਾਬ ਦੇ ਕਈ ਧਨਾਢ ਪਰਿਵਾਰਾਂ ਦੀਆਂ ਲੜਕੀਆਂ ਦੇ ਨਾਲ-ਨਾਲ ਪਿੰਡਾਂ ਦੇ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਵੀ ਸ਼ਾਮਲ ਹਨ, ਜਿਹਨਾਂ ਨੇ ਆਪਣੀ ਮਰਜ਼ੀ ਨਾਲ ‘ਲਿਵ ਇਨ’ ਵਿੱਚ ਰਹਿੰਦੇ ਹੋਏ ਖ਼ੁਦ ਹੀ ਆਪਣੀ ਜ਼ਿੰਦਗੀ ਤਬਾਹ ਕਰ ਲਈ ਹੈ।
ਮਹਿਲਾ ਕਮਿਸ਼ਨ ਇਨ੍ਹਾਂ ਸਾਰੀਆਂ ਸ਼ਿਕਾਇਤਾਂ ਨੂੰ ਦੇਖ ਕੇ ਖ਼ੁਦ ਹੈਰਾਨ ਹੋ ਰਿਹਾ ਹੈ ਕਿ ਪੰਜਾਬ ਦੀਆਂ ਕੁੜੀਆਂ ਇਸ ਮਾਡਰਨ ਅਤੇ ਵਿਦੇਸ਼ੀ ਕਲਚਰ ਵਿੱਚ ਕਿਵੇਂ ਫਸ ਗਈਆਂ ਅਤੇ ਇਸ ਤਰ੍ਹਾਂ ਦੇ ਮਾਮਲੇ ਵਿੱਚ ਉਨ੍ਹਾਂ ਕੁੜੀਆਂ ਦੀ ਜ਼ਿਆਦਾ ਮਦਦ ਵੀ ਨਹੀਂ ਕੀਤੀ ਜਾ ਸਕਦੀ, ਕਿਉਂਕਿ ਲਗਭਗ ਸਾਰੇ ਕੇਸਾਂ ਵਿੱਚ ‘ਲਿਵ ਇਨ’ ਵਿੱਚ ਰਹਿਣ ਦਾ ਫੈਸਲਾ ਖ਼ੁਦ ਕੁੜੀਆਂ ਦੀ ਸਹਿਮਤੀ ਨਾਲ ਹੀ ਲਿਆ ਗਿਆ ਹੈ।
ਪੰਜਾਬ ਦੇ ਹਰ ਕੋਨੇ ਤੋਂ ‘ਲਿਵ ਇਨ’ ਵਿੱਚ ਰਹਿਣ ਵਾਲੀ ਲੜਕੀਆਂ ਦੀਆਂ ਸ਼ਿਕਾਇਤਾਂ
ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਰਾਣੀ ਗਿੱਲ ਨੇ ਦੱਸਿਆ ਕਿ ਜਦੋਂ ਦਾ ਉਨ੍ਹਾਂ ਨੇ ਮਹਿਲਾ ਕਮਿਸ਼ਨ ਦਾ ਚਾਰਜ ਸੰਭਾਲਿਆ ਹੈ ਤਾਂ ਕੁਝ ਹੀ ਮਹੀਨਿਆਂ ਵਿੱਚ ਲਗਾਤਾਰ ਪੰਜਾਬ ਦੇ ਹਰ ਕੋਨੇ ਤੋਂ ‘ਲਿਵ ਇਨ’ ਵਿੱਚ ਰਹਿਣ ਵਾਲੀ ਲੜਕੀਆਂ ਦੀਆਂ ਸ਼ਿਕਾਇਤਾਂ ਉਨ੍ਹਾਂ ਨੂੰ ਆ ਰਹੀਆਂ ਹਨ ਅਤੇ ਬੀਤੇ ਕੁਝ ਹਫ਼ਤੇ ਦੌਰਾਨ ਹੀ 100 ਤੋਂ ਜ਼ਿਆਦਾ ਸ਼ਿਕਾਇਤਾਂ ਉਨ੍ਹਾਂ ਕੋਲ ਪੁੱਜ ਗਈਆਂ ਹਨ। ਉਨ੍ਹਾਂ ਦੱਸਿਆ ਕਿ ‘ਲਿਵ ਇਨ’ ਵਿੱਚ ਰਹਿਣ ਵਾਲੀ ਲੜਕੀਆਂ ਵੱਲੋਂ ਸ਼ਿਕਾਇਤ ਕੀਤੀ ਜਾ ਰਹੀ ਹੈ ਕਿ ਲੜਕੇ ਵੱਲੋਂ 3-4 ਸਾਲ ‘ਲਿਵ ਇਨ’ ਵਿੱਚ ਰਹਿਣ ਤੋਂ ਬਾਅਦ ਵਿਆਹ ਕਰਨ ਤੋਂ ਸਾਫ਼ ਇਨਕਾਰ ਕੀਤਾ ਜਾ ਰਿਹਾ ਹੈ।
Read Also : Donald Trump: ਅਮਰੀਕਾ ਦੇ ਮਜ਼ਬੂਤ ਲੋਕਤੰਤਰ ’ਚ ਹਿੰਸਾ
ਕੁਝ ਸ਼ਿਕਾਇਤਾਂ ਵਿੱਚ ਲੜਕੇ ਪਹਿਲਾਂ ਤੋਂ ਵਿਆਹੁਤਾ ਨਿਕਲ ਰਹੇ ਹਨ ਤਾਂ ਕੁਝ ਸ਼ਿਕਾਇਤਾਂ ਵਿੱਚ ਲੜਕੇ ਵੱਲੋਂ ਲੜਕੀ ਦੀਆਂ ਹਰਕਤਾਂ ਨੂੰ ਦੇਖ ਕੇ ਵਿਆਹ ਕਰਨ ਤੋਂ ਸਾਫ਼ ਇਨਕਾਰ ਕੀਤਾ ਜਾ ਰਿਹਾ ਹੈ। ਲੜਕਿਆਂ ਦਾ ਕਹਿਣਾ ਹੈ ਕਿ ਲੜਕੀ ਨਾਲ ਰਹਿ ਕੇ ਪਤਾ ਚੱਲਿਆ ਕਿ ਲੜਕੀ ਕਿਹੋ ਜਿਹੀ ਹੈ, ਇਸ ਲਈ ਉਹ ਹੁਣ ਲੜਕੀ ਨਾਲ ਨਾ ਹੀ ਰਹਿਣਾ ਚਾਹੁੰਦਾ ਹੈ ਅਤੇ ਨਾ ਹੀ ਵਿਆਹ ਕਰਵਾਉਣਾ ਚਾਹੁੰਦਾ ਹੈ। ਉਨ੍ਹਾਂ ਦੱਸਿਆ ਕਿ ‘ਲਿਵ ਇਨ’ ਕਲਚਰ ਹੁਣ ਪੰਜਾਬ ਨੂੰ ਖਾ ਰਿਹਾ ਹੈ ਅਤੇ ਇਸ ਕਲਚਰ ਦੌਰਾਨ ਪੰਜਾਬ ਦੀਆਂ 100 ਤੋਂ ਜ਼ਿਆਦਾ ਲੜਕੀਆਂ ਆਪਣੀ ਜਿੰਦਗੀ ਖ਼ਰਾਬ ਕਰ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ‘ਲਿਵ ਇਨ’ ਦੇ ਮਾਮਲੇ ਵਿੱਚ ਉਹ ਤੁਰੰਤ ਕੋਈ ਫੈਸਲਾ ਵੀ ਨਹੀਂ ਕਰ ਸਕਦੇ, ਜਿਸ ਕਾਰਨ ਲਗਾਤਾਰ ਕਾਨੂੰਨੀ ਪੱਖ ਦੇਖਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੇ ਮਾਮਲੇ ਵਿੱਚ ਲੜਕੀ ਦੀ ਕੀ ਮਦਦ ਕੀਤੀ ਜਾ ਸਕਦੀ ਹੈ ?
‘ਲਿਵ ਇਨ’ ਕਲਚਰ ਖਤਰਨਾਕ, ਦੂਰ ਰਹਿਣ ਲੜਕੀਆਂ
ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਰਾਣੀ ਗਿੱਲ ਨੇ ਲੜਕੀਆਂ ਨੂੰ ਅਪੀਲ ਕੀਤੀ ਕਿ ਸਾਡੇ ਦੇਸ਼ ਦਾ ਇਹ ਕਲਚਰ ਨਹੀਂ ਹੈ ਅਤੇ ਇਹ ਕਲਚਰ ਕਾਫ਼ੀ ਜ਼ਿਆਦਾ ਘਾਤਕ ਤੇ ਖ਼ਤਰਨਾਕ ਹੈ। ਇਸ ਲਈ ਇਸ ਤੋਂ ਜਿੰਨਾ ਵੀ ਦੂਰ ਰਿਹਾ ਜਾਵੇ, ਉਨ੍ਹਾਂ ਹੀ ਠੀਕ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ ਹੀ ਉਹ ਲੜਕੀਆਂ ਦੀ ਮਦਦ ਕਰਨ ਦੀ ਕੋਸ਼ਸ਼ ਕਰ ਰਹੇ ਹਨ ਪਰ ਫਿਰ ਵੀ ਲੜਕੀਆਂ ਨੂੰ ਖ਼ੁਦ ਸੋਚਣਾ ਚਾਹੀਦਾ ਹੈ ਕਿ ਆਪਣੇ ਪਰਿਵਾਰ ਖ਼ਿਲਾਫ਼ ਜਾ ਕੇ ‘ਲਿਵ ਇਨ’ ਵਿੱਚ ਰਹਿਣਾ ਕਿੰਨਾ ਜ਼ਿਆਦਾ ਗਲਤ ਹੈ ਅਤੇ ਇਹ ਸਾਡੀ ਸੁਸਾਇਟੀ ਨੂੰ ਵੀ ਖ਼ਰਾਬ ਕਰ ਰਿਹਾ ਹੈ। ਇਸ ਲਈ ਲੜਕੀਆਂ ਨੂੰ ਉਹ ਅਪੀਲ ਕਰਨਗੇ ਕਿ ‘ਲਿਵ ਇਨ’ ਤੋਂ ਦੂਰ ਹੀ ਰਹਿਣ ਤਾਂ ਕਿ ਉਹਨਾਂ ਨੂੰ ਵੀ ਇਸ ਬਰਬਾਦੀ ਦੇ ਦੌਰ ਵਿੱਚੋਂ ਨਾ ਲੰਘਣਾ ਪਵੇ।