ਡੀਸੀ ਨੇ ਜੂਨੀਅਰ ਸਹਾਇਕ ਪਰਮਜੋਤ ਸਿੰਘ ਨੂੰ ‘ਮਹੀਨੇ ਦਾ ਪਹਿਲਾ ਕਰਮਚਾਰੀ’ ਪੁਰਸਕਾਰ ਨਾਲ ਨਿਵਾਜਿਆ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲ੍ਹਾ ਪ੍ਰਸ਼ਾਸਨ ਨੇ ਮਿਹਨਤੀ ਕਰਮਚਾਰੀਆਂ ਨੂੰ ਉਤਸ਼ਾਹਿਤ ਕਰਨ ਦੇ ਇਰਾਦੇ ਨਾਲ ‘ਮਹੀਨੇ ਦਾ ਕਰਮਚਾਰੀ’ (Employee Of The Month) ਦੇ ਨਾਂਅ ਹੇਠ ਵਿਲੱਖਣ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ। ਇਸ ਪਹਿਲਕਦਮੀ ਦੇ ਤਹਿਤ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੁਆਰਾ ਜੂਨੀਅਰ ਅਸਿਸਟੈਂਟ ਪਰਮਜੋਤ ਸਿੰਘ ਨੂੰ ‘ਮਹੀਨੇ ਦਾ ਪਹਿਲਾ ਕਰਮਚਾਰੀ’ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਉਕਤ ਵਿਲੱਖਣ ਪਹਿਲਕਦਮੀ ਦੇ ਤਹਿਤ ਡਿਪਟੀ ਕਮਿਸ਼ਨਰ ਤੇ ਐਸਡੀਐੱਮ ਦਫ਼ਤਰਾਂ ’ਚ ਤਾਇਨਾਤ ਮਿਹਨਤੀ ਤੇ ਕੁਸ਼ਲ ਕਰਮਚਾਰੀਆਂ ਨੂੰ ਮਾਨਤਾ ਦੇਣ ਅਤੇ ਉਤਸ਼ਾਹਿਤ ਕਰਨ ਦੇ ਮੰਤਵ ਨਾਲ ‘ਮਹੀਨੇ ਦਾ ਪਹਿਲਾ ਕਰਮਚਾਰੀ’ ਐਵਾਰਡ ਦੇਣ ਦੀ ਆਰੰਭਤਾ ਕੀਤੀ ਗਈ ਹੈ। ਸਾਹਨੀ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਾਰਦਰਸ਼ੀ ਅਤੇ ਨਿਰਪੱਖ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ ਅਤੇ ਇਹ ਸੰਭਵ ਹੈ ਜੇਕਰ ਕਰਮਚਾਰੀ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਰਹਿਣ।
ਵਿਲੱਖਣ ਪਹਿਲਕਦਮੀ ਦੇ ਅਗਾਜ਼ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੁਆਰਾ ਜੂਨੀਅਰ ਅਸਿਸਟੈਂਟ ਪਰਮਜੋਤ ਸਿੰਘ ਨੂੰ ‘ਮਹੀਨੇ ਦਾ ਪਹਿਲਾ ਕਰਮਚਾਰੀ’ ਐਵਾਰਡ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਮਿਹਨਤ, ਵੱਡਮੁੱਲੇ ਯੋਗਦਾਨ ਅਤੇ ਡਿਊਟੀ ਦੇ ਸਮੇਂ ਤੋਂ ਉੱਪਰ ਜਾਣ ਦੀ ਇੱਛਾ ਦਾ ਹਵਾਲਾ ਦਿੰਦੇ ਹੋਏ ਪਰਮਜੋਤ ਸਿੰਘ ਨੂੰ ਪਹਿਲਾ ਪ੍ਰਾਪਤਕਰਤਾ ਬਣਨ ਲਈ ਵਧਾਈ ਦਿੱਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਐਵਾਰਡ ਦਾ ਉਦੇਸ਼ ਸਾਰੇ ਕਰਮਚਾਰੀਆਂ ਨੂੰ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਨਾ ਹੈ ਅਤੇ ਉਹਨਾਂ ਨੂੰ ਚੰਗੀ ਮਾਨਤਾ ਪ੍ਰਦਾਨ ਕਰਨਾ ਹੈ। Employee Of The Month
ਇਸ ਪਹਿਲਕਦਮੀ ਨੂੰ ਸ਼ੁਰੂ ਕਰਨ ਲਈ ਡਿਪਟੀ ਕਮਿਸ਼ਨਰ ਦਾ ਕੀਤਾ ਧੰਨਵਾਦ
ਸਾਹਨੀ ਨੇ ਦੱਸਿਆ ਕਿ ਮਹੀਨੇ ਦਾ ਕਰਮਚਾਰੀ ਪੁਰਸਕਾਰ ਪ੍ਰਸ਼ਾਸਨ ਦੀ ਇੱਕ ਨਿਰੰਤਰ ਵਿਸ਼ੇਸ਼ਤਾ ਹੋਵੇਗੀ ਅਤੇ ਸਾਰੇ ਕਰਮਚਾਰੀਆਂ ਨੂੰ ਆਪਣੇ ਕੰਮ ਵਿੱਚ ਉੱਤਮਤਾ ਲਈ ਉਤਸ਼ਾਹਿਤ ਕੀਤਾ ਜਾਵੇਗਾ। ਐਵਾਰਡ ਹਾਸਲ ਕਰਨ ਉਪਰੰਤ ਪਰਮਜੋਤ ਸਿੰਘ ਨੇ ਇਸ ਪਹਿਲਕਦਮੀ ਨੂੰ ਸ਼ੁਰੂ ਕਰਨ ਲਈ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਸਰਕਾਰੀ ਮੁਲਾਜ਼ਮਾਂ ਵੱਲੋਂ ਆਪਣੀ ਡਿਊਟੀ ਨਿਭਾਉਣ ਲਈ ਕੀਤੇ ਵਾਧੂ ਯਤਨਾਂ ਨੂੰ ਮਾਨਤਾ ਮਿਲੇਗੀ।