ਸੂਬੇ ’ਚ ਸਿਰਫ਼ ਤਿੰਨ ਸਰਕਾਰੀ ਹਸਪਤਾਲਾਂ ’ਚ ਕੈਥ ਦੀ ਸਹੂਲਤ | Hospitals of Punjab
ਸੰਗਰੂਰ (ਗੁਰਪ੍ਰੀਤ ਸਿੰਘ)। Hospitals of Punjab : ਪੰਜਾਬ ਦੇ ਲੋਕ ਦਿਲ ਦੇ ਮਰੀਜ਼ ਜ਼ਿਆਦਾ ਬਣ ਰਹੇ ਹਨ। ਸਿਹਤ ਵਿਭਾਗ ਵੱਲੋਂ ਪਿਛਲੇ ਵਰ੍ਹੇ ਜਾਰੀ ਕੀਤੇ ਅੰਕੜਿਆਂ ’ਚ ਪੰਜਾਬ ’ਚ ਦਿਲ ਦੇ ਦੌਰਿਆਂ ਨਾਲ ਮਰਨ ਵਾਲਿਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਤੇ ਦਿਲ ਦੇ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ ਵੀ ਭਾਰਤ ਦੇ ਬਾਕੀ ਰਾਜਾਂ ਨਾਲੋਂ ਕਾਫੀ ਜ਼ਿਆਦਾ ਹੈ। ਪੰਜਾਬ ’ਚ ਦਿਲ ਦੇ ਦੌਰਿਆਂ ਨਾਲ ਮਰਨ ਵਾਲਿਆਂ ਦਾ ਸਿਲਸਿਲਾ ਕਈ ਵਰਿ੍ਹਆਂ ਤੋਂ ਬਾਦਸਤੂਰ ਚੱਲ ਰਿਹਾ ਹੈ ਪਰ ਕਿਸੇ ਵੀ ਸਰਕਾਰ ਨੇ ਇਸ ਵੱਲ ਧਿਆਨ ਦੇਣ ਦੀ ਕੋਸ਼ਿਸ਼ ਨਹੀਂ ਕੀਤੀ।
ਦਿਲ ਦੇ ਮਰੀਜ਼ਾਂ ਦੀ ਸੰਭਾਲ ਲਈ ਸਰਕਾਰੀ ਹਸਪਤਾਲਾਂ ’ਚ ਸਹੂਲਤਾਂ ਦੀ ਗੱਲ ਕੀਤੀ ਜਾਵੇ ਤਾਂ ਮਹਿਜ਼ ਸਰਕਾਰੀ ਮੈਡੀਕਲ ਕਾਲਜਾਂ ਤੋਂ ਬਿਨਾਂ ਕਿਸੇ ਵੀ ਸਰਕਾਰੀ ਹਸਪਤਾਲ ’ਚ ਦਿਲ ਦੇ ਮਰੀਜ਼ਾਂ ਦੀ ਸੰਭਾਲ ਵਾਸਤੇ ਕੋਈ ਵਿਸ਼ੇਸ਼ ਸਹੂਲਤਾਂ ਨਹੀਂ ਹਨ। ਜਾਣਕਾਰੀ ਮੁਤਾਬਕ ਦਿਲ ਦੇ ਮਰੀਜ਼ ਦੀ ਸੰਭਾਲ ਲਈ ਹਸਪਤਾਲ ’ਚ ਕੈਥ ਲੈਬ ਹੋਣੀ ਅਤਿ ਜ਼ਰੂਰੀ ਹੈ। ਕੈਥ ਲੈਬ ’ਚ ਦਿਲ ਦੇ ਮਲਟੀਸਪੈਸ਼ਲਿਸਟ ਡਾਕਟਰਾਂ ਦੀ ਟੀਮ ਦੇ ਨਾਲ, ਮਾਹਿਰ ਸਟਾਫ਼, ਸਕਰੀਨਾਂ, ਪੰਪਿੰਗ ਮਸ਼ੀਨ, ਵੈਂਟੀਲੇਟਰ ਤੋਂ ਇਲਾਵਾ ਸਿੰਗਲ ਐਕਸਰੇ ਜੈਨਰੇਟਰ, ਐਕਰੇ ਇਮੇਜ਼ ਇੰਟਸੀਫਾਇਰ ਹੋਰ ਵੀ ਅਹਿਮ ਸਮਾਨ ਮੌਜ਼ੂਦ ਹੁੰਦਾ ਹੈ ਜਿਹੜੇ ਦਿਲ ਦੇ ਮਰੀਜ਼ ਦੇ ਇਲਾਜ ਲਈ ਅਤਿ ਜ਼ਰੂਰੀ ਹੈ। ਪੰਜਾਬ ਦੇ ਕਿਸੇ ਵੀ ਹਸਪਤਾਲ ’ਚ ਕੈਥ ਲੈਬ ਦੀ ਸਹੂਲਤ ਨਹੀਂ ਹੈ, ਜਿਸ ਕਾਰਨ ਦਿਲ ਦੇ ਮਰੀਜ਼ਾਂ ਨੂੰ ਆਪਣਾ ਫੌਰੀ ਇਲਾਜ ਥਾਂ-ਥਾਂ ਖੁੱਲ੍ਹੇ ਜ਼ਿਆਦਾਤਰ ਪ੍ਰਾਈਵੇਟ ਹਸਪਤਾਲਾਂ ’ਚ ਕਰਵਾਉਣਾ ਪੈ ਰਿਹਾ ਹੈ, ਜਿੱਥੇ ਇਲਾਜ ’ਤੇ ਉਨ੍ਹਾਂ ਦਾ ਲੱਖਾਂ ਰੁਪਏ ਖਰਚਾ ਆ ਰਿਹਾ ਹੈ। (Hospitals of Punjab)
ਸ਼ਹਿਰਾਂ ’ਚ ਖੁੱਲ੍ਹ ਰਹੇ ਨੇ ਦਿਲ ਦੇ ਰੋਗਾਂ ਦੇ ਵੱਡੇ ਪ੍ਰਾਈਵੇਟ ਹਸਪਤਾਲ
ਇੱਕ ਅਨੁਮਾਨ ਮੁਤਾਬਕ ਹਸਪਤਾਲ ਵਿੱਚ ਕੈਥ ਲੈਬ ਲਾਉਣ ’ਤੇ ਲਗਭਗ 60 ਤੋਂ 80 ਲੱਖ ਰੁਪਏ ਦਾ ਖਰਚਾ ਆਉਂਦਾ ਹੈ ਪਰ ਇਸ ਨਾਲ ਵੱਡੀ ਗਿਣਤੀ ਮਰੀਜ਼ਾਂ ਦੀ ਜਾਨ ਬਚਾਈ ਜਾ ਸਕਦੀ ਹੈ। ਪੰਜਾਬ ’ਚ ਅੰਮ੍ਰਿਤਸਰ ਤੇ ਪਟਿਆਲਾ, ਫਰੀਦਕੋਟ ਮੈਡੀਕਲ ਕਾਲਜਾਂ ’ਚ ਹੀ ਇਹ ਸਹੂਲਤ ਹੈ ਪਰ ਸਮੁੱਚੇ ਪੰਜਾਬ ’ਚ ਮਰੀਜ਼ ਹੋਣ ਕਾਰਨ ਇਹ ਕਾਫ਼ੀ ਨਹੀਂ ਹਨ। ਪੰਜਾਬ ਵਿੱਚ ਵੱਡੀ ਗਿਣਤੀ ਮਰੀਜ਼ ਖ਼ਾਸ ਕਰ ਲੁਧਿਆਣਾ, ਪਟਿਆਲਾ, ਚੰਡੀਗੜ੍ਹ, ਮੋਹਾਲੀ ਵਰਗੇ ਸ਼ਹਿਰਾਂ ’ਚ ਇਲਾਜ ਕਰਵਾ ਰਹੇ ਹਨ।
ਸੁਨਾਮ ਸ਼ਹਿਰ ਦੇ ਇੱਕ ਵਸਨੀਕ ਐੱਸ. ਬਾਂਸਲ ਜਿਨ੍ਹਾਂ ਨੂੰ ਅਚਾਨਕ ਦਿਲ ਦੀ ਕੋਈ ਸਮੱਸਿਆ ਆਈ ਉਨ੍ਹਾਂ ਨੇ ਆਪਣਾ ਇਲਾਜ ਪਟਿਆਲਾ ਦੇ ਵੱਡੇ ਹਸਪਤਾਲ ’ਚੋਂ ਕਰਵਾਇਆ। ਬਾਂਸਲ ਨੇ ਦੱਸਿਆ ਕਿ ਉਨ੍ਹਾਂ ਦੇ ਦਿਲ ਦੀਆਂ ਨਾੜੀਆਂ ’ਚ ਬਲਾਕੇਜ਼ ਆਉਣ ਕਾਰਨ ਉਨ੍ਹਾਂ ਨੂੰ ਆਪਣੀ ਬਾਈਪਾਸ ਸਰਜਰੀ ਕਰਵਾਉਣੀ ਪਈ। ਉਨ੍ਹਾਂ ਦੱਸਿਆ ਕਿ ਬਾਈਪਾਸ ਸਰਜਰੀ ਕਾਰਨ ਭਾਵੇਂ ਉਨ੍ਹਾਂ ਦੀ ਜਾਨ ਬਚ ਗਈ ਪਰ ਇਲਾਜ ’ਤੇ ਚਾਰ ਲੱਖ ਦੇ ਰੁਪਏ ਕਰੀਬ ਲੱਗ ਗਿਆ।
Also Read : NEET Paper Leak Case : ਨੀਟ-ਯੂਜੀ ਕਾਊਂਸਲਿੰਗ
ਧੂਰੀ ਦੇ ਇੱਕ ਵਸਨੀਕ ਰਾਜੀਵ ਅੱਤਰੀ ਨੇ ਦੱਸਿਆ ਕਿ ਅਚਾਨਕ ਉਸ ਨੂੰ ਛਾਤੀ ’ਚ ਦਰਦ ਦੀ ਸ਼ਿਕਾਇਤ ਆਈ ਤੇ ਰਾਤ ਨੂੰ ਉਸ ਨੂੰ ਸੰਗਰੂਰ ਦੇ ਦਿਲ ਨਾਲ ਸਬੰਧਿਤ ਇੱਕ ਪ੍ਰਾਈਵੇਟ ਹਸਪਤਾਲ ’ਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਦੀ ਦਿਲ ਨਾਲ ਸਬੰਧਿਤ ਨਾੜੀ ’ਚ ਸਟੈਂਟ ਪਾਇਆ ਤੇ ਉਸ ਦਾ ਤਕਰੀਬਨ ਡੇਢ ਲੱਖ ਰੁਪਏ ਦੇ ਕਰੀਬ ਦਾ ਖਰਚਾ ਆ ਗਿਆ।
ਕੀ ਕਹਿੰਦੇ ਨੇ ਸਿਹਤ ਅਧਿਕਾਰੀ
ਇਸ ਸਬੰਧੀ ਜਦੋਂ ਸੰਗਰੂਰ ਦੇ ਮੁੱਖ ਸਿਹਤ ਅਫ਼ਸਰ ਡਾ. ਕਿਰਪਾਲ ਸਿੰਘ ਸਿਵਲ ਸਰਜਨ ਸੰਗਰੂਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਵੀ ਮੰਨਿਆ ਕਿ ਸਰਕਾਰੀ ਹਸਪਤਾਲ ਵਿੱਚ ਕੈਥ ਲੈਬ ਹੋਣੀ ਅਤਿ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਆਪਣੇ ਪੱਧਰ ’ਤੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਸਰਕਾਰੀ ਹਸਪਤਾਲ ਸੰਗਰੂਰ ਵਿੱਚ ਇਹ ਸਹੂਲਤ ਬੇਹੱਦ ਜ਼ਰੂਰੀ ਹੈ ਤੇ ਉਨ੍ਹਾਂ ਨੇ ਇਸ ਸਬੰਧੀ ਹਾਂ ਕਰ ਦਿੱਤੀ ਹੈ, ਜਿਸ ਕਾਰਨ ਆਉਣ ਵਾਲੇ ਸਮੇਂ ’ਚ ਸੰਗਰੂਰ ਦੇ ਮੁੱਖ ਹਸਪਤਾਲ ’ਚ ਮਰੀਜ਼ਾਂ ਨੂੰ ਇਹ ਸਹੂਲਤ ਮਿਲਣੀ ਆਰੰਭ ਹੋ ਜਾਵੇਗੀ।
ਐਮਰਜੈਂਸੀ ’ਚ ਮਰੀਜ਼ਾਂ ਕੋਲ ਕੋਈ ਰਾਹ ਨਹੀਂ ਹੁੰਦਾ: ਡਾ. ਅਗਰਵਾਲ
ਇਸ ਸਬੰਧੀ ਗੱਲਬਾਤ ਕਰਦਿਆਂ ਸੰਗਰੂਰ ਦੇ ਉੱਘੇ ਡਾ. ਅਮਨਦੀਪ ਅਗਰਵਾਲ ਨੇ ਕਿਹਾ ਕਿ ਕੈਥ ਲੈਬ ਦੀ ਸਹੂਲਤ ਅੱਜ ਦੇ ਸਮੇਂ ਦੀ ਬਹੁਤ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਦਿਲ ਦੇ ਦੌਰਿਆਂ ਕਾਰਨ ਪੂਰੇ ਭਾਰਤ ’ਚੋਂ ਪੰਜਾਬ ਦੇ ਲੋਕ ਜ਼ਿਆਦਾ ਗਿਣਤੀ ’ਚ ਮਰ ਰਹੇ ਹਨ ਪਰ ਇਸ ਦੇ ਬਾਵਜ਼ੂਦ ਇੱਧਰ ਕਿਸੇ ਦਾ ਵੀ ਧਿਆਨ ਨਹੀਂ ਗਿਆ। ਉਨ੍ਹਾਂ ਦੱਸਿਆ ਕਿ ਸ਼ਹਿਰਾਂ ’ਚ ਜਿਹੜੇ ਦਿਲ ਨਾਲ ਸਬੰਧਿਤ ਛੋਟੇ ਹਸਪਤਾਲ ਖੋਲ੍ਹੇ ਜਾ ਰਹੇ ਹਨ, ਉਨ੍ਹਾਂ ’ਚ ਸਿਰਫ਼ ਸਟੈਂਟ ਪਾਉਣ ਤੱਕ ਦੀ ਸਹੂਲਤ ਹੁੰਦੀ ਹੈ, ਬਾਈਪਾਸ ਸਰਜਰੀ ਲਈ ਮਰੀਜ਼ਾਂ ਨੂੰ ਵੱਡੇ ਹਸਪਤਾਲਾਂ ’ਚ ਜਾਣਾ ਹੀ ਪੈਂਦਾ ਹੈ ਤੇ ਐਮਰਜੈਂਸੀ ’ਚ ਮਰੀਜ਼ਾਂ ਨੂੰ ਕੋਈ ਰਾਹ ਨਹੀਂ ਲੱਭਦਾ।