ਜ਼ਮੀਨ ਵੇਚ ਕੇ ਦੋ ਮਹੀਨੇ ਪਹਿਲਾਂ ਕੈਨੇਡਾ ਭੇਜੀ ਸੀ ਧੀ | Mansa News
ਮਾਨਸਾ (ਸੁਖਜੀਤ ਮਾਨ)। Mansa News : ਮਾਨਸਾ ਜ਼ਿਲ੍ਹੇ ਦਾ ਇੱਕ ਗਰੀਬ ਕਿਸਾਨ ਜ਼ਮੀਨ ਵੇਚ ਕੇ ਦੋ ਮਹੀਨੇ ਪਹਿਲਾਂ ਕੈਨੇਡਾ ਭੇਜੀ ਧੀ ਦੀ ਲਾਸ਼ ਭਾਰਤ ਲਿਆਉਣ ਲਈ ਸਰਕਾਰ ਨੂੰ ਅਪੀਲ ਕਰ ਰਿਹਾ ਹੈ। ਪਰਿਵਾਰ ਵੱਲੋਂ ਉਮੀਦਾਂ ਤੇ ਚਾਵਾਂ ਨਾਲ ਭੇਜੀ ਧੀ ਦੀ ਕੈਨੇਡਾ ’ਚ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ । ਪਰਿਵਾਰ ਦੀ ਇਸ ਵੇਲੇ ਆਰਥਿਕ ਤੌਰ ’ਤੇ ਐਨੀਂ ਗੁੰਜਾਇਸ਼ ਨਹੀਂ ਕਿ ਉਹ ਆਪਣੇ ਘਰ ਦੀ ਜੰਮੀ-ਜਾਈ ਦੀ ਲਾਸ਼ ਪਿੰਡ ਲਿਆ ਸਕੇ। ਪਰਿਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਅਪੀਲ ਕੀਤੀ ਹੈ ਕਿ ਲਾਸ਼ ਪਿੰਡ ਲਿਆਉਣ ’ਚ ਮੱਦਦ ਕੀਤੀ ਜਾਵੇ।
ਵੇਰਵਿਆਂ ਮੁਤਾਬਿਕ ਮਾਨਸਾ ਜ਼ਿਲ੍ਹੇ ਦੇ ਪਿੰਡ ਵਰੇ ਦੇ ਦੋ ਏਕੜ ਜ਼ਮੀਨ ਦੇ ਮਾਲਕ ਗਰੀਬ ਕਿਸਾਨ ਮਿੱਠੂ ਸਿੰਘ ਨੇ ਆਪਣੀ ਇੱਕ ਏਕੜ ਜ਼ਮੀਨ ਵੇਚ ਕੇ ਆਪਣੀ ਧੀ ਨੂੰ ਕਰੀਬ 26 ਲੱਖ ਰੁਪਏ ਲਗਾ ਕੇ ਦੋ ਮਹੀਨੇ ਪਹਿਲਾਂ ਕੈਨੇਡਾ ਭੇਜਿਆ ਸੀ। ਹੁਣ ਪਰਿਵਾਰ ਕੋਲ ਕੈਨੇਡਾ ਤੋਂ ਮੰਦਭਾਗੀ ਖਬਰ ਆਈ ਹੈ ਕਿ ਉਹਨਾਂ ਦੀ ਧੀ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਲਾਸ਼ ਨੂੰ ਪੰਜਾਬ ਲਿਆਉਣ ਲਈ 35 ਲੱਖ ਰੁਪਏ ਦੇ ਕਰੀਬ ਖਰਚਾ ਆਵੇਗਾ ਪਰ ਉਹਨਾਂ ਕੋਲ ਐਨਾ ਪੈਸਾ ਨਾ ਹੋਣ ਕਾਰਨ ਘਰ ਵਿੱਚ ਪਰਿਵਾਰ ਮਾਯੂਸ ਬੈਠਾ ਹੈ।
ਹਾਰਟ ਅਟੈਕ ਨਾਲ ਹੋਈ ਮੌਤ | Mansa News
ਮਿੱਠੂ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਆਪਣੀ ਧੀ ਬੇਅੰਤ ਕੌਰ (25) ਨੂੰ ਇਸੇ ਸਾਲ 31 ਮਾਰਚ ਨੂੰ ਆਪਣੀ ਇੱਕ ਏਕੜ ਜ਼ਮੀਨ ਵੇਚ ਕੇ 26 ਲੱਖ ਰੁਪਏ ਖਰਚ ਕਰਕੇ ਚਾਵਾਂ ਨਾਲ ਕੈਨੇਡਾ ਭੇਜਿਆ ਸੀ ਤਾਂ ਕਿ ਉਹਨਾਂ ਦੀਆਂ ਦੋ ਧੀਆਂ ਤੇ ਇੱਕ ਪੁੱਤਰ ਦੇ ਨਾਲ ਘਰ ਦੇ ਹਾਲਾਤ ਸੁਧਰ ਸਕਣ। ਉਹਨਾਂ ਭਰੇ ਮਨ ਨਾਲ ਦੱਸਿਆ ਕਿ ਹੁਣ ਉਹਨਾਂ ਕੋਲ ਕੈਨੇਡਾ ਤੋਂ ਫੋਨ ਆਇਆ ਹੈ ਕਿ ਉਹਨਾਂ ਦੀ ਧੀ ਬੇਅੰਤ ਕੌਰ ਦੀ ਉੱਥੇ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ। (Mansa News)
ਲਾਸ਼ ਲਿਆਉਣ ਲਈ 35 ਲੱਖ ਰੁਪਏ ਦੇ ਕਰੀਬ ਖਰਚਾ ਆਵੇਗਾ ਪਰ ਉਹਨਾਂ ਕੋਲ ਐਨਾ ਪੈਸਾ ਨਹੀਂ ਹੈ। ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਹੁਣ ਤੱਕ ਕਈ ਸਿਆਸੀ ਆਗੂਆਂ ਕੋਲ ਪਹੁੰਚ ਕੀਤੀ ਗਈ ਹੈ ਪਰ ਕਿਸੇ ਨੇ ਉਹਨਾਂ ਦੀ ਬਾਂਹ ਨਹੀਂ ਫੜੀ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਅਪੀਲ ਕਰਦਿਆਂ ਕਿਹਾ ਕਿ ਉਹਨਾਂ ਦੀ ਧੀ ਦੀ ਭਾਰਤ ਲਾਸ਼ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਉਹ ਆਪਣੀ ਧੀ ਦਾ ਆਖਰੀ ਵਾਰ ਮੂੰਹ ਦੇਖ ਸਕਣ।
Also Read : Rajasthan Weather Update: ਭਾਰੀ ਮੀਂਹ ਬਣਿਆ ਕਾਲ, ਛੱਤ ਡਿੱਗਣ ਕਾਰਨ 2 ਭਰਾਵਾਂ ਦੀ ਮੌਤ
ਮ੍ਰਿਤਕ ਬੇਅੰਤ ਕੌਰ ਦੀ ਮਾਤਾ ਜਸਵਿੰਦਰ ਕੌਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਜਿਸ ਧੀ ਨੂੰ ਡੋਲੀ ਵਿੱਚ ਚਾਈਂ-ਚਾਈਂ ਬਿਠਾਉਣਾ ਸੀ ਤੇ ਉਸ ਧੀ ਨੇ ਸਾਡੇ ਘਰ ਦੇ ਹਾਲਾਤ ਬਦਲਣ ਦੇ ਸੁਫਨੇ ਦਿਖਾਏ ਸੀ ਪਰ ਅੱਜ ਉਨ੍ਹਾਂ ਦੇ ਸੁਫਨੇ ਚਕਨਾਚੂਰ ਹੋ ਗਏ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਤੁਰੰਤ ਉਹਨਾਂ ਦੀ ਧੀ ਦੀ ਲਾਸ਼ ਨੂੰ ਭਾਰਤ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਉਹ ਆਖਰੀ ਵਾਰ ਆਪਣੀ ਧੀ ਦਾ ਮੂੰਹ ਦੇਖ ਸਕਣ।