ਕਇਆਂ ਲਈ ਰਾਹਤ ਅਤੇ ਕਈਆਂ ਲਈ ਆਫ਼ਤ ਬਣਿਆ ਮਲੋਟ ਇਲਾਕੇ ‘ਚ ਪਿਆ ਮੀਂਹ | Rain in Malout
ਮਲੋਟ (ਮਨੋਜ)। Rain in Malout : ਮਲੋਟ ਇਲਾਕੇ ‘ਚ ‘ਹਾੜ’ ਮਹੀਨੇ ‘ਚ ਪਿਆ ਮੀਂਹ ਕਈਆਂ ਲਈ ਰਾਹਤ ਅਤੇ ਕਈਆਂ ਲਈ ਆਫ਼ਤ ਬਣ ਕੇ ਆਇਆ। ਸ਼ਨੀਵਾਰ ਤੜਕਸਾਰ ਆਏ ਜ਼ੋਰਦਾਰ ਮੀਂਹ ਕਾਰਣ ਜਿੱਥੇ ਮੌਸਮ ਵਧੀਆ ਹੋ ਗਿਆ ਉਥੇ ਮਲੋਟ ਦੇ ਕਈ ਬਜ਼ਾਰ ਅਤੇ ਗਲੀਆਂ ਜਲਥਲ ਹੋ ਗਈਆਂ। ਭਾਰੀ ਮੀਂਹ ਪੈਣ ਕਾਰਨ ਸੜਕਾਂ ਅਤੇ ਗਲੀਆਂ ਵਿੱਚ ਖੜ੍ਹੇ ਪਾਣੀ ਕਾਰਣ ਲੋਕਾਂ ਨੂੰ ਆਣ ਜਾਣ ਵਿੱਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਧਰ ਕੁਝ ਕਿਸਾਨਾਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਪਿਆ ਭਾਰੀ ਮੀਂਹ ਉਨ੍ਹਾਂ ਦੀਆਂ ਫਸਲਾਂ ਨੂੰ ਦੇਸੀ ਘਿਓ ਵਾਂਗ ਲੱਗਿਆ ਹੈ। ਮੀਂਹ ਪੈਣ ਕਰਕੇ ਸ਼ਹਿਰ ਦੇ ਮੰਡੀ ਹਰਜੀ ਰਾਮ, ਪਟੇਲ ਨਗਰ, ਗੁਰੂ ਨਾਨਕ ਨਗਰੀ, ਸੂਰਜਾ ਰਾਮ ਮਾਰਕੀਟ, ਤਹਿਸੀਲ ਰੋਡ, ਕੈਰੋਂ ਰੋਡ, ਸ਼੍ਰੀ ਚੰਦ ਨਗਰ, ਏਕਤਾ ਨਗਰ ਅਤੇ ਹੋਰ ਵੀ ਕਈ ਨੀਵੇਂ ਇਲਾਕਿਆਂ ਵਿੱਚ ਪਾਣੀ ਖੜ੍ਹਾ ਹੋ ਗਿਆ।
ਨਗਰ ਕੌਂਸਲ ਪ੍ਰਧਾਨ ‘ਬਿੱਟੂ’ ਨੇ ਪਾਣੀ ਦੀ ਜਲਦੀ ਨਿਕਾਸੀ ਕਰਵਾਉਣ ਲਈ ਪ੍ਰਬੰਧਾਂ ਦਾ ਲਿਆ ਜਾਇਆ | Rain in Malout
ਪਿੰਡ ਜੰਡਵਾਲਾ ਚੜ੍ਹਤ ਸਿੰਘ ਦੇ ਕਿਸਾਨ ਗੁਰਲਾਲ ਸਿੰਘ ਅਤੇ ਸ਼ਿਵਰਾਜ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਪ੍ਰਮਾਤਮਾ ਅੱਗੇ ਮੀਂਹ ਪੈਣ ਦੀ ਅਰਦਾਸ ਕਰ ਰਹੇ ਸਨ ਅਤੇ ਅੱਜ ਸਵੇਰੇ ਪ੍ਰਮਾਤਮਾ ਨੇ ਉਨ੍ਹਾਂ ਦੀ ਅਰਦਾਸ ਮਨਜੂਰ ਕੀਤੀ ਅਤੇ ਜੋਰਦਾਰ ਮੀਂਹ ਪੈ ਗਿਆ। ਉਨ੍ਹਾਂ ਦੱਸਿਆ ਕਿ ਮੀਂਹ ਪੈਣ ਨਾਲ ਉਨ੍ਹਾਂ ਦੀ ਝੋਨੇ ਦੀ ਫਸਲ ਨੂੰ ਬਹੁਤ ਫਾਇਦਾ ਹੋਵੇਗਾ ਅਤੇ ਬਾਸਮਤੀ ਦੀ ਫਸਲ ਬੀਜ ਰਹੇ ਸਨ, ਨੂੰ ਵੀ ਫਾਇਦਾ ਮਿਲੇਗਾ। ਉਨ੍ਹਾਂ ਦੱਸਿਆ ਕਿ ਅੱਜ ਪਿਆ ਮੀਂਹ ਉਨ੍ਹਾਂ ਦੀਆਂ ਫਸਲਾਂ ‘ਤੇ ਦੇਸੀ ਘਿਓ ਵਾਂਗ ਕੰਮ ਕਰੇਗਾ।
ਪਾਣੀ ਦੀ ਜਲਦੀ ਨਿਕਾਸੀ ਕਰਵਾਉਣ ਲਈ ਪ੍ਰਬੰਧਾਂ ਦਾ ਲਿਆ ਜਾਇਆ
ਅਚਾਨਕ ਭਾਰੀ ਮੀਂਹ ਪੈਣ ਸਹਿਰ ਵਿੱਚ ਵੱਖ-ਵੱਖ ਵਾਰਡਾਂ ਵਿੱਚ ਪਾਣੀ ਜਮ੍ਹਾਂ ਹੋ ਗਿਆ ਸੀ, ਜਿਸ ਦੀ ਨਿਕਾਸੀ ਲਈ ਨਗਰ ਕੌਂਸਲ ਦੀ ਟੀਮ ਅਤੇ ਸੀਵਰੇਜ ਬੋਰਡ ਦੀ ਟੀਮ ਵੱਲੋਂ ਸ਼ਹਿਰ ਵਿੱਚ ਕਾਫੀ ਹੱਦ ਤੱਕ ਪੁਖਤਾ ਪ੍ਰਬੰਧ ਕਰਨ ਕਰਕੇ ਪਾਣੀ ਦੀ ਨਿਕਾਸੀ ਕਰਵਾਈ ਜਾ ਰਹੀ ਹੈ। ਨਗਰ ਕੌਂਸਲ ਪ੍ਰਧਾਨ ਸ਼ੁੱਭਦੀਪ ਸਿੰਘ ਬਿੱਟੂ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਨਗਰ, ਬਾਬਾ ਪ੍ਰੇਮ ਦਾਸ ਦੇ ਡੇਰੇ ਕੋਲ, ਚਾਰ ਖੰਭਾ ਚੌਂਕ ਅਤੇ ਸਿਵਲ ਹਸਪਤਾਲ ਰੋਡ, ਬਿਰਲਾ ਰੋਡ ਆਦਿ ਵੱਖ-ਵੱਖ ਏਰੀਏ ਵਿੱਚ ਮੁਆਇਨਾ ਕੀਤਾ ਅਤੇ ਟੀਮ ਦੇ ਕੰਮ ਤੇ ਤਸੱਲੀ ਪ੍ਰਗਟਾਈ ਅਤੇ ਮੁਲਾਜ਼ਮਾਂ ਦੀ ਹੌਸਲਾ ਅਫਜਾਈ ਕੀਤੀ। ਹੁਣ ਮੇਨ ਬਾਜਾਰ, ਗੁੜ ਬਾਜ਼ਾਰ, ਬਿਰਲਾ ਰੋਡ, ਇੰਦਰਾ ਰੋਡ, ਸ੍ਰੀ ਗੁਰੂ ਰਵਿਦਾਸ ਨਗਰ ਵਿੱਚ ਪਾਣੀ ਉਤਰ ਰਿਹਾ ਹੈ ਅਤੇ ਚਾਰ ਖੰਬਾ ਚੌਂਕ ‘ਚ ਵੀ ਜਲਦੀ ਹੀ ਪਾਣੀ ਜਲਦੀ ਉਤਰ ਜਾਵੇਗਾ।