Pollution : ਕੌਮੀ ਹਰਿਆਵਲ ਨਿਗਰਾਨ (ਐਨਜੀਟੀ) ਨੇ ਦਿੱਲੀ ’ਚ ਪ੍ਰਦੂਸ਼ਣ ਲਈ ਪੰਜਾਬ ਨੂੰ ਕਲੀਨ ਚਿੱਟ ਦਿੱਤੀ ਹੈ। ਐਨਜੀਟੀ ਦੇ ਮੈਂਬਰ ਜਸਟਿਸ ਸੁਧੀਰ ਅਗਰਵਾਲ ਦਾ ਕਹਿਣਾ ਹੈ ਕਿ ਹਵਾ ਦਾ ਰੁਖ ਪੰਜਾਬ ਤੋਂ ਦਿੱਲੀ ਵੱਲ ਬਹੁਤ ਘੱਟ ਹੁੰਦਾ ਹੈ। ਇਸ ਕਾਰਨ ਪੰਜਾਬ ਨੂੰ ਦੋਸ਼ ਦੇਣਾ ਸਹੀ ਨਹੀਂ, ਹਾਲਾਂਕਿ ਉਨ੍ਹਾਂ ਨੇ ਇਸ ਬਾਰੇ ਹੋਰ ਖੋਜ ਕਰਨ ਦੀ ਗੱਲ ਕਹੀ ਹੈ। ਇਹ ਘਟਨਾ ਚੱਕਰ ਜਿੱਥੇ ਸੱਚ ਨੂੰ ਜਾਣਨ ਲਈ ਨਸੀਹਤ ਦੇਂਦਾ ਹੈ, ਉੱਥੇ ਖੋਜ ਦੇ ਮੌਜੂਦਾ ਪੱਧਰ ’ਤੇ ਵੀ ਚਿੰਤਾ ਪ੍ਰਗਟ ਕਰਦਾ ਹੈ।
ਬਿਨਾਂ ਡੂੰਘੀ ਛਾਣਬੀਣ ਤੇ ਅੰਤਰਰਾਸ਼ਟਰੀ ਮਾਪਦੰਡ ਆਪਣਾਏ ਬਗੈਰ ਕਿਸੇ ਸੂਬੇ ’ਤੇ ਦੋਸ਼ ਲਾਈ ਜਾਣਾ ਬੇਹੱਦ ਨਿਰਾਸ਼ਾਜਨਕ ਤੇ ਚਿੰਤਾ ਵਾਲੀ ਗੱਲ ਹੈ। ਸਵਾਲ ਇਹ ਵੀ ਉੱਠਦਾ ਹੈ ਕਿ ਖੋਜ ਦਾ ਪੱਧਰ ਸਹੀ ਦਿਸ਼ਾ ਵੱਲ ਕਦੋਂ ਜਾਵੇਗਾ। ਪ੍ਰਦੂਸ਼ਣ ਬਹੁਤ ਗੰਭੀਰ ਸਮੱਸਿਆ ਹੈ ਪਰ ਪਿਛਲੇ 20 ਸਾਲਾਂ ’ਚ ਇਸ ਸਿੱਟੇ ’ਤੇ ਨਹੀਂ ਅੱਪੜਿਆ ਜਾ ਸਕਿਆ ਕਿ ਆਖ਼ਰ ਦਿੱਲੀ ਦੇ ਪ੍ਰਦੂਸ਼ਣ ਲਈ ਦੋਸ਼ੀ ਹੈ ਕੌਣ? ਉਂਜ ਇਹ ਤੱਥ ਹਨ ਕਿ ਪਰਾਲੀ ਦਾ ਧੂੰਆਂ ਆਪਣੇ-ਆਪ ’ਚ ਬਹੁਤ ਵੱਡੀ ਸਮੱਸਿਆ ਹੈ। ਇਹ ਸਬੰਧਿਤ ਰਾਜਾਂ ਦੀ ਵਨਸਪਤੀ, ਜੰਗਲੀ ਜੀਵ-ਜੰਤੂਆਂ ਤੇ ਜ਼ਮੀਨ ਲਈ ਵੀ ਵੱਡਾ ਖ਼ਤਰਾ ਹੈ। (Pollution)
Also Read : ਪਾਰਕ ’ਚੋਂ ਭੇਦਭਰੇ ਹਾਲਾਤਾਂ ’ਚ ਮਿਲੀ ਪ੍ਰਵਾਸੀ ਮਜ਼ਦੂਰ ਦੀ ਲਾਸ਼
ਪਰਾਲੀ ਨੂੰ ਅੱਗ ਲਾਉਣ ਦਾ ਹੱਲ ਲੱਭਣਾ ਜ਼ਰੂਰੀ ਹੈ ਪਰ ਕਿਸੇ ਮਸਲੇ ਦੀ ਗਲਤ ਵਿਆਖਿਆ ਕਰਕੇ ਅਸਲੀ ਕਾਰਨ ਲੱਭਣ ਦੇ ਯਤਨਾਂ ਨੂੰ ਕਮਜ਼ੋਰ ਕਰਨਾ ਹੈ ਤੇ ਦੋ ਰਾਜਾਂ ਵਿਚਾਲੇ ਸਿਆਸੀ ਟਕਰਾਅ ਵਾਲਾ ਮਾਹੌਲ ਬਣਾਉਣ, ਸਮਾਜ ਤੇ ਦੇਸ਼ ਨਾਲ ਧੋਖਾ ਹੈ। ਕਿਸੇ ਵੀ ਮਸਲੇ ਦਾ ਹੱਲ ਸੱਚਾਈ, ਇਮਾਨਦਾਰੀ ਤੇ ਸਦਭਾਵਨਾ ਨਾਲ ਕੱਢਣ ਲਈ ਅਤੇ ਗਲਤ ਬਿਰਤਾਂਤ ਦੇ ਫੈਲਾਅ ਨੂੰ ਰੋਕਣ ਲਈ ਸਹੀ, ਤੱਥਪੂਰਨ ਤੇ ਵਿਗਿਆਨਕ ਖੋਜ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।