ਮ੍ਰਿਤਕ ਦੇ ਭਰਾ ਨੇ ਨਸ਼ਾ ਦੇ ਕੇ ਮੌਤ ਦੇ ਘਾਟ ਉਤਾਰਨ ਦੀ ਜਤਾਈ ਸ਼ੰਕਾ | Ludhiana News
(ਜਸਵੀਰ ਸਿੰਘ ਗਹਿਲ) ਲੁਧਿਆਣਾ। ਲੁਧਿਆਣਾ ਦੇ ਮੋਤੀ ਨਗਰ ਇਲਾਕੇ ਦੇ ਇੱਕ ਪਾਰਕ ਵਿੱਚੋਂ ਇੱਕ ਪ੍ਰਵਾਸੀ ਮਜ਼ਦੂਰ ਦੀ ਭੇਦਭਰੇ ਹਾਲਾਤਾਂ ਵਿੱਚ ਲਾਸ਼ ਮਿਲੀ। ਮ੍ਰਿਤਕ ਦੀ ਪਹਿਚਾਣ ਜੋਗਿੰਦਰ ਕੁਮਾਰ (30) ਵਾਸੀ ਬਿਹਾਰ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਕੁਦਰਤੀ ਮੌਤ ਨਹੀਂ ਸਗੋਂ ਜੋਗਿੰਦਰ ਸਿੰਘ ਨੂੰ ਨਸ਼ਾ ਦੇ ਕੇ ਮਾਰਿਆ ਗਿਆ ਹੈ। Ludhiana News
ਮ੍ਰਿਤਕ ਦੇ ਭਰਾ ਉਪਿੰਦਰ ਕੁਮਾਰ ਨੇ ਦੱਸਿਆ ਕਿ ਉਹ ਤੇ ਉਸਦਾ ਭਰਾ ਸ਼ੇਰਪੁਰ ਖੁਰਦ ਰਹਿੰਦੇ ਹਨ। ਜੋਗਿੰਦਰ ਬੁੱਧਵਾਰ ਸਵੇਰੇ 9 ਵਜੇ ਘਰ ਤੋਂ ਕੰਮ ’ਤੇ ਗਿਆ ਸੀ ਅਤੇ ਰਾਤ ਨੂੰ ਵੀ ਘਰ ਵਾਪਸ ਨਹੀਂ ਪਰਤਿਆ। ਅੱਜ ਸਵੇਰੇ ਵਾਟਸਐਪ ਗਰੁੱਪ ’ਚ ਉਨ੍ਹਾਂ ਦੇ ਦੋਸਤ ਨੇ ਉਸਨੂੰ ਜੋਗਿੰਦਰ ਦੀ ਫੋਟੋ ਸ਼ੇਅਰ ਕੀਤੀ ਅਤੇ ਦੱਸਿਆ ਕਿ ਇਸ ਦੀ ਲਾਸ਼ ਮੋਤੀ ਨਗਰ ਇਲਾਕੇ ਦੀ ਜੈਨ ਕਲੋਨੀ ਦੇ ਇੱਕ ਪਾਰਕ ਵਿੱਚ ਪਈ ਹੈ।
ਇਹ ਵੀ ਪੜ੍ਹੋ: ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤਾ ਵੱਡੀ ਨਦੀ ਦਾ ਦੌਰਾ
ਇਹ ਸੂਚਨਾ ਮਿਲਦਿਆਂ ਹੀ ਉਨ੍ਹਾਂ ਤੁਰੰਤ ਪੁਲਿਸ ਨੂੰ ਸੂਚਿਤ ਕਰਦਿਆਂ ਜਦੋਂ ਮੌਕੇ ’ਤੇ ਪਹੁੰਚ ਕੇ ਦੇਖਿਆ ਤਾਂ ਜੋਗਿੰਦਰ ਮ੍ਰਿਤਕ ਹਾਲਤ ਵਿੱਚ ਪਿਆ ਸੀ। ਉਪਿੰਦਰ ਕੁਮਾਰ ਨੇ ਸ਼ੱਕ ਜਤਾਇਆ ਕਿ ਜੋਗਿੰਦਰ ਕੁਮਾਰ ਨੂੰ ਅਗਿਆਤ ਲੋਕਾਂ ਨੇ ਨਸ਼ਾ ਦੇ ਕੇ ਮਾਰਿਆ ਹੈ। ਕਿਉਂਕਿ ਪਹਿਲਾਂ ਵੀ ਕੁੱਝ ਅਗਿਆਤ ਲੋਕਾਂ ਨੇ ਉਸਦੇ ਭਰਾ ਨੂੰ ਖੁਆਈ ਕੋਈ ਨਸ਼ੀਲੀ ਚੀਜ਼ ਕਾਰਨ ਉਹ ਬੇਸ਼ੁੱਧ ਹੋ ਗਿਆ ਸੀ। ਇਸ ਕਰਕੇ ਉਨ੍ਹਾਂ ਵੱਲੋਂ ਜੋਗਿੰਦਰ ਨੂੰ ਗੁਰੂ ਤੇਗ ਨਸ਼ਾ ਮੁਕਤੀ ਕੇਂਦਰ ’ਚ ਭਰਤੀ ਕਰਵਾਇਆ ਸੀ। ਜਿੱਥੋਂ ਉਹ ਇੱਕ ਹਫ਼ਤਾ ਪਹਿਲਾਂ ਹੀ ਉਹ ਘਰ ਆਇਆ ਸੀ ਤੇ ਲਗਾਤਾਰ ਕੰਮ ’ਤੇ ਜਾ ਰਿਹਾ ਸੀ।
ਮੌਕੇ ’ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤਾ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਮਹਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਕੇਸ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।