ਗਰਮੀ ਨੇ ਪਾਵਰਕੌਮ ਅਧਿਕਾਰੀਆਂ ਨੂੰ ਲਿਆਂਦੀਆਂ ਤਰੇਲੀਆਂ, ਬਿਜਲੀ ਦੀ ਮੰਗ 15,775 ਮੈਗਾਵਾਟ ’ਤੇ ਪੁੱਜੀ

PSPCL

ਅੰਬਰੋਂ ਪੈ ਰਹੀ ਅੱਗ ਅਤੇ ਝੋਨੇ ਦੇ ਸ਼ੁਰੂ ਹੋਏ ਸੀਜ਼ਨ ਨੇ ਪਾਵਰਕੌਮ ਨੂੰ ਪਾਈ ਭਾਜੜ | PSPCL

ਪਟਿਆਲਾ (ਖੁਸ਼ਵੀਰ ਸਿੰਘ ਤੂਰ)। PSPCL : ਸੂਬੇ ਅੰਦਰ ਬਿਜਲੀ ਦੀ ਮੰਗ 15775 ਮੈਗਾਵਾਟ ’ਤੇ ਪੁੱਜ ਗਈ ਹੈ ਅਤੇ ਇਹ ਮੰਗ ਪਿਛਲੇ ਸਾਲਾਂ ਦੀ ਹੁਣ ਤੱਕ ਹੀ ਸਭ ਤੋਂ ਉੱਚੀ ਮੰਗ ਹੈ। ਪਿਛਲੇ ਸਾਲ ਸਭ ਤੋਂ ਉੱਚੀ ਮੰਗ 15325 ਮੈਗਾਵਾਟ ਸੀ ਪਾਵਰਕੌਮ ਦੇ ਰੋਪੜ ਥਰਮਲ ਪਲਾਂਟ ਦਾ ਇੱਕ ਯੂਨਿਟ ਅੱਜ ਸਵੇਰੇ ਤਕਨੀਕੀ ਖਰਾਬੀ ਕਾਰਨ ਬੰਦ ਹੋ ਗਿਆ। ਪਾਵਰਕੌਮ ਦੇ 15 ਯੂਨਿਟਾਂ ਵਿੱਚੋਂ 13 ਯੂਨਿਟ ਬਿਜਲੀ ਉਤਪਾਦਨ ਕਰ ਰਹੇ ਹਨ

ਜਾਣਕਾਰੀ ਅਨੁਸਾਰ ਸੂਬੇ ਅੰਦਰ ਬਿਜਲੀ ਦੀ ਮੰਗ ਲਗਾਤਾਰ ਉਚਾਈਆਂ ਛੂਹ ਰਹੀ ਹੈ ਅਤੇ ਬਿਜਲੀ ਦੀ ਵਧ ਰਹੀ ਮੰਗ ਨੇ ਪਾਵਰਕੌਮ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪਾਈ ਹੋਈ ਹੈ। ਪਾਵਰਕੌਮ ਦੀ ਰਿਪੋਰਟ ਮੁਤਾਬਿਕ ਅੱਜ ਬਿਜਲੀ ਦੀ ਮੰਗ 15775 ਮੈਗਾਵਾਟ ’ਤੇ ਪੁੱਜ ਗਈ ਹੈ, ਜੋ ਕਿ ਹੁਣ ਤੱਕ ਸਭ ਤੋਂ ਉੱਚੀ ਮੰਗ ਹੈ। ਪੰਜਾਬ ਅੰਦਰ ਭਾਵੇਂ ਕਿ ਅਜੇ ਬਹੁਤੇ ਕਿਸਾਨਾਂ ਵੱਲੋਂ ਝੋਨੇ ਦੀ ਲਵਾਈ ਸ਼ੁਰੂ ਨਹੀਂ ਕੀਤੀ ਗਈ, ਕਿਉਂਕਿ ਅਜੇ ਪਨੀਰੀ ਛੋਟੀ ਹੈ। (PSPCL)

15 ਯੁੂਨਿਟਾਂ ਵਿੱਚੋਂ 13 ਯੂਨਿਟ ਚਾਲੂ | PSPCL

ਅਗਲੇ ਦਿਨਾਂ ਤੱਕ ਜਦੋਂ ਪੰਜਾਬ ਦੇ ਸਾਰੇ ਟਿਊਬਵੈੱਲਾਂ ਚੱਲ ਪਏ ਤਾਂ ਬਿਜਲੀ ਦੀ ਮੰਗ 16 ਹਜ਼ਾਰ ਮੈਗਾਵਾਟ ਨੂੰ ਪਾਰ ਕਰ ਜਾਵੇਗੀ। ਇਸ ਵਾਰ ਪੰਜਾਬ ਅੰਦਰ ਪਿਛਲੇ ਸਾਲਾਂ ਦੇ ਮੁਕਾਬਲੇ ਬਿਜਲੀ ਦੀ ਖਪਤ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਮਈ ਮਹੀਨੇ ਵਿੱਚ ਹੀ ਬਿਜਲੀ ਦੀ ਮੰਗ 14 ਹਜ਼ਾਰ ਮੈਗਾਵਾਟ ਨੂੰ ਪਾਰ ਕਰ ਗਈ ਸੀ। ਜੇਕਰ ਪਾਵਰਕੌਮ ਦੀ ਬਿਜਲੀ ਉਪਲੱਬਤਾ ਦੇਖੀ ਜਾਵੇ ਤਾ ਪਾਵਰਕੌਮ ਦੇ ਸਰਕਾਰੀ ਥਰਮਲਾਂ ਦੇ 10 ਯੂਨਿਟਾਂ ਵਿੱਚੋਂ 8 ਯੂਨਿਟ ਕਾਰਜ਼ਸੀਲ ਹਨ। ਪਾਵਰਕੌਮ ਦੇ ਰੋਪੜ ਥਰਮਲ ਪਲਾਂਟ ਦਾ 6 ਨੰਬਰ ਯੂਨਿਟ ਅੱਜ ਬੁਆਇਲ ਲੀਕੇਜ਼ ਹੋਣ ਕਾਰਨ ਬੰਦ ਹੋ ਗਿਆ, ਜਦੋਂ ਕਿ ਤਿੰਨ ਚੱਲ ਰਹੇ ਹਨ। ਬੰਦ ਹੋਏ ਇਸ ਯੂਨਿਟ ਨੂੰ ਭਖਾਉਣ ਲਈ ਅਜੇ ਦੋ ਦਿਨ ਲੱਗ ਸਕਦੇ ਹਨ। ਇਸ ਥਰਮਲ ਪਲਾਂਟ ਤੋਂ ਪਾਵਰਕੌਮ ਨੂੰ 486 ਮੈਗਾਵਾਟ ਬਿਜਲੀ ਹਾਸਲ ਹੋ ਰਹੀ ਹੈ।

ਰੋਪੜ ਥਰਮਲ ਪਲਾਂਟ ਦਾ ਇੱਕ ਯੂਨਿਟ ਤਕਨੀਕੀ ਖਰਾਬੀ ਕਾਰਨ ਹੋਇਆ ਬੰਦ

ਇਸੇ ਤਰ੍ਹਾਂ ਹੀ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਵੀ ਤਿੰਨ ਯੂਨਿਟ ਚੱਲ ਰਹੇ ਹਨ, ਇੱਥੋਂ 642 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਇਸ ਥਰਮਲ ਦਾ ਇੱਕ ਯੂਨਿਟ ਸਾਲ 2022 ਤੋਂ ਤਕਨੀਕੀ ਖ਼ਰਾਬੀ ਕਰਕੇ ਬੰਦ ਪਿਆ ਹੈ। ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਦੋਂਵੇਂ ਯੂਨਿਟ 480 ਮੈਗਾਵਾਟ ਬਿਜਲੀ ਉਤਪਾਦਨ ਕਰ ਰਹੇ ਹਨ। ਸਰਕਾਰੀ ਥਰਮਲ ਪਲਾਂਟਾਂ ਤੋਂ 1605 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ।

Also Read : PHD: ਪੀਐੱਚਡੀ ਨਾਲ ਜੁੜੇ ਬਲਦਾਅ ਕਿੰਨੇ ਕੁ ਸਾਰਥਿਕ ਹੋਣਗੇ

ਇੱਧਰ ਪ੍ਰਾਈਵੇਟ ਥਮਰਲ ਰਾਜਪੁਰਾ ਦੇ ਦੋਵੇਂ ਯੂਨਿਟਾਂ ਤੋਂ 1318 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ, ਜਦੋਂ ਕਿ ਤਲਵੰਡੀ ਸਾਬੋ ਥਰਮਲ ਪਲਾਟ ਦੇ 3 ਯੂਨਿਟਾਂ ਤੋਂ ਸਭ ਤੋਂ ਵੱਧ 1807 ਮੈਗਾਵਾਟ ਬਿਜਲੀ ਪਾਵਰਕੌਮ ਨੂੰ ਆ ਰਹੀ ਹੈ। ਦੋਵੇਂ ਪ੍ਰਾਈਵੇਟ ਥਰਮਲਾਂ ਤੋਂ 3125 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ। ਪਣ ਪ੍ਰੋਜੈਕਟਾਂ ਤੋਂ ਪਾਵਰਕੌਮ ਨੂੰ 523 ਮੈਗਾਵਾਟ ਬਿਜਲੀ ਹਾਸਲ ਹੋ ਰਹੀ ਹੈ। ਪਾਵਰਕੌਮ ਵੱਲੋਂ ਪਾਵਰ ਐਕਸਚੇਜ਼ ਚੋਂ ਵੀ ਕਰੋੜਾਂ ਰੁਪਏ ਦੀ ਬਿਜਲੀ ਖਰੀਦੀ ਜਾ ਰਹੀ ਹੈ। ਪਾਵਰਕੌਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਵਧੀ ਬਿਜਲੀ ਦੀ ਮੰਗ ਨੂੰ ਬਿਨਾਂ ਕੱਟਾਂ ਤੋਂ ਪੂਰਾ ਕੀਤਾ ਜਾ ਰਿਹਾ ਹੈ।

ਕੱਟਾਂ ਦਾ ਲੈਣਾ ਪੈ ਰਿਹਾ ਸਹਾਰਾ

ਪਾਵਰਕੌਮ ਵੱਲੋਂ ਬਿਜਲੀ ਦੀ ਵਧ ਰਹੀ ਮੰਗ ਨਾਲ ਨਜਿੱਠਣ ਲਈ ਕੱਟਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਜਦੋਂਕਿ ਪਾਵਰਕੌਮ ਦੀ ਰਿਪੋਰਟ ਮੁਤਾਬਿਕ ਕਿਸੇ ਪ੍ਰਕਾਰ ਦੇ ਕੱਟ ਨਹੀਂ ਲਾਏ ਜਾ ਰਹੇ। ਟਰਾਂਸਫਾਰਮਰਾਂ ’ਤੇ ਲੋਡ ਵਧਣ ਕਾਰਨ ਉਹ ਟਿੱ੍ਰਪ ਕਰ ਰਹੇ ਹਨ, ਜਿਸ ਕਾਰਨ ਬਿਜਲੀ ਦੀਆਂ ਸ਼ਿਕਾਇਤਾਂ ਵਿੱਚ ਵੱਡਾ ਵਾਧਾ ਹੋ ਰਿਹਾ ਹੈ। ਅੱਜ ਪਟਿਆਲਾ ਵਿਖੇ ਵੀ ਕੁਝ ਸਮੇਂ ਲਈ ਕੱਟ ਲੱਗਿਆ। ਦਿਹਾਤੀ ਖੇਤਰਾਂ ਵਿੱਚ 3 ਘੰਟਿਆਂ ਤੋਂ ਵੱਧ ਦੇ ਕੱਟ ਲਾਏ ਜਾ ਰਹੇ ਹਨ। ਜੇਕਰ ਅਗਲੇ ਦਿਨਾਂ ਵਿੱਚ ਮੀਂਹ ਨਾ ਪਿਆ ਤਾਂ ਪਾਵਰਕੌਮ ਲਈ ਵੱਡੀ ਮੁਸ਼ਕਲ ਖੜ੍ਹੀ ਹੋ ਸਕਦੀ ਹੈ।