ਵੋਟਾਂ ਦੀ ਗਿਣਤੀ ਪੂਰੀ ਪਾਰਦਰਸ਼ਤਾ ਤੇ ਨਿਰਵਿਘਨ ਢੰਗ ਨਾਲ ਹੋਵੇਗੀ-ਸ਼ੌਕਤ ਅਹਿਮਦ ਪਰੇ
- ਉਮੀਦਵਾਰ ਤੇ ਸਿਆਸੀ ਪਾਰਟੀਆਂ ਚੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਕਰਨ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਲੋਕ ਸਭਾ ਚੋਣਾਂ ਲਈ 1 ਜੂਨ ਨੂੰ ਪਈਆਂ ਵੋਟਾਂ ਦੀ ਗਿਣਤੀ 4 ਜੂਨ ਨੂੰ ਪੂਰੀ ਪਾਰਦਰਸ਼ਤਾ ਤੇ ਨਿਰਵਿਘਨ ਢੰਗ ਨਾਲ ਕਰਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਹਨ। ਅੱਜ ਇੱਥੇ ਥਾਪਰ ਯੂਨੀਵਰਸਿਟੀ ਵਿਖੇ ਸਟਰੌਂਗ ਰੂਮ ਤੇ ਗਿਣਤੀ ਕੇਂਦਰ ਦਾ ਦੌਰਾ ਕਰਕੇ ਤਿਆਰੀਆਂ ਨੂੰ ਦਿੱਤੀਆਂ ਜਾ ਰਹੀਆਂ ਅੰਤਿਮ ਛੋਹਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਪੁੁੱਜੇੇ। Election Results 2024
ਇਸ ਮੌਕੇ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਸਬੰਧਤ ਹਲਕਿਆਂ ਦੇ ਰਿਟਰਨਿੰਗ ਅਧਿਕਾਰੀਆਂ ਵੱਲੋਂ ਵੋਟਾਂ ਦੀ ਗਿਣਤੀ ਭਾਰਤ ਚੋਣ ਕਮਿਸ਼ਨ ਵੱਲੋਂ ਤਾਇਨਾਤ ਆਬਜ਼ਰਵਰਾਂ, ਮਾਈਕਰੋ ਆਬਜ਼ਰਵਰਾਂ, ਉਮੀਦਵਾਰਾਂ ਅਤੇ ਉਨ੍ਹਾਂ ਦੇ ਏਜੰਟਾਂ ਦੀ ਨਜ਼ਰ ਹੇਠ ਪੂਰੇ ਸੁਤੰਤਰ ਢੰਗ ਨਾਲ ਸਵੇਰੇ 8 ਵਜੇ ਸ਼ੁਰੂ ਕਰਵਾਈ ਜਾਵੇਗੀ। ਜਿਸ ਲਈ ਗਿਣਤੀ ਅਮਲਾ ਤੇ ਹੋਰ ਸਬੰਧਤ ਗਿਣਤੀ ਕੇਂਦਰਾਂ ਵਿਖੇ ਸਵੇਰੇ 6.30 ਵਜੇ ਪੁੱਜ ਜਾਣਗੇ।
ਨਤੀਜੇ ਚੋਣ ਕਮਿਸ਼ਨ ਦੀ ਵੈਬਸਾਈਟ ਉੱਪਰ ਵੀ ਉਪਲੱਬਧ ਹੋਣਗੇ
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਹਰ ਇੱਕ ਵੋਟਰ ਦੀ ਵੋਟ ਪੁਆਉਣ ਲਈ ਕੀਤੇ ਵਿਸ਼ੇਸ਼ ਪੁਖ਼ਤਾ ਪ੍ਰਬੰਧਾਂ ਦੇ ਚੱਲਦਿਆਂ 85 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਤੇ ਦਿਵਿਆਂਗਜਨਾਂ ਸਮੇਤ ਦੂਰ-ਦੁਰਾਡੇ ਡਿਊਟੀ ਕਰਦੇ ਮੁਲਾਜ਼ਮਾਂ ਦੀਆਂ ਵੋਟਾਂ ਲਾਜ਼ਮੀ ਪੁਆਉਣ ਲਈ ਉਨ੍ਹਾਂ ਨੂੰ ਪੋਸਟਲ ਬੈਲੇਟ ਪੇਪਰਜ਼ ਅਤੇ ਈ.ਟੀ.ਬੀ.ਪੀਜ਼ ਮੁਹੱਈਆ ਕਰਵਾਏ ਗਏ ਸਨ। ਉਨ੍ਹਾਂ ਦੱਸਿਆ ਕਿ 2500 ਪੋਸਟਲ ਬੈਲੇਟ ਤੇ ਈ.ਟੀ.ਬੀ.ਪੀਜ਼ ਪ੍ਰਾਪਤ ਹੋ ਚੁੱਕੇ ਹਨ, ਇਨ੍ਹਾਂ ਦੀ ਗਿਣਤੀ ਵੱਖਰੇ ਤੌਰ ’ਤੇ ਕਰਵਾਈ ਜਾਵੇਗੀ, ਜਿਸ ਲਈ ਪੋਸਟਲ ਬੈਲੇਟ ਪੇਪਰਾਂ ਅਤੇ ਈ.ਟੀ.ਬੀ.ਪੀਜ਼ ਦੀ ਗਿਣਤੀ ਲਈ ਅਲੱਗ-ਅਲੱਗ ਮੇਜ਼ ਲਗਾਏ ਗਏ ਹਨ। ਵੋਟਾਂ ਦੀ ਗਿਣਤੀ ਦੇ ਹਰ ਰਾਊਂਡ ਦੇ ਨਤੀਜੇ ਮੁਹੱਈਆ ਕਰਵਾਏ ਜਾਣਗੇ ਅਤੇ ਇਹ ਨਤੀਜੇ ਚੋਣ ਕਮਿਸ਼ਨ ਦੀ ਵੈਬਸਾਈਟ ਉੱਪਰ ਵੀ ਉਪਲੱਬਧ ਹੋਣਗੇ।
ਨਾਭਾ ਹਲਕੇ ਦੀਆਂ ਈ.ਵੀ.ਐਮਜ ਸਰਕਾਰੀ ਆਈ.ਟੀ.ਆਈ. ਲੜਕੇ ਪਟਿਆਲਾ ਦੇ ਇਮਤਿਹਾਨ ਹਾਲ ’ਚ ਏ.ਆਰ.ਓ. ਤਰਸੇਮ ਚੰਦ ਦੀ ਦੇਖ ਰੇਖ ਹੇਠ ਹੋਵੇਗੀ। ਪਟਿਆਲਾ ਦਿਹਾਤੀ ਦੀਆਂ ਵੋਟਾਂ ਦੀ ਗਿਣਤੀ ਏ.ਡੀ.ਸੀ. ਸ਼ਹਿਰੀ ਵਿਕਾਸ ਨਵਰੀਤ ਕੌਰ ਸੇਖੋਂ ਦੀ ਅਗਵਾਈ ਹੇਠ ਅਤੇ ਪਟਿਆਲਾ ਸ਼ਹਿਰੀ ਹਲਕੇ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਮਹਿੰਦਰਾ ਕਾਲਜ ਵਿਖੇ ਏ.ਆਰ.ਓ. ਅਰਵਿੰਦ ਕੁਮਾਰ ਦੀ ਨਿਗਰਾਨੀ ਹੇਠ ਹੋਵੇਗੀ। Election Results 2024
ਇਹ ਵੀ ਪੜ੍ਹੋ Sheetal Angural: ਵਿਧਾਇਕ ਨਹੀਂ ਰਹੇ ਸ਼ੀਤਲ ਅੰਗੂਰਾਲ
ਹਲਕਾ ਸਨੌਰ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਬਹੁ ਤਕਨੀਕੀ ਕਾਲਜ ਲੜਕੀਆਂ ਐਸ.ਐਸ.ਟੀ. ਨਗਰ ਵਿਖੇ ਏ.ਆਰ.ਓ. ਬਬਨਦੀਪ ਸਿੰਘ ਵਾਲੀਆ ਦੀ ਨਿਗਰਾਨੀ ਹੇਠ ਹੋਵੇਗੀ। ਰਾਜਪੁਰਾ, ਡੇਰਾਬਸੀ ਤੇ ਘਨੌਰ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਕੇਂਦਰ ਪੰਜਾਬੀ ਯੂਨੀਵਰਸਿਟੀ ਵਿਖੇ ਬਣਾਏ ਗਏ ਹਨ। ਸਮਾਣਾ ਅਤੇ ਸ਼ੁਤਰਾਣਾ ਹਲਕੇ ਦੀਆਂ ਵੋਟਾਂ ਦੀ ਗਿਣਤੀ ਪੋਲੋ ਗਰਾਊਂਡ ਦੇ ਸਪੋਰਟਸ ਕੰਪਲੈਕਸ ਵਿਖੇ ਜਿਮਨੇਜ਼ੀਅਮ ਹਾਲ ’ਚ ਐਸ.ਡੀ.ਐਮ. ਰਿਚਾ ਗੋਇਲ ਤੇ ਰਵਿੰਦਰ ਸਿੰਘ ਦੀ ਨਿਗਰਾਨੀ ਹੇਠ ਹੋਵੇਗੀ।
ਗਿਣਤੀ ਕੇਂਦਰਾਂ ਦੁਆਲੇ ਸਖ਼ਤ ਸਰੁੱਖਿਆ ਪ੍ਰਬੰਧ / Election Results 2024
ਇਸੇ ਦੌਰਾਨ ਐਸ.ਐਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਗਿਣਤੀ ਕੇਂਦਰਾਂ ਦੁਆਲੇ ਤਿੰਨ ਪਰਤੀ ਨਾਕਾਬੰਦੀ ਦੇ ਸਖ਼ਤ ਸੁਰੱਖਿਆ ਪ੍ਰਬੰਧ ਹਨ ਜਿਸ ਤਹਿਤ ਬਾਹਰ ਕੇਂਦਰੀ ਸੁਰੱਖਿਆ ਬਲ, ਪੰਜਾਬ ਆਰਮਡ ਪੁਲਿਸ ਤੇ ਜ਼ਿਲ੍ਹਾ ਪੁੁਲਿਸ ਤਾਇਨਾਤ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਕਿਸੇ ਵੀ ਗ਼ੈਰਸਮਾਜੀ ਅਨਸਰ ਨੂੰ ਕਾਨੂੰਨ ਆਪਣੇ ਹੱਥ ’ਚ ਨਹੀਂ ਲੈਣ ਦਿੱਤਾ ਜਾਵੇਗਾ ਕਿਉਂਕਿ ਸਾਰੀ ਗਿਣਤੀ ਪ੍ਰਕ੍ਰਿਆ ਪੂਰੀ ਤਰ੍ਹਾਂ ਨਿਰਵਿਘਨ ਤੇ ਸ਼ਾਂਤਮਈ ਨੇਪਰੇ ਚਾੜ੍ਹਨ ਲਈ ਪੁਲਿਸ ਨੇ ਪੂਰੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ।
ਥਾਪਰ ਯੂਨੀਵਰਸਿਟੀ ਵਿਖੇ ਮੁੱਖ ਮੀਡੀਆ ਸੈਂਟਰ ਸਥਾਪਤ
ਗਿਣਤੀ ਕੇਂਦਰਾਂ ਵਿਖੇ ਮੀਡੀਆ ਦਾ ਦਾਖਲਾ ਭਾਰਤ ਚੋਣ ਕਮਿਸ਼ਨ ਦੇ ਅਧਿਕਾਰਤ ਅਥਾਰਟੀ ਲੈਟਰ ਨਾਲ ਹੋਵੇਗਾ ਅਤੇ ਇਨ੍ਹਾਂ ਅਧਿਕਾਰਤ ਪੱਤਰਕਾਰਾਂ ਦੀ ਸਹੂਲਤ ਲਈ ਥਾਪਰ ਯੂਨੀਵਰਸਿਟੀ ਪਟਿਆਲਾ ਦੇ ਆਡੀਟੋਰੀਅਮ ਵਿਖੇ ਮੁੱਖ ਮੀਡੀਆ ਸੈਂਟਰ ਸਥਾਪਤ ਕੀਤਾ ਗਿਆ ਹੈ, ਜਿੱਥੇ ਮੀਡੀਆ ਨੂੰ ਹਰ ਰਾਊਂਡ ਦੇ ਨਤੀਜਿਆਂ ਦੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਚੋਣ ਕਮਿਸ਼ਨ ਦੀਆਂ ਸਪੱਸ਼ਟ ਹਦਾਇਤਾਂ ਮੁਤਾਬਕ ਕਿਸੇ ਵੀ ਗਿਣਤੀ ਕੇਂਦਰ ਦੇ ਅੰਦਰ ਵੀਡੀਓ ਜਾਂ ਫੋਟੋ ਖਿਚਣ ਲਈ ਮੋਬਾਇਲ ਦੀ ਵਰਤੋਂ ਦੀ ਮਨਾਹੀ ਹੈ ਅਤੇ ਫੋਟੋ ਤੇ ਵੀਡੀਓ ਕੇਵਲ ਕੈਮਰੇ ਨਾਲ ਹੀ ਕੀਤੀ ਜਾ ਸਕਦੀ ਹੈ। Election Results 2024