ਵਿਸ਼ਵ ਮਾਹਵਾਰੀ ਦਿਵਸ ਮੌਕੇ ਬਲਾਕ ਪੱਧਰੀ ਜਾਗਰੂਕਤਾ ਸੈਮੀਨਾਰ ਕਰਵਾਇਆ

World Menstruation Day

ਫਰੀਦਕੋਟ (ਗੁਰਪ੍ਰੀਤ ਪੱਕਾ)। ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਸੰਸਥਾ ਚਹਿਲ ਵਿਖੇ ਸੰਸਾਰ ਪ੍ਰਸਿੱਧ ਸੰਸਥਾ ਆਰਟ ਆਫ ਲਿਵਿੰਗ ਦੇ ਸਹਿਯੋਗ ਨਾਲ ਸਿਹਤ ਵਿਭਾਗ ਵੱਲੋਂ ਵਿਸ਼ਵ ਮਾਹਵਾਰੀ ਦਿਵਸ ਨੂੰ ਸਮਰਪਿਤ ਬਲਾਕ ਪੱਧਰੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਸਿਵਲ ਸਰਜਨ ਫਰੀਦਕੋਟ ਡਾ. ਮਨਿੰਦਰ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ. ਜੰਡ ਸਾਹਿਬ ਡਾ. ਰਾਜੀਵ ਭੰਡਾਰੀ ਦੀ ਯੋਗ ਅਗਵਾਈ ਹੇਠ ਕਰਵਾਇਆ।

ਇਸ ਮੌਕੇ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ, ਮਲਟੀ ਪਰਪਜ਼ ਹੈਲਥ ਸੁਪਰਵਾਈਜ਼ਰ ਮੰਜੂ ਬਾਲਾ,ਸੀ.ਐਚ.ਓ ਰਮਨੀਕ ਬਰਾੜ ਅਤੇ ਏ.ਐਨ.ਐਮ ਇੰਦਰਜੀਤ ਕੌਰ ਨੇ ਸੰਸਥਾ ਵਿੱਚ ਕੋਰਸ ਕਰ ਰਹੀਆਂ ਲੜਕੀਆਂ ਅਤੇ ਫੀ-ਮੇਲ ਸਟਾਫ ਨੂੰ ਮਾਹਵਾਰੀ ਦੌਰਾਨ ਸਾਫ-ਸਫਾਈ ਦੇ ਤਰੀਕੇ, ਸੈਨਟਰੀ ਪੈਡ ਦਾ ਸਹੀ ਪ੍ਰਯੋਗ ਅਤੇ ਪ੍ਰਬੰਧਨ ਸਬੰਧੀ ਵਿਸਥਰ ਭਰਪੂਰ ਜਾਣਕਾਰੀ ਦਿੱਤੀ। ਇਸ ਮੌਕੇ ਸਾਫ-ਸਾਫਈ ਨਾ ਰੱਖਣ ਕਾਰਨ ਬੱਚੇਦਾਨੀ ਦੇ ਕੈਂਸਰ,ਖਾਰਸ਼ ਅਤੇ ਇੰਨਫੈਕਸ਼ਨ ਆਦਿ ਵਿਸ਼ਿਆਂ ਸਬੰਧੀ ਭਾਗੀਦਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਜਾਣਕਾਰੀ ਸਾਂਝੀ ਕੀਤੀ ਗਈ।

Also Read : ਗਰਮੀਆਂ ਦੀਆਂ ਛੁੱਟੀਆਂ ਕਾਰਨ ਦਵਾਈਆਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ

ਇਸ ਮੌਕੇ ਆਰਟ ਆਫ ਲਿਵਿੰਗ ਦੇ ਸੀਨੀਅਰ ਟੀਚਰ ਮਨਪ੍ਰੀਤ ਲੂੰਬਾ ਅਤੇ ਸਤੀਸ਼ ਗਾਂਧੀ ਨੇ ਲੜਕੀਆਂ ਵਿੱਚ ਖੂਨ ਦੀ ਕਮੀ ਨਾ ਹੋਵੇ ਸਬੰਧੀ ਵਿਚਾਰ ਚਰਚਾ ਕਰਦਿਆਂ ਖੁਰਾਕ ਅਤੇ ਯੋਗਾ ਕਰਨ ਬਾਰੇ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ। ਸਮਾਗਮ ਦੌਰਾਨ 50 ਲੜਕੀਆਂ ਨੂੰ ਸੈਨਟਰੀ ਨੈਪਕਿਨ ਤਕਸੀਮ ਕੀਤੇ ਗਏ ਅਤੇ 50 ਪੈਕਟ ਸੰਸਥਾ ਨੂੰ ਭੇਟ ਵੀ ਕੀਤੇ ਗਏ।ਅੰਤ ਵਿੱਚ ਸੰਸਥਾ ਦੇ ਡਾਇਰੈਕਟਰ ਕੇ.ਐਲ.ਗਾਂਧੀ ਨੇ ਪ੍ਰਬੰਧਕਾਂ ਦਾ ਮਹੱਤਵਪੂਰਨ ਵਿਸ਼ੇ ਤੇ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ ਅਤੇ ਪੰਜਾਬ ਐਂਡ ਸਿੰਧ ਬੈਂਕ ਦੀ ਸਵੈ-ਰੋਜ਼ਗਾਰ ਸਿਖਲਾਈ ਸੰਸਥਾ ਚਹਿਲ ਵਿਖੇ ਮੁਫਤ ਕਰਵਾਏ ਜਾ ਰਹੇ ਕਿੱਤਾ ਮੁਖੀ ਕੋਰਸਾਂ,ਮੁਫਤ ਖਾਣਾ ਅਤੇ ਮੁਫਤ ਟਰਾਂਸਪੋਰਟੇਸ਼ਨ ਦੀ ਸੁਵਿਧਾ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਸਿਖਿਆਰਥੀਆਂ ਨੂੰ ਭਵਿੱਖ ਲਈ ਸ਼ੁੱਬ ਕਾਮਨਾਵਾਂ ਭੇਟ ਕੀਤੀਆਂ।ਅੰਤ ਵਿੱਚ ਸਿਹਤ ਵਿਭਾਗ ਵੱਲੋਂ ਗਰਮੀ ਤੋਂ ਬਚਾਅ ਸਬੰਧੀ ਤਿਆਰ ਕਰਵਾਈ ਜਾਗਰੂਕਤਾ ਸਮੱਗਰੀ ਤਕਸੀਮ ਅਤੇ ਪ੍ਰਦਰਸ਼ਿਤ ਵੀ ਕੀਤੀ ਗਈ।