(ਅਜੈ ਮਨਚੰਦਾ) ਜੈਤੋ। Bribe ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ’ਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ 50 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਹੇਠ ਤਹਿਸੀਲ ਜੈਤੋ, ਜ਼ਿਲ੍ਹਾ ਫ਼ਰੀਦਕੋਟ ਦੇ ਨਾਇਬ ਤਹਿਸੀਲਦਾਰ ਦੇ ਰੀਡਰ ਰਾਕੇਸ਼ ਕੁਮਾਰ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਹੈ। Bribe
ਇਹ ਪ੍ਰਗਟਾਵਾ ਕਰਦਿਆਂ ਇੱਥੇ ਪੰਜਾਬ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਾਜ਼ਮ ਖ਼ਿਲਾਫ਼ ਇਹ ਮੁਕੱਦਮਾ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਪੋਰਟਲ ’ਤੇ ਪਿੰਡ ਮੱਤਾ, ਤਹਿਸੀਲ ਜੈਤੋ, ਜ਼ਿਲ੍ਹਾ ਫ਼ਰੀਦਕੋਟ ਦੇ ਵਸਨੀਕ ਸੁਖਦੇਵ ਸਿੰਘ ਵੱਲੋਂ ਦਰਜ ਕਰਵਾਈ ਗਈ ਆਨਲਾਈਨ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ। Bribe
ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਆਪਣੀ ਜ਼ਮੀਨ ਦੇ ਇੰਤਕਾਲ ਲਈ ਨਾਇਬ ਤਹਿਸੀਲਦਾਰ ਜੈਤੋ ਨੂੰ ਇੱਕ ਸਾਲ ਪਹਿਲਾਂ ਦਰਖ਼ਾਸਤ ਦਿੱਤੀ ਸੀ, ਜੋ ਕਿ ਹਾਲੇ ਲਟਕ ਰਹੀ ਹੈ। ਇਸ ਬਾਰੇ ਜਦ ਉਹ ਉਕਤ ਮਾਲ ਅਧਿਕਾਰੀ ਨੂੰ ਮਿਲਿਆ ਤਾਂ ਉਸ ਨੇ ਸ਼ਿਕਾਇਤਕਰਤਾ ਦੀ ਜ਼ਮੀਨ ਦਾ ਮੌਕਾ ਦੇਖਣ ਖ਼ਾਤਰ ਤਰੀਕ ਲੈਣ ਲਈ ਆਪਣੇ ਰੀਡਰ ਨਾਲ ਸੰਪਰਕ ਕਰਨ ਲਈ ਕਿਹਾ। Bribe
ਇਹ ਵੀ ਪੜ੍ਹੋ: ਦਾਖਲਾ ਨਾ ਹੋਣ ’ਤੇ 5ਵੀਂ ਪਾਸ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ
ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਸਨੇ ਰਾਕੇਸ਼ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਸ ਨੇ ਉਸ ਦੀ ਜ਼ਮੀਨ ਦਾ ਦੌਰਾ ਕਰਨ ਤੇ ਜ਼ਮੀਨ ਦਾ ਇੰਤਕਾਲ ਉਸ ਦੇ ਨਾਂਅ ’ਤੇ ਦਰਜ ਕਰਨ ਬਦਲੇ ਇਕ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਵਾਰ-ਵਾਰ ਬੇਨਤੀ ਕਰਨ ’ਤੇ ਸੌਦਾ 50 ਹਜ਼ਾਰ ਰੁਪਏ ਵਿਚ ਤੈਅ ਹੋਇਆ, ਜਿਸ ’ਚੋਂ ਰਾਕੇਸ਼ ਕੁਮਾਰ ਨੇ 30 ਹਜ਼ਾਰ ਰੁਪਏ ਤਹਿਸੀਲਦਾਰ ਲਈ ਅਤੇ 20 ਹਜ਼ਾਰ ਰੁਪਏ ਆਪਣੇ ਲਈ ਮੰਗੇ। ਸ਼ਿਕਾਇਤਕਰਤਾ ਨੇ ਉਕਤ ਰੀਡਰ ਨਾਲ ਰਿਸ਼ਵਤ ਦੇਣ ਬਾਰੇ ਹੋਈ ਗੱਲਬਾਤ ਰਿਕਾਰਡ ਕਰ ਲਈ ਜੋ ਉਸਨੇ ਸਬੂਤ ਵਜੋਂ ਬਿਊਰੋ ਨੂੰ ਸੌਂਪ ਦਿੱਤੀ। Bribe
ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਪੜਤਾਲ ਦੌਰਾਨ ਇਹ ਸਿੱਧ ਹੋਇਆ ਕਿ ਮੁਲਜ਼ਮ ਰਾਕੇਸ਼ ਕੁਮਾਰ ਨੇ ਉਪਰੋਕਤ ਮਕਸਦ ਲਈ ਸ਼ਿਕਾਇਤਕਰਤਾ ਤੋਂ ਤਹਿਸੀਲਦਾਰ ਲਈ 30 ਹਜ਼ਾਰ ਰੁਪਏ ਅਤੇ ਆਪਣੇ ਲਈ 20 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ। ਇਸ ਤੋਂ ਬਾਅਦ ਮੁਲਜ਼ਮ ਰੀਡਰ ਰਾਕੇਸ਼ ਕੁਮਾਰ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਉਰੋ ਦੇ ਥਾਣਾ ਫਿਰੋਜ਼ਪੁਰ ਰੇਂਜ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। Bribe