ਪੰਜਾਬ ’ਚ ਇੱਕ ਦੂਜੇ ਵਿਰੁੱਧ, ਦਿੱਲੀ ’ਚ ’ਕੱਠੀਆਂ, ਲੋਕਾਂ ਨੂੰ ਮੂਰਖ ਬਣਾਉਂਦੀਆਂ ਦੋਵੇਂ : ਭਜਨ ਲਾਲ (Abohar News)
(ਮੇਵਾ ਸਿੰਘ) ਅਬੋਹਰ/ਬੱਲੂਆਣਾ। ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਵੱਲੋਂ ਅੱਜ ਅਬੋਹਰ ਅਤੇ ਬੱਲੂਆਣਾ ਹਲਕਿਆਂ ਵਿੱਚ ਭਾਜਪਾ ਦੇ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਗੁਰਮੀਤ ਸਿੰਘ ਰਾਣਾ ਸੋਢੀ ਦੇ ਹੱਕ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਗਿਆ। ਮੁੱਖ ਮੰਤਰੀ ਨੇ ਪੰਜਾਬ ਦੀ ਸੱਤਾਧਿਰ ਪਾਰਟੀ ਅਤੇ ਕਾਂਗਰਸ ’ਤੇ ਸਿਆਸੀ ਹਮਲਾ ਬੋਲਦਿਆਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਲੋਕਾਂ ਨੁੂੰ ਮੁੂਰਖ ਸਮਝਦੀਆਂ ਹਨ, ਕਿਉਂਕਿ ਪੰਜਾਬ ਵਿੱਚ ਤਾਂ ਇਹ ਆਹਮੋਂ-ਸਾਹਮਣੇ ਚੋਣ ਲੜ ਰਹੀਆਂ ਹਨ, ਜਦੋਂ ਕਿ ਦਿੱਲੀ ਵਿੱਚ ਇਕੱਠੀਆਂ ਚੋਣ ਲੜ ਰਹੀਆਂ ਹਨ। Abohar News
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਤੁਹਾਡੀ ਵੋਟ ਲੁੱਟਣ ਦੀ ਸਾਜਿਸ਼ ਅਜਿਹੀ ਹੈ ਕਿ ਤੁਹਾਡੇ ਵੱਲੋਂ ਆਪ ਪਾਰਟੀ ਨੂੰ ਦਿੱਤਾ ਗਿਆ ਵੋਟ ਕਾਂਗਰਸ ਨੂੰ ਤੇ ਕਾਂਗਰਸ ਨੂੰ ਦਿੱਤਾ ਗਿਆ ਵੋਟ ਆਪ ਨੂੰ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀ ਇੱਕ ਜੂਨ 2024 ਨੂੰ ਫਿਰੋਜ਼ਪੁਰ ਤੋਂ ਭਾਜਪਾ ਉਮੀਦਵਾਰ ਗੁਰਮੀਤ ਸਿੰਘ ਰਾਣਾ ਸੋਢੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਮੈਂਬਰ ਪਾਰਲੀਮੈਂਟ ਬਣਾਓ, ਤਾਂ ਜੋ ਦੇਸ਼ ਅੰਦਰ ਤੀਜੀ ਵਾਰ ਬਣ ਰਹੀ ਭਾਜਪਾ ਦੀ ਸਰਕਾਰ ਦਾ ਉਹ ਵੀ ਹਿੱਸਾ ਬਣ ਸਕਣ।
ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ 2024: ਪੰਜਾਬ ਦੇ 13 ਹਲਕਿਆਂ ’ਤੇ ਕਿਹੜੀ ਪਾਰਟੀ ਨੇ ਕਿਹੜੇ ਉਮੀਦਵਾਰਾਂ ਨੂੰ ਮੈਦਾਨ ‘ਚ ਉਤਾਰਿਆ,…
ਇਸ ਮੌਕੇ ਹਲਕਾ ਬੱਲੂਆਣਾ ਇੰਚਾਰਜ ਵੰਦਨਾ ਸਾਗਵਾਲ, ਭਾਜਪਾ ਉਮੀਦਵਾਰ ਦੀ ਪਤਨੀ ਟੀਨਾ ਸੋਢੀ, ਵਿਧਾਇਕ ਸੰਦੀਪ ਜਾਖੜ, ਹਲਕਾ ਬੱਲੂਆਣਾ ਦੇ ਹਲਕਾ ਇੰਚਾਰਜ ਵੰਦਨਾ ਸਾਗਵਾਲ, ਹੀਰਾ ਸੋਢੀ, ਸੁਖਵਿੰਦਰ ਸਿੰਘ ਕਾਕਾ ਕੰਬੋਜ ਜ਼ਿਲ੍ਹਾ ਪ੍ਰਧਾਨ, ਸਾਦੁਲ ਸ਼ਹਿਰ ਦੇ ਵਿਧਾਇਕ ਗੁਰਵੀਰ ਸਿੰਘ ਆਦਿ ਸ਼ਾਮਲ ਸਨ। ਦੂਸਰੇ ਪਾਸੇ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਦਾ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਤੇ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾਕੇ ਭਾਜਪਾ ਵਿਰੁੱਧ ਜਬਰਦਸਤ ਨਾਅਰੇਬਾਜ਼ੀ ਕੀਤੀ ਗਈ ਪਰ ਇਸ ਮੌਕੇ ਭਾਰੀ ਪੁਲਿਸ ਫੋਰਸ ਨੇ ਕਿਸਾਨਾਂ ਨੂੰ ਬੈਰੀਕੇਡ ਲਾ ਕੇ ਅੱਗੇ ਵੱਧਣ ਤੋਂ ਰੋਕ ਦਿੱਤਾ ਗਿਆ ਹੈ। Abohar News