ਬਿਜਲੀ ਦੀ ਮੰਗ 14 ਹਜ਼ਾਰ ਮੈਗਾਵਾਟ ਨੂੰ ਪਾਰ, ਪਾਵਰਕੌਮ ਅਧਿਕਾਰੀ ਹੈਰਾਨ-ਪ੍ਰੇਸ਼ਾਨ | Demand for electricity
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸੂਬੇ ਅੰਦਰ ਬਿਜਲੀ ਦੀ ਮੰਗ ਲਗਾਤਾਰ ਰਿਕਾਰਡ ਤੋੜਨ ਲੱਗੀ ਹੈ। ਜੇਠ ਮਹੀਨੇ ਵਿੱਚ ਆਸਮਾਨ ਤੋਂ ਡਿੱਗ ਰਹੀ ਅੱਗ ਕਾਰਨ ਬਿਜਲੀ ਦੀ ਮੰਗ 14 ਹਜ਼ਾਰ ਮੈਗਾਵਾਟ ਨੂੰ ਵੀ ਪਾਰ ਕਰ ਗਈ ਹੈ। ਪਹਿਲਾਂ ਹਮੇਸ਼ਾ ਝੋਨੇ ਦੇ ਸੀਜ਼ਨ ਮੌਕੇ ਹੀ ਬਿਜਲੀ ਦੀ ਮੰਗ ਇਸ ਉਚਾਈ ’ਤੇ ਅੱਪੜਦੀ ਸੀ। ਇੱਧਰ ਪਾਵਰਕੌਮ ਦੇ ਅਧਿਕਾਰੀ ਵੀ ਮਈ ਮਹੀਨੇ ਵਿੱਚ ਰਿਕਾਰਡ ਪੱਧਰ ’ਤੇ ਪਹੁੰਚ ਰਹੀ ਬਿਜਲੀ ਦੀ ਮੰਗ ਤੋਂ ਹੈਰਾਨ ਪ੍ਰੇਸ਼ਾਨ ਹਨ। (Demand for electricity)
ਮਈ ਮਹੀਨੇ ’ਚ ਹੁਣ ਤੱਕ ਦੀ ਰਿਕਾਰਡ ਮੰਗ, ਝੋਨੇ ਦਾ ਸੀਜ਼ਨ ਅਜੇ ਬਾਕੀ | Demand for electricity
ਜਾਣਕਾਰੀ ਅਨੁਸਾਰ ਅੱਜ ਦੁਪਹਿਰ ਤਿੰਨ ਵਜੇ ਦੇ ਕਰੀਬ ਬਿਜਲੀ ਦੀ ਮੰਗ 14127 ਮੈਗਾਵਾਟ ’ਤੇ ਪੁੱਜ ਗਈ, ਜੋ ਕਿ ਹੁਣ ਤੱਕ ਮਈ ਮਹੀਨੇ ਦੀ ਸਭ ਤੋਂ ਸਿਖਰਲੀ ਡਿਮਾਂਡ ਹੈ। ਜੇਕਰ ਸਾਲ 2022 ਦੀ ਗੱਲ ਕੀਤੀ ਜਾਵੇ ਤਾ 20 ਮਈ ਨੂੰ ਬਿਜਲੀ ਦੀ ਮੰਗ 10833 ਮੈਗਾਵਾਟ ਸੀ ਜਦੋਂ ਕਿ ਸਾਲ 2023 ਨੂੰ ਅੱਜ ਦੇ ਦਿਨ ਹੀ ਬਿਜਲੀ ਦੀ ਮੰਗ 9338 ਮੈਗਾਵਾਟ ਸੀ। ਪੰਜਾਬ ਅੰਦਰ ਝੋਨੇ ਦਾ ਸੀਜ਼ਨ ਅਜੇ ਸ਼ੁਰੂ ਹੋਣਾ ਹੈ ਅਤੇ ਜੇਕਰ ਇਹੋ ਹੀ ਸਥਿਤੀ ਰਹੀ ਤਾ ਪਾਵਰਕੌਮ ਲਈ ਵੱਡੀ ਮੁਸ਼ਕਲ ਖੜ੍ਹੀ ਹੋ ਸਕਦੀ ਹੈ। ਪਤਾ ਲੱਗਾ ਹੈ ਕਿ ਪਾਵਰਕੌਮ ਵੱਲੋਂ 16 ਹਜ਼ਾਰ ਮੈਗਾਵਾਟ ਤੱਕ ਆਪਣੇ ਬਿਜਲੀ ਦੀ ਮੰਗ ਪ੍ਰਬੰਧ ਕੀਤੇ ਹੋਏ ਹਨ।
ਪਿਛਲੇ ਪੰਜ ਦਿਨਾਂ ਤੋਂ ਬਿਜਲੀ ਦੀ ਮੰਗ ਲਗਾਤਾਰ ਵਧ ਰਹੀ ਹੈ। ਪਾਵਰਕੌਮ ਦੇ ਸਰਕਾਰੀ ਥਰਮਲ ਪਲਾਟਾਂ ਦੇ 9 ਯੂਨਿਟ ਚਾਲੂ ਹਨ ਅਤੇ ਇਨ੍ਹਾਂ ਵੱਲੋਂ 1520 ਮੈਗਾਵਾਟ ਤੋਂ ਵੱਧ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਸਰਕਾਰੀ ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟ ਕੁਝ ਸਮਾਂ ਬੰਦ ਹੋਣ ਤੋਂ ਬਾਅਦ ਮੁੜ ਚਾਲੂ ਹੋ ਗਏ ਸਨ। ਸਰਕਾਰ ਵੱਲੋਂ ਖਰੀਦਿਆ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਦੋਵੇਂ ਯੂਨਿਟਾਂ ਪੂਰੀ ਸਮਰੱਥਾਂ ’ਤੇ ਚੱਲ ਰਹੇ ਹਨ, ਜਦੋਂ ਇਹ ਪ੍ਰਾਈਵੇਟ ਹੱਥਾਂ ਵਿੱਚ ਸਨ ਤਾਂ ਇਸ ਦੇ ਬਿਜਲੀ ਉਤਪਦਾਨ ਵਿੱਚ ਕਮੀ ਰਹੀ ਸੀ। ਇਸ ਦੇ ਨਾਲ ਪ੍ਰਾਈਵੇਟ ਰਾਜਪੁਰਾ ਅਤੇ ਤਲਵੰਡੀ ਸਾਬੋ ਥਰਮਲ ਪਲਾਂਟਾਂ ਦੇ ਪੰਜ ਯੂਨਿਟ ਪੂਰੀ ਤਰ੍ਹਾਂ ਭਖੇ ਹੋਏ ਹਨ।
ਬਿਜਲੀ ਦੀ ਲਗਾਤਾਰ ਵਧ ਰਹੀ ਮੰਗ
ਇਨ੍ਹਾਂ ਪ੍ਰਾਈਵੇਟ ਥਰਮਲਾਂ ਵੱਲੋਂ 2900 ਮੈਗਾਵਾਟ ਤੋਂ ਜ਼ਿਆਦਾ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਹੀ ਪਣ ਬਿਜਲੀ ਪ੍ਰੋਜੈਕਟ ਵੀ ਪਾਵਰਕੌਮ ਲਈ ਬਿਜਲੀ ਉਤਪਾਦਨ ਪੈਦਾ ਕਰ ਰਹੇ ਹਨ। ਪਾਵਰਕੌਮ ਦੇ ਅਧਿਕਾਰੀਆਂ ਨਾਲ ਜਦੋਂ ਬਿਜਲੀ ਦੀ ਲਗਾਤਾਰ ਵਧ ਰਹੀ ਮੰਗ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਖੁਦ ਹੈਰਾਨ ਹਨ ਕਿ ਮਈ ਮਹੀਨੇ ਵਿੱਚ ਬਿਜਲੀ ਦੀ ਮੰਗ ਇਸ ਹੱਦ ਤੱਕ ਜਾ ਸਕਦੀ ਹੈ। ਜਦੋਂ ਉਨ੍ਹਾਂ ਤੋਂ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕੁਝ ਤਾਂ ਬਿਜਲੀ ਦੀ ਮੰਗ ਆਏ ਸਾਲ ਵਧਦੀ ਹੈ, ਪਰ ਇਸ ਵਾਰ ਖੇਤੀਬਾੜੀ ਨੂੰ ਲਗਾਤਾਰ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ, ਜਿਸ ਕਾਰਨ ਇਹ ਮੰਗ ਮਈ ਮਹੀਨੇ ਵਿੱਚ ਸਿਖਰਾਂ ਨੂੰ ਛੂੰਹ ਰਹੀ ਹੈ।
ਤਲਵੰਡੀ ਸਾਬੋ ਥਰਮਲ ਕੋਲ 3 ਦਿਨਾਂ ਦਾ ਕੋਲਾ
ਪਾਵਰਕੌਮ ਦੀ ਰਿਪੋਰਟ ਮੁਤਾਬਿਕ ਪ੍ਰਾਈਵੇਟ ਥਰਮਲ ਪਲਾਂਟ ਤਲਵੰਡੀ ਸਾਬੋ ਕੋਲ ਤਿੰਨ ਦਿਨਾਂ ਦਾ ਕੋਲਾ ਬਾਕੀ ਹੈ ਅਤੇ ਇਹ ਪਲਾਂਟ ਕੋਲੇ ਦੀ ਕਮੀ ਨਾਲ ਜੂਝ ਰਿਹਾ ਹੈ। ਰਾਜਪੁਰਾ ਥਰਮਲ ਪਲਾਂਟ ਕੋਲ 25 ਦਿਨਾਂ ਦਾ ਕੋਲਾ ਹੈ। ਇਸ ਤੋਂ ਇਲਾਵਾ ਸਰਕਾਰੀ ਥਰਮਲ ਰੋਪੜ ਕੋਲ 19 ਦਿਨਾਂ ਦਾ, ਲਹਿਰਾ ਮੁਹੱਬਤ ਥਰਮਲ ਪਲਾਂਟ ਕੋਲ 27 ਦਿਨਾਂ ਦਾ, ਜਦੋਂ ਕਿ ਗੋਇੰਦਵਲ ਸਾਹਿਬ ਥਰਮਲ ਪਲਾਂਟ ਕੋਲ 21 ਦਿਨਾਂ ਦਾ ਕੋਲੇ ਦਾ ਭੰਡਾਰ ਪਿਆ ਹੈ।
Also Read : ਧੰਨਾ ਸਿੰਘ, ਤੇਜਾ ਸਿੰਘ, ਸੁੱਚਾ ਸਿੰਘ, ਭਾਨ ਸਿੰਘ ਵੀ ਰਹੇ ਨੇ ਬਠਿੰਡਾ ਤੋਂ ਸੰਸਦ ਮੈਂਬਰ