ਪੰਜਾਬ ਵਿੱਚ 80 ਫ਼ੀਸਦੀ ਪੁਲਿਸ ਬਲ ਤੇ ਕੇਂਦਰੀ ਬਲਾਂ ਦੀਆਂ 250 ਕੰਪਨੀਆਂ ਕੀਤੀਆਂ ਜਾਣਗੀਆਂ ਤਾਇਨਾਤ | Lok Sabha Elections
ਚੰਡੀਗੜ (ਅਸ਼ਵਨੀ ਚਾਵਲਾ)। ਸਰਹੱਦੀ ਸੂਬੇ ਵਿੱਚ ਲੋਕ ਸਭਾ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਦੇ ਉਦੇਸ਼ ਅਤੇ ਆਮ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨ ਦੇ ਨਾਲ-ਨਾਲ ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਖੇਤਰਾਂ ਵਿੱਚ ਕਾਨੂੰਨ ਵਿਵਸਥਾ ਬਰਕਾਰ ਰੱਖਣ ਵਾਸਤੇ 80 ਫੀਸਦੀ ਪੁਲਿਸ ਬਲ ਤਾਇਨਾਤ ਕੀਤਾ ਜਾ ਰਿਹਾ ਹੈ ਅਤੇ ਕੇਂਦਰੀ ਬਲਾਂ ਦੀਆਂ ਘੱਟੋ-ਘੱਟ 225 ਹੋਰ ਕੰਪਨੀਆਂ ਜਲਦੀ ਹੀ ਸੂਬੇ ਵਿੱਚ ਪਹੁੰਚ ਜਾਣਗੀਆਂ। (Lok Sabha Elections)
ਜ਼ਿਕਰਯੋਗ ਹੈ ਕਿ ਸੂਬੇ ਵਿੱਚ ਕੇਂਦਰੀ ਬਲਾਂ ਦੀਆਂ 25 ਕੰਪਨੀਆਂ ਪਹਿਲਾਂ ਹੀ ਤਾਇਨਾਤ ਕੀਤੀਆਂ ਜਾ ਚੁੱਕੀਆਂ ਹਨ। ਇਹ ਜਾਣਕਾਰੀ ਅੱਜ ਇੱਥੇ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀਜੀਪੀ) ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦਿੱਤੀ। ਸਪੈਸ਼ਲ ਡੀਜੀਪੀ, ਜੋ ਕਿ ਅੱਜ ਅੰਮ੍ਰਿਤਸਰ ਅਤੇ ਜਲੰਧਰ ਦੇ ਦੌਰੇ ’ਤੇ ਸਨ, ਨੇ ਆਮ ਸੰਸਦੀ ਚੋਣਾਂ-2024 ਦੀਆਂ ਤਿਆਰੀਆਂ ਅਤੇ ਇਸ ਸਬੰਧੀ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਦੋਵੇਂ ਬਾਰਡਰ ਰੇਂਜਾਂ ਦੇ ਆਈਜੀਪੀ/ਡੀਆਈਜੀ, ਸੀਪੀਜ਼ ਅਤੇ ਐੱਸਐੱਸਪੀਜ਼ ਨਾਲ ਰੇਂਜ ਪੱਧਰੀ ਮੀਟਿੰਗਾਂ ਕੀਤੀਆਂ।
ਅੰਮ੍ਰਿਤਸਰ ਦੀ ਮੀਟਿੰਗ ਵਿੱਚ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਬਾਰਡਰ ਰੇਂਜ ਰਾਕੇਸ਼ ਕੁਮਾਰ ਕੌਸ਼ਲ ਅਤੇ ਕਮਿਸ਼ਨਰ ਆਫ਼ ਪੁਲਿਸ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਹਾਜ਼ਰ ਸਨ, ਜਦੋਂ ਕਿ ਜਲੰਧਰ ਰੇਂਜ ਦੀ ਮੀਟਿੰਗ ਵਿੱਚ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਐੱਸ ਬੂਪਤੀ ਅਤੇ ਸੀਪੀ ਜਲੰਧਰ ਸਵਪਨ ਸ਼ਰਮਾ ਹਾਜ਼ਰ ਸਨ।
ਗੁਰਪਤਵੰਤ ਪੰਨੂੰ ਦੀ ਪੰਜਾਬ ਨੂੰ ਧਮਕੀ, ਚੋਣ ਬੂਥ ’ਤੇ ਹੋਣਗੇ ਧਮਾਕੇ
ਲੋਕ ਸਭਾ ਚੋਣਾਂ ਵਿੱਚ ਸ਼ਾਂਤੀ ਭੰਗ ਅਤੇ ਚੋਣ ਬੂਥ ਵਿੱਚ ਧਮਾਕੇ ਕਰਨ ਦੀ ਚਿਤਾਵਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਪੰਜਾਬ ਸਰਕਾਰ ਨੂੰ ਦਿੱਤੀ ਹੈ। ਪੰਨੂੰ ਵੱਲੋਂ ਇੰਟਰਨੈਟ ਰਾਹੀਂ ਕੀਤੀ ਗਈ ਫੋਨ ਕਾਲ ਰਾਹੀਂ ਇਹ ਧਮਕੀ ਦਿੱਤੀ ਹੈ ਕਿ ਘੱਟ ਤੋਂ ਘੱਟ ਪੰਜਾਬ ਵਿੱਚ ਸ਼ਾਂਤੀਪੂਰਵਕ ਚੋਣਾਂ ਨਹੀਂ ਹੋਣਗੀਆਂ ਅਤੇ ਉਨ੍ਹਾਂ ਦੀ ਨਜ਼ਰ ਪੰਜਾਬ ਵਿੱਚ ਹੀ ਲੱਗੀ ਹੋਈ ਹੈ।
ਗੁਰਪਤਵੰਤ ਪੰਨੂੰ ਦੀ ਇਸ ਧਮਕੀ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਹਲਕੇ ਵਿੱਚ ਨਹੀਂ ਲਿਆ ਜਾਵੇਗਾ ਅਤੇ ਇਸ ਧਮਕੀ ਨੂੰ ਦੇਖਦੇ ਹੋਏ ਆਉਣ ਵਾਲੇ ਦਿਨਾਂ ਵਿੱਚ ਪੁਲਿਸ ਅਤੇ ਕੇਂਦਰੀ ਫੋਰਸ ਬਲ ਵੱਲੋਂ ਜ਼ਿਆਦਾ ਸਖ਼ਤੀ ਕੀਤੀ ਜਾ ਸਕਦੀ ਹੈ ਤਾਂ ਕਿ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਨਾ ਹੋਵੇ। ਗੁਰਪਤਵੰਤ ਪੰਨੂੰ ਵੱਲੋਂ ਕੀਤੀ ਗਈ ਕਾਲ ਵਿੱਚ ਕਿਹਾ ਗਿਆ ਹੈ ਕਿ ਬੀਤੇ ਦਿਨੀਂ ਜਿਹੜੀਆਂ 3 ਗ੍ਰਿਫ਼ਤਾਰੀਆਂ ਪੰਜਾਬ ਪੁਲਿਸ ਵੱਲੋਂ ਕੀਤੀਆਂ ਗਈਆਂ ਹਨ, ਉਹ ਤਿੰਨੇ ਹੀ ਸਿੱਖ ਫ਼ਾਰ ਜਸਟਿਸ ਲਈ ਕੰਮ ਕਰਦੇ ਸਨ ਅਤੇ ਉਨ੍ਹਾਂ ਨਾਲ ਜੁੜੇ ਹੋਏ ਸਨ, ਜਿਨ੍ਹਾਂ ਨੂੰ ਫੜ ਕੇ ਪੰਜਾਬ ਪੁਲਿਸ ਨੇ ਠੀਕ ਨਹੀਂ ਕੀਤਾ ਹੈ। ਪੰਜਾਬ ਪੁਲਿਸ ਵੱਲੋਂ ਬੀਤੇ ਦਿਨੀਂ ਬਠਿੰਡਾ ਅਤੇ ਦਿੱਲੀ ਵਿਖੇ ਖ਼ਾਲੀਸਤਾਨ ਸਬੰਧੀ ਲਿਖੇ ਗਏ ਨਾਅਰੇ ਨੂੰ ਲੈ ਕੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਹ ਤਿੰਨੇ ਮੁਲਜ਼ਮ ਭਾਰਤ ਵਿੱਚ ਰਹਿ ਕੇ ਗੁਰਪਤਵੰਤ ਪੰਨੂੰ ਲਈ ਕੰਮ ਕਰ ਰਹੇ ਸਨ।
ਪੰਜਾਬ ਪੁਲਿਸ ਵੱਲੋਂ ਇਸ ਧਮਕੀ ਨੂੰ ਲੈ ਕੇ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਇਸ ਸਬੰਧੀ ਕੋਈ ਬਿਆਨ ਜਾਰੀ ਕੀਤਾ ਗਿਆ ਹੈ ਪਰ ਪੰਜਾਬ ਪੁਲਿਸ ਵਲੋਂ ਇਸ ਸਬੰਧੀ ਹੁਣ ਤੋਂ ਹੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਕਿ ਚੋਣਾਂ ਸਮੇਂ ਪੰਜਾਬ ਵਿੱਚ ਸੁਰੱਖਿਆ ਪ੍ਰਬੰਧ ਘੱਟ ਨਾ ਰਹਿਣ।
Also Read : ਐਡਵੋਕੇਟ ਅਸ਼ੋਕ ਲਖਨਪਾਲ ਤੇ ਐਡਵੋਕੇਟ ਹਰੀਸ਼ ਕੁਮਾਰ ਸਾਥੀਆਂ ਸਣੇ ਭਾਜਪਾ ’ਚ ਸ਼ਾਮਲ