ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਜੰਗਲ ਵਿੱਚ ਹਾਹਾਕਾਰ ਮੱਚੀ ਹੋਈ ਸੀ। ਬਹੁਤ ਕੋਸ਼ਿਸ਼ਾਂ ਦੇ ਬਾਵਜ਼ੂਦ ਵੀ ਚੋਰ ਕਾਬੂ ਨਹੀਂ ਆ ਰਿਹਾ ਸੀ। ਜੰਗਲ ਦਾ ਰਾਜਾ ਸ਼ੇਰ ਕਈ ਵਾਰ ਆਪਣੀ ਸਭਾ ਦੀ ਮੀਟਿੰਗ ਬੁਲਾ ਚੁੱਕਾ ਸੀ ਪਰ ਸਭ ਹੀਲਿਆਂ-ਵਸੀਲਿਆਂ ਦੇ ਬਾਵਜ਼ੂਦ ਚੋਰ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ ਸੀ। ਮਿੱਕੂ ਲੂੰਬੜ ਨੇ ਆਪਣੇ ਦਰਦ ਨੂੰ ਬਿਆਨ ਕਰਦਿਆਂ ਭਰੀ ਸਭਾ ਵਿੱਚ ਕਹਿ ਦਿੱਤਾ, ”ਜੇਕਰ ਹਾਲਾਤ ਅਜਿਹੇ ਹੀ ਰਹੇ ਤਾਂ ਸਾਨੂੰ ਇਹ ਜੰਗਲ ਛੱਡ ਕੇ ਜਾਣਾ ਪੈ ਸਕਦਾ ਹੈ।” ਉਸਦੇ ਇਨ੍ਹਾਂ ਬੋਲਾਂ ਨੇ ਰਾਜੇ ਸ਼ੇਰ ਦੀ ਚਿੰਤਾ ਹੋਰ ਵਧਾ ਦਿੱਤੀ। ਸਭ ਹੈਰਾਨ ਸਨ ਕਿ ਆਖਰ ਕੀਤਾ ਕੀ ਜਾਵੇ?
ਹੋਰ ਤਾਂ ਹੋਰ ਜਦੋਂ ਵੀ ਕੋਈ ਨਵੀਂ ਚੀਜ਼ ਖਰੀਦਦਾ ਤਾਂ ਚੋਰੀ ਹੋ ਜਾਂਦੀ। ਅਜੇ ਮੱਖਣ ਭਾਲੂ ਨੇ ਕੁਝ ਦਿਨ ਪਹਿਲਾਂ ਨਵਾਂ ਟੈਲੀਵਿਜ਼ਨ ਖਰੀਦਿਆ ਹੀ ਸੀ ਕਿ ਉਹ ਚੋਰੀ ਹੋ ਗਿਆ। ਉਹ ਇਸ ਮਾਮਲੇ ਵਿੱਚ ਕਾਫ਼ੀ ਚੇਤੰਨ ਵੀ ਰਿਹਾ ਸੀ ਪਰ ਫਿਰ ਵੀ ਚੋਰੀ ਹੋ ਗਈ।
ਸ਼ੇਰ ਨੇ ਫਿਰ ਸਭਾ ਬੁਲਾਈ
ਸ਼ੇਰ ਨੇ ਫਿਰ ਸਭਾ ਬੁਲਾਈ। ਉਸਨੇ ਕਿਹਾ, ”ਜਦੋਂ ਵੀ ਸਾਨੂੰ ਕੋਈ ਭੀੜ ਪਈ ਹੈ ਅਸੀਂ ਜੰਗਲ ਦੇ ਦੱਖਣ ਕੋਨੇ ਵਿੱਚ ਰਹਿੰਦੇ ਬਜ਼ੁਰਗ ਮੰਟੂ ਬਾਂਦਰ ਦੀ ਮੱਦਦ ਲੈਂਦੇ ਆਏ ਹਾਂ, ਕਿਉਂ ਨਾ ਉਸ ਕੋਲੋਂ ਸਲਾਹ ਲਈ ਜਾਵੇ?” ਸ਼ੇਰ ਦੀ ਇਹ ਗੱਲ ਸੁਣ ਕਈ ਬੋਲੇ, ”ਲੈ, ਉਹ ਤਾਂ ਹੁਣ ਬਹੁਤ ਬੁੱਢਾ ਹੋ ਗਿਆ ਏ, ਜਦ ਅਸੀਂ ਚੋਰ ਨਹੀਂ ਲੱਭ ਸਕਦੇ, ਫਿਰ ਉਹ ਕਿਸ ਤਰ੍ਹਾਂ ਲੱਭੇਗਾ?” ਕਈ ਜਣਿਆਂ ਦੇ ਨਾਂਹ-ਨੁੱਕਰ ਦੇ ਬਾਵਜੂਦ ਆਖਰ ਉਸ ਕੋਲ ਜਾਣ ਦਾ ਫੈਸਲਾ ਕੀਤਾ ਗਿਆ।
ਇਹ ਗੱਲ ਸਾਰਿਆਂ ਨੂੰ ਹੀ ਪਤਾ ਸੀ ਕਿ ਮੰਟੂ ਜੋ ਗੱਲ ਕਹਿੰਦਾ ਹੈ ਉਹ ਮੂੰਹ ‘ਤੇ ਹੀ ਕਹਿ ਦਿੰਦਾ ਹੈ, ਇਸ ਕਰਕੇ ਕਿਸੇ ਨੇ ਵੀ ਉਸਦੀ ਗੱਲ ਦਾ ਗੁੱਸਾ ਨਾ ਕਰਨ ਦਾ ਫੈਸਲਾ ਕੀਤਾ।
ਸਭ ਨੇ ਮੰਟੂ ਕੋਲ ਜਾ ਆਪਣੀ ਫਰਿਆਦ ਸੁਣਾਈ। ਮੰਟੂ ਸ਼ੇਰ ਵੱਲ ਗਹੁ ਨਾਲ ਤੱਕਦਾ ਬੋਲਿਆ, ”ਕੋਈ ਜੰਗਲ ਤੋਂ ਬਾਹਰ ਵੀ ਗਿਆ ਸੀ, ਭਾਵ ਕਿਸੇ ਕੰਮ-ਕਾਰ ਜਾਂ ਹੋਰ ਮਾਮਲੇ ਵਿੱਚ” ਸ਼ੇਰ ਨੇ ਹਾਂ ਵਿੱਚ ਹਾਂ ਮਿਲਾਉਂÎਦਿਆਂ ਕਿਹਾ, ”ਹੋਰ ਤਾਂ ਕੋਈ ਨਹੀਂ, ਪਰ ਜੀਤ ਗਿੱਦੜ ਦਾ ਚੰਨੂੰ ਸ਼ਹਿਰ ਵਿੱਚ ਪੜ੍ਹਾਈ ਕਰਕੇ ਆਇਆ ਹੈ।” ਸ਼ੇਰ ਦੇ ਐਨਾ ਕਹਿਣ ਦੀ ਹੀ ਦੇਰ ਸੀ ਕਿ ਮੰਟੂ ਨੇ ਤੁਰੰਤ ਕਹਿ ਦਿੱਤਾ, ”ਬੱਸ ਫਿਰ ਓਹੀ ਹੈ ਚੋਰ।”
ਘੁਸਰ-ਮੁਸਰ ਸ਼ੁਰੂ ਹੋ ਹੀ ਗਈ
ਸਾਰੇ ਪਾਸੇ ਘੁਸਰ-ਮੁਸਰ ਸ਼ੁਰੂ ਹੋ ਹੀ ਗਈ। ਜੀਤ ਗਿੱਦੜ ਨੇ ਤਾਂ ਉਸਨੂੰ ਬੁਰਾ-ਭਲਾ ਵੀ ਕਹਿਣਾ ਸ਼ੁਰੂ ਕਰ ਦਿੱਤਾ। ਮੰਟੂ ਬੜੇ ਸਤਿਕਾਰ ਨਾਲ ਕਹਿਣ ਲੱਗਾ, ”ਜੀਤ ਭਾਈ, ਇਸ ਵਿੱਚ ਗੁੱਸਾ ਕਰਨ ਦੀ ਕੋਈ ਗੱਲ ਨਹੀਂ, ਜਿਸ ਤਰੀਕੇ ਨਾਲ ਚੋਰ ਚੋਰੀ ਕਰ ਰਿਹਾ ਹੈ ਤੇ ਪਤਾ ਨਹੀਂ ਲੱਗਣ ਦੇ ਰਿਹਾ, ਇਹ ਵਾਕਿਆ ਹੀ ਕਿਸੇ ਸਿੱਖਿਅਤ ਦਾ ਕੰਮ ਹੈ। ਨਹੀਂ ਪਹਿਲਾਂ ਤਾਂ ਝੱਟ ਚੋਰ ਫੜ ਲੈਂਦੇ ਸੀ ਆਪਾਂ।” ਉਸਨੇ ਕੁਝ ਸਮਾਂ ਰੁਕ ਕੇ ਕਿਹਾ, ”ਜਾਓ ਤੇ ਉਸ ‘ਤੇ ਨਜ਼ਰ ਰੱਖੋ।”
ਇਹ ਗੱਲ ਹੁਣ ਸ਼ਹਿਰ ਤੋਂ ਪੜ੍ਹ ਕੇ ਆਏ ਚੰਨੂੰ ਕੋਲ ਵੀ ਪੁੱਜ ਗਈ ਸੀ। ਉਸਨੇ ਆਪਣੇ ‘ਤੇ ਲੱਗੇ ਸਾਰੇ ਦੋਸ਼ਾਂ ਨੂੰ ਗਲ਼ਤ ਦੱਸਿਆ। ਉਸਨੇ ਕਿਹਾ, ”ਮੈਂ ਚੋਰੀ ਤਾਂ ਨਹੀਂ ਕੀਤੀ, ਪਰ ਸਭਾ ਦੀ ਚੋਰ ਲੱਭਣ ਵਿੱਚ ਮੱਦਦ ਜ਼ਰੂਰ ਕਰਾਂਗਾ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ।”
ਚੰਨੂੰ ਨੇ ਸਭਾ ਦੀ ਮੱਦਦ ਲਈ ਕਈ ਤਰੀਕੇ ਦੱਸੇ। ਆਖਰ ਇੱਕ ਰਾਤ ਚੰਨੂੰ ਦੇ ਦੱਸੇ ਤਰੀਕੇ ਅਤੇ ਸਭਾ ਦੀ ਮਿਹਨਤ ਸਦਕਾ ਚੋਰੀ ਕਰਨ ਆਇਆ ਚੋਰ ਜੱਗੂ ਖ਼ਰਗੋਸ਼ ਦੇ ਘਰ ਅੱਗੇ ਬਣਾਈ ਦਲਦਲ ਵਿੱਚ ਫਸ ਹੀ ਗਿਆ।
ਹੁਣ ਸਭ ਮੰਟੂ ਬਾਂਦਰ ਦੇ ਕੋਲ ਗਏ। ਮੰਟੂ ਉਨ੍ਹਾਂ ਨੂੰ ਦੇਖ ਚੰਨੂੰ ਵੱਲ ਇਸ਼ਾਰਾ ਕਰਕੇ ਕਹਿਣ ਲੱਗਾ, ”ਦੇਖਿਆ ਚੰਨੂੰ ਤੇਰੀ ਮੱਦਦ ਨਾਲ ਆਖ਼ਰ ਚੋਰ ਫੜਿਆ ਹੀ ਗਿਆ, ਜੇ ਮੈਂ ਤੈਨੂੰ ਸਿੱਧੇ ਤੌਰ ‘ਤੇ ਮੱਦਦ ਲਈ ਕਹਿੰਦਾ ਸ਼ਾਇਦ ਤੂੰ ਨਾ ਮੰਨਦਾ। ਪਰ ਬੇਟਾ, ਲਈ ਸਿੱਖਿਆ ਦਾ ਤਾਂ ਹੀ ਫਾਇਦਾ ਹੈ ਕਿ ਕਿਸੇ ਦੀ ਮੱਦਦ ਕੀਤੀ ਜਾ ਸਕੇ।
ਮੈਨੂੰ ਜਦ ਇਸ ਗੱਲ ਦਾ ਪਤਾ ਲੱਗਾ ਕਿ ਤੂੰ ਸ਼ਹਿਰ ਤੋਂ ਸਿੱਖਿਆ ਲੈ ਕੇ ਵਾਪਸ ਆ ਗਿਆ ਹੈਂ ਤਾਂ ਮੈਨੂੰ ਬਹੁਤ ਖ਼ੁਸ਼ੀ ਹੋਈ ਪਰ ਜਦੋਂ ਤੂੰ ਜੰਗਲ ਵਾਲਿਆਂ ਦੀ ਔਖੇ ਸਮੇਂ ਮੱਦਦ ਲਈ ਅੱਗੇ ਨਹੀਂ ਆਇਆ ਤਾਂ ਮੈਂ ਇਲਜ਼ਾਮ ਵਾਲ਼ਾ ਪੈਂਤੜਾ ਤੇਰੇ ‘ਤੇ ਹੀ ਸੁੱਟ ਦਿੱਤਾ ਜੋ ਕਿ ਕੰਮ ਵੀ ਕਰ ਗਿਆ।”
ਚੰਨੂੰ ਕਾਫ਼ੀ ਸ਼ਰਮਿੰਦਾ ਹੋਇਆ। ਉਸਨੇ ਅੱਗੇ ਤੋਂ ਹਰ ਤਰ੍ਹਾਂ ਦੀ ਮੱਦਦ ਕਰਨ ਦਾ ਭਰੋਸਾ ਦਿੱਤਾ। ਜੰਗਲ ਵਿੱਚ ਸਾਰੇ ਮੰਟੂ ਬਜ਼ੁਰਗ ਦੇ ਚੋਰ ਭਾਲਣ ਦੇ ਅਨੋਖੇ ਤਰੀਕੇ ਤੋਂ ਬਹੁਤ ਖ਼ੁਸ਼ ਸਨ। ਹੁਣ ਫਿਰ ਸਾਰੇ ਖ਼ੁਸ਼ੀ-ਖ਼ੁਸ਼ੀ ਜੀਵਨ ਬਤੀਤ ਕਰਨ ਲੱਗੇ।
ਬਲਵਿੰਦਰ ਸਿੰਘ ਮਕੜੌਨਾ, ਮਕੜੌਨਾ ਕਲਾਂ, ਰੂਪਨਗਰ, ਮੋ. 98550-20025