BCCI ਨੇ ਭਾਰਤੀ ਟੀਮ ਦੇ ਨਵੇਂ ਮੁੱਖ ਕੋਚ ਲਈ ਮੰਗੀਆਂ ਅਰਜ਼ੀਆਂ, ਇਸ ਦਿਨ ਤੱਕ ਦਾ ਹੈ ਸਮਾਂ

BCCI

27 ਮਈ ਤੱਕ ਅਪਲਾਈ ਕਰਨਾ ਲਾਜ਼ਮੀ ਹੈ | BCCI

  • ਟੀ20 ਵਿਸ਼ਵ ਕੱਪ ਤੋਂ ਬਾਅਦ ਖਤਮ ਹੋਵੇਗਾ ਦ੍ਰਾਵਿੜ ਦਾ ਕਾਰਜ਼ਕਾਲ

ਸਪੋਰਟਸ ਡੈਸਕ। ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਭਾਰਤੀ ਟੀਮ ਦੇ ਮੁੱਖ ਕੋਚ ਦੇ ਅਹੁਦੇ ਲਈ ਅਰਜੀਆਂ ਮੰਗੀਆਂ ਹਨ। ਬੋਰਡ ਨੇ ਸੋਮਵਾਰ ਦੇਰ ਰਾਤ ਉਮੀਦਵਾਰਾਂ ਲਈ ਇਸ਼ਤਿਹਾਰ ਜਾਰੀ ਕੀਤਾ ਹੈ। ਉਮੀਦਵਾਰ 27 ਮਈ ਸ਼ਾਮ 6 ਵਜੇ ਤੱਕ ਅਪਲਾਈ ਕਰ ਸਕਦੇ ਹਨ। ਰਾਹੁਲ ਦ੍ਰਾਵਿੜ ਫਿਲਹਾਲ ਟੀਮ ਇੰਡੀਆ ਦੇ ਮੁੱਖ ਕੋਚ ਹਨ। ਉਨ੍ਹਾਂ ਦਾ ਕਾਰਜਕਾਲ ਅਮਰੀਕਾ ਤੇ ਵੈਸਟਇੰਡੀਜ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਬਾਅਦ ਖਤਮ ਹੋ ਜਾਵੇਗਾ। (BCCI)

ਇਹ ਵੀ ਪੜ੍ਹੋ : India Sends Kenya Aid: ਭਾਰਤ ਨੇ ਕੀਤੀ ਕੀਨੀਆ ਹੜ੍ਹ ਪੀੜਤਾਂ ਦੀ ਦੂਜੀ ਵਾਰੀ ਮੱਦਦ, ਰਾਹਤ ਸਮੱਗਰੀ ਭੇਜੀ

2027 ਤੱਕ ਰਹੇਗਾ ਨਵੇਂ ਕੋਚ ਦਾ ਕਾਰਜ਼ਕਾਲ | BCCI

ਨਵੇਂ ਮੁੱਖ ਕੋਚ ਦੀ ਚੋਣ ਟੀ-20 ਵਿਸ਼ਵ ਕੱਪ ਦੌਰਾਨ ਕੀਤੀ ਜਾਵੇਗੀ। ਉਨ੍ਹਾਂ ਦਾ ਕਾਰਜਕਾਲ 1 ਜੁਲਾਈ 2024 ਤੋਂ ਸ਼ੁਰੂ ਹੋਵੇਗਾ ਤੇ 31 ਦਸੰਬਰ 2027 ਤੱਕ ਚੱਲੇਗਾ। ਇਸ ਦੌਰਾਨ ਟੀਮ ਇੰਡੀਆ ਨੂੰ ਆਈਸੀਸੀ ਦੇ 5 ਟੂਰਨਾਮੈਂਟ ਖੇਡਣੇ ਹਨ। ਇਸ ਵਿੱਚ ਚੈਂਪੀਅਨਜ਼ ਟਰਾਫੀ, ਟੀ20 ਵਿਸ਼ਵ ਕੱਪ ਤੇ ਇੱਕਰੋਜ਼ਾ ਵਿਸ਼ਵ ਕੱਪ ਦੇ ਨਾਲ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ 2 ਗੇੜ ਖੇਡਣੇ ਹਨ। (BCCI)

ਇਹ ਰੱਖੀਆਂ ਗਈਆਂ ਹਨ ਯੋਗਤਾਵਾਂ | BCCI

ਮੁੱਖ ਕੋਚ ਦੇ ਅਹੁਦੇ ਲਈ ਬਿਨੈ ਕਰਨ ਵਾਲੇ ਉਮੀਦਵਾਰਾਂ ਕੋਲ ਕੁਝ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ, ਜਿਸ ਦਾ ਬੀਸੀਸੀਆਈ ਨੇ ਆਪਣੇ ਇਸ਼ਤਿਹਾਰ ’ਚ ਜ਼ਿਕਰ ਕੀਤਾ ਹੈ।

  • 30 ਟੈਸਟ ਮੈਚ ਤੇ 50 ਇੱਕਰੋਜ਼ਾ ਮੈਚ ਖੇਡਣ ਦਾ ਤਜ਼ੁਰਬਾ ਹੋਣਾ ਚਾਹੀਦਾ ਹੈ।
  • ਪੂਰੀ ਮੈਂਬਰ ਟੈਸਟ ਟੀਮ ਨੂੰ ਘੱਟ ਤੋਂ ਘੱਟ 2 ਸਾਲਾਂ ਤੱਕ ਕੋਚਿੰਗ ਦਿੱਤੀ ਹੋਵੇ।
  • ਕਿਸੇ ਵੀ ਐਸੋਸੀਏਟ ਦੇਸ਼, ਆਈਪੀਐਲ ਟੀਮ, ਕੌਮਾਂਤਰੀ ਲੀਗ, ਪਹਿਲੀ ਸ੍ਰੇਣੀ ਟੀਮ, ਰਾਸ਼ਟਰੀ ਏ ਟੀਮ ਨੂੰ 3 ਜਾਂ 2 ਤੋਂ ਜ਼ਿਆਦਾ ਸਾਲਾਂ ਲਈ ਕੋਚ ਕੀਤਾ ਹੋਣਾ ਚਾਹੀਦਾ ਹੈ।
  • ਬੀਸੀਸੀਆਈ ਦੇ ਕੋਚਿੰਗ ਲੈਵਲ-3 ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ।
  • ਉਮਰ 60 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ।

ਨਵੰਬਰ 2021 ’ਚ ਮੁੱਖ ਕੋਚ ਬਣੇ ਸਨ ਰਾਹੁਲ ਦ੍ਰਾਵਿੜ | BCCI

ਰਾਹੁਲ ਦ੍ਰਾਵਿੜ ਨੂੰ ਨਵੰਬਰ 2021 ’ਚ ਭਾਰਤ ਦਾ ਮੁੱਖ ਕੋਚ ਬਣਾਇਆ ਗਿਆ ਸੀ, ਜਦੋਂ ਟੀਮ ਇੰਡੀਆ ਟੀ-20 ਵਿਸ਼ਵ ਕੱਪ ਦੇ ਗਰੁੱਪ ਪੜਾਅ ਤੋਂ ਬਾਹਰ ਹੋ ਗਈ ਸੀ। ਟੀਮ ਨੇ 2022 ਦੇ ਟੀ-20 ਵਿਸ਼ਵ ਕੱਪ ’ਚ ਫਿਰ ਸੈਮੀਫਾਈਨਲ ਖੇਡਿਆ। 2023 ’ਚ ਇੱਕਰੋਜ਼ਾ ਵਿਸ਼ਵ ਕੱਪ ਤੋਂ ਬਾਅਦ ਦ੍ਰਾਵਿੜ ਦਾ ਕਾਰਜਕਾਲ ਖਤਮ ਹੋ ਗਿਆ ਸੀ ਪਰ ਟੀਮ ਇੰਡੀਆ ਦੇ ਫਾਈਨਲ ’ਚ ਪਹੁੰਚਣ ਕਾਰਨ ਉਨ੍ਹਾਂ ਦਾ ਕਾਰਜਕਾਲ ਟੀ-20 ਵਿਸ਼ਵ ਕੱਪ ਤੱਕ ਵਧਾ ਦਿੱਤਾ ਗਿਆ ਸੀ। (BCCI)

ਦ੍ਰਾਵਿੜ ਨਾਲ ਕੋਚਿੰਗ ਸਟਾਫ ਦਾ ਕਾਰਜਕਾਲ ਵੀ ਵਧਾਇਆ ਗਿਆ ਸੀ। ਇਨ੍ਹਾਂ ’ਚ ਬੱਲੇਬਾਜੀ ਕੋਚ ਵਿਕਰਮ ਰਾਠੌਰ, ਫੀਲਡਿੰਗ ਕੋਚ ਟੀ ਦਿਲੀਪ ਤੇ ਗੇਂਦਬਾਜੀ ਕੋਚ ਪਾਰਸ ਮਹਾਮਬਰੇ ਸ਼ਾਮਲ ਹਨ। ਜੈ ਸ਼ਾਹ ਨੇ ਹਾਲ ਹੀ ’ਚ ਕਿਹਾ ਸੀ ਕਿ ਜੇਕਰ ਦ੍ਰਾਵਿੜ ਚਾਹੁਣ ਤਾਂ ਉਹ ਕੋਚ ਦੇ ਅਹੁਦੇ ਲਈ ਦੁਬਾਰਾ ਅਪਲਾਈ ਕਰ ਸਕਦੇ ਹਨ। ਦ੍ਰਾਵਿੜ ਦੀ ਕੋਚਿੰਗ ਵਿੱਚ ਟੀਮ ਇੰਡੀਆ ਨੂੰ ਇਕਲੌਤੀ ਸਫਲਤਾ 2023 ਵਿੱਚ ਏਸ਼ੀਆ ਕੱਪ ਦੇ ਰੂਪ ’ਚ ਮਿਲੀ ਹੈ। ਭਾਰਤ ਨੇ ਮੇਜ਼ਬਾਨ ਸ਼੍ਰੀਲੰਕਾ ਨੂੰ ਹਰਾ ਕੇ ਖਿਤਾਬ ਆਪਣੇ ਨਾਂਅ ਕੀਤਾ ਸੀ। (BCCI)