ਕਾਂਗਰਸੀ ਵਿਧਾਇਕ ਬੋਲੇ, ਸੂਬੇ ’ਚ ਲੱਗੇ ਰਾਸ਼ਟਰਪਤੀ ਸ਼ਾਸਨ | Haryana Cabinet Meeting
- ਰਾਜ ਭਵਨ ਪਹੁੰਚੇ ਕਾਂਗਰਸੀ ਵਿਧਾਇਕ, ਆਊਟ ਆਫ ਸਟੇਸ਼ਨ ਹੋਣ ਕਾਰਨ ਰਾਜਪਾਲ ਨਾਲ ਨਹੀਂ ਹੋਈ ਮੁਲਾਕਤ
ਜੇਜੇਪੀ ਦੇ ਤਿੰਨ ਵਿਧਾਇਕ ਦੇ ਸਕਦੇ ਹਨ ਅਸਤੀਫ਼ਾ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਤਿੰਨ ਆਜ਼ਾਦ ਵਿਧਾਇਕਾਂ ਦੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਰਕਾਰ ਸਾਹਮਣੇ ਬਹੁਮਤ ਨੂੰ ਲੈ ਕੇ ਪੈਦਾ ਹੋਏ ਸੰਕਟ ਦਰਮਿਆਨ 15 ਮਈ ਨੂੰ ਕੈਬਨਿਟ ਦੀ ਮੀਟਿੰਗ ਸੱਦ ਲਈ ਹੈ। ਸੂਤਰਾਂ ਦੀ ਮੰਨੀਏ ਤਾਂ ਬੈਠਕ ’ਚ ਵਿਧਾਨ ਸਭਾ ਸੈਸ਼ਨ ਬੁਲਾਉਣ ਦਾ ਐਲਾਨ ਹੋ ਸਕਦਾ ਹੈ। ਜਿਸ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਾਲੀ ਸਰਕਾਰ ਨੂੰ ਬਹੁਮਤ ਸਾਬਿਤ ਕਰਨਾ ਪਵੇਗਾ। (Haryana Cabinet Meeting)
ਸ਼ੁੱਕਰਵਾਰ ਨੂੰ ਕਾਂਗਰਸ ਵਿਧਾਇਕ ਦਲ ਉਪ ਆਗੂ ਆਫਤਾਬ ਅਹਿਮਦ ਦੀ ਅਗਵਾਈ ’ਚ ਚੰਡੀਗੜ੍ਹ ਰਾਜ ਭਵਨ ਪਹੁੰਚੇ। ਉਹ ਇੱਥੇ ਰਾਜਪਾਲ ਨੂੰ ਮਿਲਣ ਆਏ ਸਨ। ਪਰ ਰਾਜਪਾਲ ਆਊਟ ਆਫ ਸਟੇਸ਼ਨ ਹੋਣ ਕਾਰਨ ਵਿਧਾਇਕ ਉਨ੍ਹਾਂ ਨੂੰ ਨਹੀਂ ਮਿਲ ਸਕੇ। ਕਾਂਗਰਸ ਆਗੂ ਆਫਤਾਬ ਅਹਿਮਦ ਅਤੇ ਚੀਫ ਵਹਿਪ ਬੀਬੀ ਬੱਤਰਾ ਨੇ ਰਾਜ ਭਵਨ ’ਚ ਆਪਣਾ ਮੰਗ ਪੱਤਰ ਸੌਂਪ ਦਿੱਤਾ ਹੈ। ਇਸ ਤੋਂ ਬਾਅਦ ਪ੍ਰੈੱਸ ਕਾਨਫਰੰਸ ’ਚ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਕੋਲ ਬਹੁਮਤ ਨਹੀਂ ਹੈ ਤਾਂ ਰਾਸ਼ਟਰਪਤੀ ਸ਼ਾਸਨ ਲਗਾਇਆ ਜਾਣਾ ਚਾਹੀਦਾ ਹੈ। ਕਾਂਗਰਸ ਆਗੂਆਂ ਨੇ ਚੋਣ ਕਮਿਸ਼ਨ ਤੋਂ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਦੀ ਜ਼ੈੱਡ ਪਲੱਸ ਸੁਰੱਖਿਆ ਹਟਾਉਣ ਦੀ ਵੀ ਮੰਗ ਕੀਤੀ ਹੈ। ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਰਹੀ ਹੈ।
ਦੂਜੇ ਪਾਸੇ ਵਿਰੋਧੀ ਪਾਰਟੀਆਂ ਵੱਲੋਂ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣ ਤੋਂ ਬਾਅਦ ਭਾਜਪਾ ਨੇ ਵੀ ਆਪਣੇ ਸਿਆਸੀ ਗੋਟੀਆਂ ਫਿਟ ਕਰ ਦਿੱਤੀਆਂ ਹਨ। ਸਰਕਾਰ ’ਤੇ ਆਏ ਖਤਰੇ ਨੂੰ ਟਾਲਣ ਦੀ ਕੋਸ਼ਿਸ਼ ਵਿਚ ਦਿੱਗਜ਼ ਆਗੂ ਲੱਗੇ ਹੋਏ ਹਨ। ਸੂਤਰਾਂ ਮੁਤਾਬਕ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਤਿੰਨ ਬਾਗੀ ਵਿਧਾਇਕ ਸਰਕਾਰ ਨੂੰ ਬਚਾਉਣ ਲਈ ਅਸਤੀਫਾ ਦੇ ਸਕਦੇ ਹਨ। ਇਨ੍ਹਾਂ ਵਿੱਚ ਦੇਵੇਂਦਰ ਬਬਲੀ, ਰਾਮਨਿਵਾਸ ਸੁਰਜਾਖੇੜਾ ਅਤੇ ਜੋਗੀਰਾਮ ਸਿਹਾਗ ਸ਼ਾਮਲ ਹੋ ਸਕਦੇ ਹਨ। ਇਹ ਸਾਰੀ ਰਣਨੀਤੀ ਜੇਜੇਪੀ ਦੇ ਬਾਗੀ ਵਿਧਾਇਕਾਂ ਅਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਵਿਚਾਲੇ ਪਾਣੀਪਤ ’ਚ ਹੋਈ ਬੈਠਕ ਤੋਂ ਬਾਅਦ ਬਣਾਈ ਗਈ।
ਸੁਆਲ ਸਰਕਾਰ ਬਣਾਉਣ ਦਾ ਨਹੀਂ ਹੈ, ਸਗੋਂ ਸਰਕਾਰ ਘੱਟ ਗਿਣਤੀ ’ਚ ਹੈ : ਹੁੱਡਾ
ਕਾਂਗਰਸ ਆਗੂ ਅਤੇ ਸਾਬਕਾ ਮੁੱਖ ਮੰਤਰੀ ਭੁਪੇਂਦਰ ਸਿੰਘ ਹੁੱਡਾ ਨੇ ਸੂਬੇ ’ਚ ਚੱਲ ਰਹੇ ਸਿਆਸੀ ਘਟਨਾਕ੍ਰਮ ਦਰਮਿਆਨ ਸਰਕਾਰ ਬਣਾਉਣ ਤੋਂ ਇਨਕਾਰ ਕਰ ਦਿੱਤਾ ਹੈ। ਹੁੱਡਾ ਨੇ ਕਿਹਾ ਕਿ ਸੁਆਲ ਸਾਡੀ ਸਰਕਾਰ ਬਣਾਉਣ ਦਾ ਨਹੀਂ ਹੈ। ਸਰਕਾਰ ਕੋਲ ਸਿਰਫ਼ 3 ਮਹੀਨੇ ਬਚੇ ਹਨ। ਸੁਆਲ ਇਹ ਹੈ ਕਿ ਸਰਕਾਰ ਘੱਟ ਗਿਣਤੀ ਵਿੱਚ ਹੈ। ਭਾਜਪਾ ਆਪਣੀ ਗਿਣਤੀ ਸਾਬਤ ਕਰੇ, ਵਿਧਾਇਕਾਂ ਦੀ ਪਰੇਡ ਕਰਵਾਏ। ਹੁੱਡਾ ਨੇ ਦਾਅਵਾ ਕੀਤਾ ਕਿ ਫਿਲਹਾਲ 45 ਵਿਧਾਇਕ ਸਰਕਾਰ ਖਿਲਾਫ ਹਨ। ਉਧਰ ਕਾਂਗਰਸ ਦੇ ਸੂਬਾ ਪ੍ਰਧਾਨ ਉਦੈ ਭਾਨ ਨੇ ਕਿਹਾ ਕਿ ਭਾਜਪਾ ਸਰਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
Also Read : ਦੁਪਹਿਰ ਤੱਕ ਚੜ੍ਹੇ ਪਾਰੇ ਨੂੰ ਸ਼ਾਮ ਦੇ ਮੀਂਹ ਨੇ ਥੱਲੇ ਲਾਹਿਆ, ਕਈ ਥਾਈਂ ਗੜੇ ਵੀ ਪਏ