(ਗੁਰਪ੍ਰੀਤ ਸਿੰਘ) ਬਰਨਾਲਾ। ਲੰਘੀ ਰਾਤ ਬਰਨਾਲਾ-ਸੰਗਰੂਰ ਮੁੱਖ ਮਾਰਗ ’ਤੇ ਗੁਰਸੇਵਕ ਨਗਰ ਵਿਖੇ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਲੁਟੇਰੇ ਇੱਕ ਦੁਕਾਨਦਾਰ ਦੇ ਗਲ਼ ਉੱਪਰ ਦਾਤਰ ਰੱਖ ਕੇ ਕਾਊਂਟਰ ਦੇ ਦਰਾਜ਼ ਵਿੱਚੋਂ 25 ਹਜ਼ਾਰ ਰੁਪਏ ਦੀ ਨਗਦੀ ਅਤੇ ਉਸਦਾ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ। Robbery News
ਇਸ ਸਬੰਧੀ ਜਾਣਕਾਰੀ ਦਿੰਦਿਆ ਜੀਵਨ ਲਾਲ ਪੁੱਤਰ ਸੋਮ ਨਾਥ ਵਾਸੀ ਪ੍ਰੇਮ ਨਗਰ ਬਰਨਾਲਾ ਨੇ ਦੱਸਿਆ ਕਿ ੳਹ ਗੁਰਸੇਵਕ ਨਗਰ ਬਰਨਾਲਾ ਵਿਖੇ ਦੁੱਧ ਦੀ ਡੇਅਰੀ ਅਤੇ ਕਰਿਆਨਾ ਦੀ ਦੁਕਾਨ ਚਲਾਉਂਦਾ ਹੈ। ਉਸ ਨੇ ਦੱਸਿਆ ਕਿ ਆਪਣੇ ਘਰ ਵਾਸਤੇ ਕਣਕ ਦੀ ਖਰੀਦ ਕਰਨ ਲਈ ਉਸ ਨੇ ਆਪਣੇ ਰਿਸ਼ਤੇਦਾਰ ਤੋਂ 25 ਹਜ਼ਾਰ ਰੁਪਏ ਹੱਥ ਉਧਾਰ ਲਏ ਸਨ ਜੋ ਦੁਕਾਨ ਦੇ ਦਰਾਜ ਵਿੱਚ ਰੱਖੇ ਹੋਏ ਸਨ। ਲੰਘੀ ਰਾਤ ਉਹ ਦੁਕਾਨ ਉਪਰ ਆਪਣਾ ਕੰਮ ਕਰ ਰਿਹਾ ਸੀ ਕਿ 8:30 ਕੁ ਵਜੇ ਦੇ ਕਰੀਬ ਇੱਕ ਮੋਟਰਸਾਇਕਲ ਸਵਾਰ ਦੋ ਨੌਜਵਾਨ ਆਏ ਜਿੰਨਾਂ ਦੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ ਜਿਨ੍ਹਾਂ ਵਿੱਚੋਂ ਇੱਕ ਨੇ ਦਾਤਰ ਉਸ ਦੀ ਗਰਦਨ ਉੱਪਰ ਰੱਖ ਲਿਆ ਅਤੇ ਗੱਲ਼ੇ ਵਿੱਚੋਂ ਨਗਦੀ ਦੇਣ ਲਈ ਕਿਹਾ ਉਸ ਦੇ ਨਾਂਹ ਕਰਨ ’ਤੇ ਨਕਾਬਪੋਸ਼ ਲੁਟੇਰਿਆਂ ਨੇ ਗੱਲ਼ੇ ਵਿੱਚ ਧੱਕੇ ਨਾਲ ਨਗਦੀ ਕੱਢ ਲਈ ਅਤੇ ਉਸਦੇ ਕੋਲੋ ਮੋਬਾਇਲ ਖੋਹ ਕੇ ਪਿੰਡ ਫਰਵਾਹੀ ਵੱਲ ਮੋਟਰਸਾਇਕਲ ’ਤੇ ਫਰਾਰ ਹੋ ਗਏ।
ਇਹ ਵੀ ਪੜ੍ਹੋ: ਕੇਜਰੀਵਾਲ ਦੀ ਜਮਾਨਤ ਅਰਜੀ ’ਤੇ ਸੁਰਪੀਮ ਕੋਰਟ ਦੀ ਟਿੱਪਣੀ, ਪੜ੍ਹੋ ਕੀ ਕਿਹਾ…
ਜਿਸ ਤੋਂ ਬਾਅਦ ਗੁਆਢੀ ਦੁਕਾਨਦਾਰ ਤੋਂ ਮੋਬਾਇਲ ਲੈ ਕੇ ਆਪਣੇ ਘਰ ਸੂਚਿਤ ਕੀਤਾ ਅਤੇ ਪੁਲਿਸ ਸਟੇਸ਼ਨ ਪਹੁੰਚ ਕੇ ਲੁੱਟ ਸੰਬੰਧੀ ਸੂਚਨਾ ਦਿੱਤੀ। ਜਦੋਂ ਇਸ ਸਬੰਧੀ ਥਾਣਾ ਸਿਟੀ-2 ਦੇ ਐਸ.ਐ.ਓ ਨਿਰਮਲਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜੀਵਨ ਲਾਲ ਨੇ ਉਸ ਨਾਲ ਹੋਈ ਘਟਨਾ ਸਬੰਧੀ ਦਰਖਾਸਤ ਦਿੱਤੀ ਹੈ। ਪੁਲਿਸ ਵੱਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਾਹੀ ਹੈ ਤੇ ਮੋਟਰਸਾਇਕਲ ਸਵਾਰਾਂ ਦੀ ਪੈੜ੍ਹ ਨੱਪਣ ਲਈ ਆਸ-ਪਾਸ ਦੇ ਏਰੀਏ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। Robbery News