(ਸੁਖਜੀਤ ਮਾਨ) ਬਠਿੰਡਾ। ਬੇਰੁਜ਼ਗਾਰ ਸਾਂਝਾ ਮੋਰਚਾ ਨੇ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦੇਣ ਦੀ ਵਿੱਢੀ ਮੁਹਿੰਮ ਤਹਿਤ ਸਥਾਨਕ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਮੰਗ ਪੱਤਰ ਦੇਣ ਲਈ ਟੀਚਰਜ਼ ਹੋਮ ਵਿਖੇ ਭਰਵਾਂ ਇਕੱਠ ਕੀਤਾ। ਇਸ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਰੋਸ ਮਾਰਚ ਕੀਤਾ। ਬੱਸ ਅੱਡੇ ਅੱਗੇ ਪੁੱਜ ਕੇ ਰੋਸ ਮਾਰਚ ’ਚ ਸ਼ਾਮਿਲ ਮੈਂਬਰਾਂ ਨੇ ਚੌਂਕ ਜਾਮ ਕਰ ਦਿੱਤਾ। Bathinda News
ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ,ਜਸਵੰਤ ਘੁਬਾਇਆ, ਰਮਨ ਕੁਮਾਰ ਮਲੋਟ ਅਤੇ ਹਰਜਿੰਦਰ ਸਿੰਘ ਝੁਨੀਰ ਨੇ ਦੱਸਿਆ ਕਿ ਆਪ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੀ ਲਾਪਰਵਾਹੀ ਅਤੇ ਸਥਾਨਕ ਪ੍ਰਸ਼ਾਸਨ ਦੀ ਨਾਕਾਮੀ ਰਹੀ ਕਿ ਉਮੀਦਵਾਰ ਖੁੱਡੀਆਂ ਨੇ ਮੰਗ ਪੱਤਰ ਪ੍ਰਾਪਤ ਕਰਨਾ ਯੋਗ ਨਹੀਂ ਸਮਝਿਆ ਤਾਂ ਕਰਕੇ ਬੇਰੁਜ਼ਗਾਰਾਂ ਨੂੰ ਰੋਸ ਮਾਰਚ ਕਰਕੇ ਬੱਸ ਸਟੈਂਡ ਸਾਹਮਣੇ ਲੰਬਾ ਸਮਾਂ ਜਾਮ ਲਗਾਉਣਾ ਪਿਆ।
ਇਹ ਵੀ ਪੜ੍ਹੋ: ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਜੀ ਪੀ ਦੇ ਹੱਕ ’ਚ ਕੀਤਾ ਚੋਣ ਪ੍ਰਚਾਰ
ਉਹਨਾਂ ਦੱਸਿਆ ਕਿ ਮੋਰਚੇ ਵੱਲੋਂ ਵਿੱਢੀ ਮੁਹਿੰਮ ਨੂੰ ਖੁੱਡੀਆਂ ਨੇ ਨਜ਼ਰਅੰਦਾਜ਼ ਕੀਤਾ ਹੈ। ਇਸ ਲਈ ਹਲਕੇ ਦੇ ਪਿੰਡਾਂ ਵਿੱਚ ਘੇਰ ਕੇ ਸਵਾਲ ਪੁੱਛੇ ਜਾਣਗੇ। ਪ੍ਰਦਰਸ਼ਨਕਾਰੀਆਂ ਦੇ ਵਧਦੇ ਗੁੱਸੇ ਨੂੰ ਦੇਖਦਿਆਂ ਪ੍ਰਸ਼ਾਸ਼ਨ ਨੇ ਕਾਫੀ ਜੱਦੋ-ਜਹਿਦ ਮਗਰੋਂ ਮੰਗ ਪੱਤਰ ਹਾਸਿਲ ਕਰਕੇ ਧਰਨਾ ਸਮਾਪਤ ਕਰਵਾਇਆ। ਇਸ ਮੌਕੇ ਧਰਨਾਕਾਰੀਆਂ ਨੇ ਆਪਣੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਉੱਤੇ ਉਮਰ ਹੱਦ ਛੋਟ ਦੇ ਕੇ ਭਰਤੀ ਕੀਤੀ ਜਾਵੇ। Bathinda News
ਮਾਸਟਰ ਕੇਡਰ ਵਿੱਚ 55 ਪ੍ਰਤੀਸ਼ਤ ਦੀ ਲਗਾਈ ਸ਼ਰਤ ਰੱਦ ਕੀਤੀ ਜਾਵੇ, ਆਰਟ ਐਂਡ ਕਰਾਫਟ ਦਾ ਲਿਖਤੀ ਪੇਪਰ ਤੁਰੰਤ ਲਿਆ ਜਾਵੇ, ਪ੍ਰਾਇਮਰੀ ਕੇਡਰ ਵਿੱਚ ਡਰਾਇੰਗ ਟੀਚਰਾਂ ਦੀਆਂ 2000 ਅਸਾਮੀਆਂ ਉਮਰ ਹੱਦ ਵਿੱਚ ਛੋਟ ਦੇ ਕੇ ਭਰਤੀ ਕੀਤੀ ਜਾਵੇ, ਮਲਟੀ ਪਰਪਜ਼ ਹੈਲਥ ਵਰਕਰ ਦੀਆਂ ਸਾਰੀਆਂ ਖਾਲੀ ਅਸਾਮੀਆਂ ਉੱਤੇ ਉਮਰ ਹੱਦ ਛੋਟ ਦੇ ਕੇ ਭਰਤੀ ਕੀਤੀ ਜਾਵੇ, ਲੈਕਚਰਾਰ ਦੇ ਸਾਰੇ ਵਿਸ਼ਿਆਂ ਦੀ ਭਰਤੀ ਕੀਤੀ ਜਾਵੇ ਤੇ ਹੋਰ ਮੰਗਾਂ ਪੂਰੀਆਂ ਕੀਤੀਆਂ ਜਾਣ। ਇਸ ਮੌਕੇ ਅਮਨ ਸੇਖਾ, ਮਨਪ੍ਰੀਤ ਸਿੰਘ, ਨੀਟਾ ਡੱਬਵਾਲੀ,ਲਖਬੀਰ ਬੀਹਲਾ, ਮਨਪ੍ਰੀਤ ਸਿੰਘ ਭੁੱਚੋ, ਮਨਪ੍ਰੀਤ ਕੌਰ ਭੁੱਚੋ , ਰਜਨੀ ਬਾਲਾ ਰਾਮਪੁਰਾ, ਮਨੀਸ਼ ਫਾਜ਼ਿਲਕਾ, ਸੱਤਪਾਲ ਸਿੰਘ,ਰੀਮਾ ਫੁਟੇਲਾ, ਮੰਗਤ ਲਾਲ ਅਤੇ ਨਰਿੰਦਰਪਾਲ ਸਿੰਘ ਹਾਜ਼ਰ ਸਨ।