76th Foundation Day: 76ਵਾਂ ਰੂਹਾਨੀ ਸਥਾਪਨਾ ਦਿਵਸ, ਨੇਕੀ ਦੇ ਗਜ਼ਬ ਅਜੂਬੇ

76th Foundation Day: ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ 29 ਅਪਰੈਲ ਸੰਨ 1948 ਨੂੰ ਡੇਰਾ ਸੱਚਾ ਸੌਦਾ ਦੀ ਸ਼ੁੱਭ ਸਥਾਪਨਾ ਕੀਤੀ

76th Foundation Day: ਸੱਚੇ ਰੂਹਾਨੀ ਰਹਿਬਰ ਸਤਿਗੁਰੂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ 29 ਅਪਰੈਲ 1948 ਦੇ ਸ਼ੁੱਭ ਦਿਨ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਤਾਂ ਸਮਾਜ ਨੂੰ ਬੁਰਾਈਆਂ ਰੂਪੀ ਅੰਧਕਾਰ ਤੋਂ ਮੁਕਤੀ ਮਿਲੀ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ’ਚ ਅੱਜ ਕਰੀਬ ਸੱਤ ਕਰੋੜ ਸਾਧ-ਸੰਗਤ ਤਨ-ਮਨ-ਧਨ ਨਾਲ ਮਾਨਵਤਾ ਭਲਾਈ ਕਾਰਜ ਇਸ ਤਰ੍ਹਾਂ ਕਰ ਰਹੀ ਹੈ ਕਿ ਹਰ ਭਲਾਈ ਕਾਰਜ ਅਜੂਬਾ ਨਜ਼ਰ ਆਉਂਦਾ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ’ਚ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕਾਰਜ ਗਿੰਨੀਜ ਬੁੱਕ ’ਚ ਦਰਜ ਹਨ।

ਚੰਗਾ ਬੋਲੋ, ਚੰਗਾ ਖਾਓ, ਚੰਗਾ ਸੋਚੋ, ਚੰਗੇ ਕੰਮ ਕਰੋ, ਰੱਬ ਦਾ ਨਾਮ ਜਪੋ ਅਤੇ ਉਸ ਦੀ ਰਜ਼ਾ ’ਚ ਰਾਜ਼ੀ ਰਹੋ ਪਰ ਹਾਲਾਤ ਅੱਗੇ ਨਾ ਹਾਰੋ, ਹਮੇਸ਼ਾ ਅੱਗੇ ਵਧਣ ਲਈ ਸਾਕਾਰਾਤਮਕ ਸੋਚੋ। ਅਜਿਹੀ ਸਿੱਖਿਆ ’ਤੇ ਚੱਲਣ ਅਤੇ ਅਜਿਹਾ ਜੀਵਨ ਜਿਉਣ ਦਾ ਨਾਂਅ ਹੈ ਡੇਰਾ ਸੱਚਾ ਸੌਦਾ। ਇਸੇ ਸਿੱਖਿਆ ਦੀ ਅੱਜ ਸਭ ਤੋਂ ਵੱਡੀ ਲੋੜ ਹੈ। ਆਧੁਨਿਕ ਮਨੁੱਖ, ਨਵੀਂ ਪੀੜ੍ਹੀ ਜਿੱਥੇ ਅੱਜ ਤਣਾਅਗ੍ਰਸਤ ਹੈ, ਬੱਚੇ ਮਾਪਿਆਂ ਦੇ ਸੰਸਕਾਰਾਂ ਤੇ ਮਾਰਗਦਰਸ਼ਨ ਤੋਂ ਖਾਲੀ ਹਨ, ਉਨ੍ਹਾਂ ਦੀ ਜ਼ਿੰਦਗੀ ਧਰਮਾਂ ਦੀ ਜੀਵਨਸ਼ੈਲੀ ਤੋਂ ਵਾਂਝੀ ਹੈ, ਜਿਸ ਨੂੰ ਡੇਰਾ ਸੱਚਾ ਸੌਦਾ ਦਾ ਰੂਹਾਨੀ, ਸਮਾਜਿਕ ਤੇ ਸੱਭਿਆਚਾਰਕ ਜ਼ਿੰਦਗੀ ਜਿਉਣ ਦਾ ਸਲੀਕਾ ਸਹੀ ਸੇਧ ਦੇ ਰਿਹਾ ਹੈ।

76th Foundation Day

ਬੜਾ ਵੱਖਰਾ ਨਜ਼ਾਰਾ ਹੈ ਡੇਰਾ ਸੱਚਾ ਸੌਦਾ ਦਾ। ਅੱਜ ਆਧੁਨਿਕ ਯੁੱਗ ਦਾ ਵਿਅਕਤੀ ਜਿੱਥੇ ਖੁਦਾ, ਰੱਬ ਦੇ ਨਾਂਅ ਤੋਂ ਇਨਕਾਰੀ ਹੋਣ ਦੀਆਂ ਗੱਲਾਂ ਕਰਦਾ ਹੈ, ਧਰਮਾਂ ਦੀ ਸਿੱਖਿਆ ਨੂੰ ਪਿਛਾਂਹ ਖਿੱਚੂ ਸੋਚ ਦੱਸਦਾ ਹੈ, ਮਹਿੰਗੇ ਖਾਣ-ਪੀਣ, ਪਹਿਨਾਵੇ ਤੇ ਗੱਡੀਆਂ-ਕੋਠੀਆਂ ਨੂੰ ਹੀ ਸਫ਼ਲ ਜ਼ਿੰਦਗੀ ਮੰਨਦਾ ਹੈ, ਉੱਥੇ ਡੇਰਾ ਸੱਚਾ ਸੌਦਾ ’ਚ ਕਰੋੜਾਂ ਨੌਜਵਾਨ ਪਰਮਾਤਮਾ ਦੀ ਭਗਤੀ ਤੇ ਸਮਾਜ ਸੇਵਾ ਨੂੰ ਹੀ ਜ਼ਿੰਦਗੀ ਦਾ ਸੱਚਾ ਗਹਿਣਾ ਤੇ ਉੱਚਾ ਰੁਤਬਾ ਮੰਨਦੇ ਹਨ। ਆਪਣੇ-ਆਪ ਨੂੰ ਖਾਨਦਾਨੀ ਸਤਿਸੰਗੀ ਸੇਵਾਦਾਰ ਅਖਵਾਉਣ ’ਚ ਮਾਣ ਮਹਿਸੂਸ ਕਰਦੇ ਹਨ।

ਇਨ੍ਹਾਂ ਨੌਜਵਾਨਾਂ ਦਾ ਦਿਨ ਭਰ ਦਫ਼ਤਰਾਂ, ਖੇਤਾਂ, ਫੈਕਟਰੀਆਂ ’ਚ ਡਿਊਟੀ ਦੇਣ ਤੋਂ ਬਾਅਦ ਫਿਰ ਜਿੰਨਾ ਵੀ ਸਮਾਂ ਮਿਲਿਆ ਕੁਦਰਤ ਤੇ ਜ਼ਰੂਰਤਮੰਦਾਂ ਦੀ ਸੇਵਾ ’ਚ ਲਾਉਣਾ ਅੱਜ ਦੁਨੀਆਂ ’ਚ ਅਜੂਬੇ ਵਾਂਗ ਹੈ, ਕਰੋੜਾਂ ਸੇਵਾਦਾਰ ਅਜਿਹੇ ਵੀ ਹਨ ਜੋ ਦਿਨੇ ਸਮਾਂ ਨਾ ਮਿਲਣ ਕਾਰਨ ਰਾਤ ਨੂੰ ਜ਼ਰੂਰਤਮੰਦਾਂ ਲਈ ਮਕਾਨ ਬਣਾਉਣ ਲਈ ਚੱਲ ਪੈਂਦੇ ਹਨ। ਖੂਨਦਾਨ ਲਈ ਤਾਂ ਫਿਰ ਕੋਈ ਸਮਾਂ ਹੁੰਦਾ ਹੀ ਨਹੀਂ, ਕਿਸੇ ਵੀ ਪਾਸਿਓਂ ਖੂਨ ਦੀ ਮੰਗ ਲਈ ਫੋਨ ’ਤੇ ਘੰਟੀ ਵੱਜਦੇ ਹੀ ਸੇਵਾਦਾਰ ਤੁਰੰਤ ਬਲੱਡ ਬੈਂਕ ’ਚ ਪਹੁੰਚ ਜਾਂਦੇ ਹਨ ਅਤੇ ਖੂਨਦਾਨ ਕਰਕੇ ਮਰੀਜ਼ਾਂ ਦੀ ਜਾਨ ਬਚਾਉਂਦੇ ਹਨ। ਖੂਨਦਾਨ ਕਰਕੇ ਇਨ੍ਹਾਂ ਸੇਵਾਦਾਰਾਂ ਦੇ ਚਿਹਰਿਆਂ ’ਤੇ ਕਿਸੇ ਜੰਗ ਨੂੰ ਜਿੱਤਣ ਵਰਗੀ ਅਨੋਖੀ ਚਮਕ ਹੁੰਦੀ ਹੈ।

ਇਹ ਡੇਰਾ ਸੱਚਾ ਸੌਦਾ ਦੀ ਸਿੱਖਿਆ ਦਾ ਹੀ ਕਮਾਲ ਹੈ ਕਿ ਪੋਤਰਾ ਦਾਦੇ ਨੂੰ ਨਾਮ ਸ਼ਬਦ ਲੈਣ ਲਈ ਵਾਰ-ਵਾਰ ਕਹਿੰਦਾ ਹੈ ਤੇ ਸਤਿਸੰਗ ’ਚ ਲੈ ਕੇ ਜਾਂਦਾ ਹੈ। ਕਦੇ ਮਾਪੇ ਬੱਚਿਆਂ ਨੂੰ ਸਮਝਾਉਂਦੇ ਵੇਖੇ-ਸੁਣੇ ਜਾਂਦੇ ਸਨ ਪਰ ਜਦੋਂ ਕੋਈ ਮਾਸੂਮ ਬੱਚਾ ਆਪਣੇ ਬਾਪ-ਦਾਦੇ ਨੂੰ ਸ਼ਰਾਬ ਤੇ ਹੋਰ ਬੁਰਾਈਆਂ ਛੁਡਵਾਉਣ ਦਾ ਜਰੀਆ ਬਣਦਾ ਹੈ ਤਾਂ ਇਹ ਅਜੂਬਾ ਨਹੀਂ ਤਾਂ ਹੋਰ ਕੀ ਹੈ।

‘ਜਾਣ ਨਾ ਪਛਾਣ, ਸਾਡਾ ਪਿਆਰਾ ਮਹਿਮਾਨ’

ਅੱਜ-ਕੱਲ੍ਹ ਕਿਸੇ ਕੋਲ ਕਿਸੇ ਨੂੰ ਰਾਹ ਦੱਸਣ ਦੀ ਫੁਰਸਤ ਨਹੀਂ, ਪਰ ਸੱਚੇ ਸੌਦੇ ਦੇ ਸੇਵਾਦਾਰ ਉਸ ਮੰਦਬੁੱਧੀ ਦੀ ਵੀ ਸੰਭਾਲ ਕਰਦੇ ਹਨ ਜਿਨ੍ਹਾਂ ਦਾ ਪਤਾ ਹੀ ਨਹੀਂ ਕਿ ਉਹ ਹੈ ਕੌਣ, ਕਿੱਥੋਂ ਦਾ ਰਹਿਣ ਵਾਲਾ ਹੈ? ਬੱਸ ਇਨਸਾਨੀਅਤ ਦੀ ਹੀ ਇੱਕ ਸਾਂਝ ਹੈ ਜਿਸ ਦੀ ਚਮਕ ਸਮਾਜ ਨੂੰ ਰੌਸ਼ਨ ਕਰ ਰਹੀ ਹੈ। ਡੇਰਾ ਸੱਚਾ ਸੌਦਾ ਦੇ ਸੇਵਾਦਾਰ ਅਣਜਾਣ ਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਵਿਅਕਤੀ ਦੀ ਪਹਿਲਾਂ ਸੰਭਾਲ ਕਰਦੇ ਹਨ, ਉਸ ਨੂੰ ਨਵ੍ਹਾਉਂਦੇ ਹਨ, ਸਾਫ਼ ਕੱਪੜੇ ਪਵਾਉਂਦੇ ਹਨ, ਭੋਜਨ ਦਿੰਦੇ ਹਨ, ਉਸ ਦਾ ਇਲਾਜ ਕਰਵਾਉਂਦੇ ਹਨ ਤੇ ਤੰਦਰੁਸਤ ਹੋਣ ’ਤੇ ਉਸ ਦੇ ਪਿੰਡ-ਸ਼ਹਿਰ ਦਾ ਪਤਾ ਲਾ ਕੇ ਉਸ ਦੇ ਪਰਿਵਾਰ ਨਾਲ ਮਿਲਾਉਂਦੇ ਹਨ। ਜਦੋਂ 15-15 ਸਾਲਾਂ ਤੋਂ ਲਾਪਤਾ ਵਿਅਕਤੀ ਆਪਣੇ ਪਰਿਵਾਰ ਨਾਲ ਮਿਲੇ ਤਾਂ ਮਾਤਾ-ਪਿਤਾ ਦੀ ਖੁਸ਼ੀ ਦੀ ਹੱਦ ਨਹੀਂ ਰਹਿੰਦੀ ਤੇ ਉਨ੍ਹਾਂ ਲਈ ਸੇਵਾਦਾਰ ਫਰਿਸ਼ਤੇ ਹੁੰਦੇ ਹਨ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਸਾਧ-ਸੰਗਤ ਇਨ੍ਹਾਂ ਹਜ਼ਾਰਾਂ ਵਿਅਕਤੀਆਂ ਦੀ ਸੰਭਾਲ ਕਰਕੇ ਉਨ੍ਹਾਂ ਦੇ ਸੁੰਨੇ ਘਰਾਂ ’ਚ ਖੁਸ਼ੀਆਂ ਵਾਪਸ ਲਿਆ ਰਹੀ ਹੈ।

ਭਾਰਤੀ ਸੱਭਿਆਚਾਰ ਦੀ ਢਾਲ

1990 ਦੇ ਦਹਾਕੇ ’ਚ ਵਿਸ਼ਵੀਕਰਨ ਦਾ ਦੌਰ ਸ਼ੁਰੂ ਹੋਇਆ। ਜਿਸ ਨੇ ਪੂਰੇ ਵਿਸ਼ਵ ਨੂੰ ਇੱਕ ਪਿੰਡ ਦੇ ਰੂਪ ’ਚ ਢਾਲਣ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਦੌਰ ਦੀ ਆਰਥਿਕ ਲਿਸ਼ਕ-ਪੁਸ਼ਕ ਨੇ ਇਸ ਨੂੰ ਆਧੁਨਿਕ ਤੇ ਵਿਗਿਆਨਕ ਯੁੱਗ ਦੀ ਸਭ ਤੋਂ ਵੱਡੀ ਜ਼ਰੂਰਤ ਵਾਂਗ ਪੇਸ਼ ਕੀਤਾ ਪਰ ਇਸ ਨੇ ਭਾਰਤੀ ਮਨੁੱਖ ਦਾ ਸਮਾਜਿਕ ਤੇ ਸੱਭਿਆਚਾਰਕ ਖਾਸਾ ਖੋਹ ਕੇ ਮਨੁੱਖ ਨੂੰ ਸਿਰਫ ਇੱਕ ਖਪਤਕਾਰ ਤੇ ਗ੍ਰਾਹਕ ਬਣਾ ਕੇ ਰੱਖ ਦਿੱਤਾ। ਵਿਸ਼ਵ ਪੱਧਰ ’ਤੇ ਇਨ੍ਹਾਂ ਆਰਥਿਕ ਤਬਦੀਲੀਆਂ ਨੇ ਪੂਰਬੀ ਸੱਭਿਆਚਾਰਾਂ ਦਾ ਮਲੀਆਮੇਟ ਕਰਨਾ ਸ਼ੁਰੂ ਕਰ ਦਿੱਤਾ। ਭਾਰਤੀ ਨੈਤਿਕ ਕਦਰਾਂ-ਕੀਮਤਾਂ, ਰਿਸ਼ਤੇ ਪ੍ਰਣਾਲੀ, ਮਰਿਆਦਾ, ਪਰੰਪਰਾਵਾਂ ਦੀ ਥਾਂ ਪੈਸੇ ਤੇ ਵਸਤੂਆਂ ਦੇ ਉਪਭੋਗ ਦਾ ਦੌਰ ਸ਼ੁਰੂ ਹੋ ਗਿਆ।

76th Foundation Day

ਕਲਾ ਦੇ ਨਾਂਅ ’ਤੇ ਘਟੀਆ ਮਨੋਰੰਜਨ ਤੇ ਅਖੌਤੀ ਵਿਅਕਤੀਗਤ ਅਜ਼ਾਦੀ ਸਮਾਜ ਨੂੰ ਖੋਖਲਾ ਕਰਨ ਲੱਗੇ। ਰਿਸ਼ਤਿਆਂ ਦੀ ਪਵਿੱਤਰਤਾ ਖਤਮ ਹੋਣ ਲੱਗੀ। ਨਸ਼ੇ, ਹੰਕਾਰ , ਵਿਖਾਵਾ, ਹਿੰਸਾ, ਸਾਜੋ-ਸਾਮਾਨ ਸਟੇਟਸ ਸਿੰਬਲ ਬਣਨ ਲੱਗ ਪਏ। ਨਵੀਂ ਪੀੜ੍ਹੀ ਸੰਸਕਾਰਾਂ ਤੋਂ ਕੋਰੀ ਹੋ ਗਈ। ਸੰਚਾਰ ਕ੍ਰਾਂਤੀ ਨੇ ਮਨੁੱਖ ਨੂੰ ਇਕੱਲਾ ਤੇ ਨਿੱਜਵਾਦੀ ਬਣਾ ਦਿੱਤਾ। ਬਜ਼ੁਰਗ ਪਰਿਵਾਰਾਂ ’ਚ ਰਹਿ ਕੇ ਵੀ ਇਕੱਲੇ ਹੋ ਗਏ। ਆਤਮ-ਵਿਸ਼ਵਾਸ ਤੋਂ ਕੋਰਾ ਮਨੁੱਖ ਹਾਲਾਤਾਂ ਸਾਹਮਣੇ ਬੇਵੱਸ ਹੋ ਕੇ ਖੁਦਕੁਸ਼ੀਆਂ ਦੇ ਰਾਹ ਪੈ ਗਿਆ।

ਇਹਨਾਂ ਅਤਿ ਪੇਚਦਾਰ ਹਾਲਾਤਾਂ ਵਾਲੇ ਯੁੱਗ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਭਾਰਤੀ ਸੱਭਿਆਚਾਰ ਦੀਆਂ ਮਹਾਨ ਪਰੰਪਰਾਵਾਂ ਦਾ ਮੋਰਚਾ ਸੰਭਾਲਿਆ ਤੇ ਪੱਛਮ ਦੇ ਉਪਭੋਗਤਾਵਾਦ ਨੂੰ ਜੋਰਦਾਰ ਟੱਕਰ ਦੇਣੀ ਸ਼ੁਰੂ ਕੀਤੀ। ਆਪ ਜੀ ਨੇ ਭਗਤੀ ਮਾਰਗ ਦੇ ਨਾਲ-ਨਾਲ ਭਾਰਤੀ ਸਮਾਜ ਤੇ ਸੱਭਿਆਚਾਰ ਲਈ ਇੱਕ ਮਜ਼ਬੂਤ ਕਿਲ੍ਹਾ ਸਿਰਜਣ ਦਾ ਕੰਮ ਕੀਤਾ।

76th Foundation Day

ਆਪ ਜੀ ਨੇ ਕਰੋੜਾਂ ਲੋਕਾਂ ਨੂੰ ਇਹ ਸੰਕਲਪ ਦਿਵਾਇਆ ਕਿ ਅਖਬਾਰਾਂ, ਰਸਾਲਿਆਂ ਤੇ ਇੰਟਰਨੈੱਟ ’ਤੇ ਗੰਦਗੀ ਨਹੀਂ ਵੇਖਾਂਗੇ। ਆਪ ਜੀ ਨੇ ਮਾਪਿਆਂ ਦੀ ਇਕੱਲਤਾ ਤੇ ਬੇਗਾਨੀਅਤ ਨੂੰ ਖ਼ਤਮ ਕਰਨ ਲਈ ਇੱਕ ਮਹਾਨ ਕਦਮ ਚੁੱਕਿਆ।

ਆਪ ਜੀ ਦੀ ਪ੍ਰੇਰਨਾ ਨਾਲ ਡੇਰਾ ਸ਼ਰਧਾਲੂਆਂ ਨੇ ਘਰਾਂ ਅੰਦਰ ਸ਼ਾਮ 7 ਵਜੇ ਤੋਂ 9 ਵਜੇ ਤੱਕ ਦੋ ਘੰਟੇ ਮੋਬਾਇਲ ਫੋਨ ਦੀ ਵਰਤੋਂ ਨਾ ਕਰਕੇ ਸਾਰੇ ਪਰਿਵਾਰ ਨੇ ਇਕੱਠੇ ਬੈਠ ਕੇ ਗੱਲਬਾਤ ਕਰਨੀ ਸ਼ੁਰੂੂ ਕਰ ਦਿੱਤੀ। ਬੱਚੇ, ਮਾਪੇ ਤੇ ਬਜ਼ੁਰਗ ਇਕੱਠੇ ਸਮਾਂ ਬਤੀਤ ਕਰਨ ਲੱਗੇ। ਅੱਜ ਲੋਕਾਂ ਨੂੰ ਯਕੀਨ ਨਹੀਂ ਆ ਰਿਹਾ ਕਿ ਘਰ ’ਚ ਹੀ ਤਜ਼ਰਬੇ ਦਾ ਇੰਨਾ ਖਜ਼ਾਨਾ ਹੈ ਅਤੇ ਖੁਸ਼ੀ ਤੇ ਪਿਆਰ ਦਾ ਅਜਿਹਾ ਮਾਹੌਲ ਸਿਰਫ ਆਪਣਿਆਂ ਨਾਲ ਬੈਠ ਕੇ ਵੀ ਬਣ ਸਕਦਾ ਹੈ।

ਪਰਿਵਾਰ ਭਾਰਤੀ ਸੱਭਿਆਚਾਰ ਦਾ ਉਹ ਮਹਾਨ ਖਜ਼ਾਨਾ ਹੈ ਜੋ ਮਨੁੱਖ ਨੂੰ ਅੰਦਰੋਂ ਤੇ ਬਾਹਰੋਂ ਮਜ਼ਬੂਤੀ ਦਿੰਦਾ ਹੈ। 21ਵੀਂ ਸਦੀ ਦੇ ਪਹਿਲੇ ਦਹਾਕੇ ਦੇ ਅਖੀਰਲੇ ਸਾਲਾਂ ਅੰਦਰ ਨਸ਼ਿਆਂ ਦਾ ਇੱਕ ਹੋਰ ਜ਼ਹਿਰੀਲਾ ਦਰਿਆ ਵਗ ਤੁਰਿਆ ਜਿਸ ਨੇ ਸ਼ਰਾਬ, ਅਫੀਮ, ਪੋਸਤ ਵਰਗੇ ਪ੍ਰਚਲਿਤ ਨਸ਼ਿਆਂ ਨੂੰ ਮਾਤ ਪਾ ਦਿੱਤੀ। ਹੈਰੋਇਨ, ਚਿੱਟੇ, ਨਸ਼ੀਲੀਆਂ ਗੋਲੀਆਂ ਤੇ ਹੋਰ ਮੈਡੀਕਲ ਨਸ਼ਿਆਂ ਨੇ ਘਰਾਂ ’ਚ ਸੱਥਰ ਵਿਛਾ ਦਿੱਤੇ। ਰੋਜ਼ਾਨਾ ਹੀ ਨੌਜਵਾਨਾਂ ਦੀਆਂ ਉੱਠਦੀਆਂ ਅਰਥੀਆਂ ਨੇ ਮਾਵਾਂ-ਭੈਣਾਂ ਦੀਆਂ ਅੱਖਾਂ ’ਚੋਂ ਹੰਝੂ ਸੁਕਾ ਦਿੱਤੇ ਸਨ। ਦੇਸ਼ੀ-ਵਿਦੇਸ਼ੀ ਤਾਕਤਾਂ ਦੇ ਨਸ਼ੇ ਦੇ ਕਾਰੋਬਾਰ ’ਚ ਇੱਕ-ਇੱਕ ਦਿਨ ’ਚ 100-100 ਕਰੋੜ ਦੀ ਹੈਰੋਇਨ ਦੀ ਬਰਾਮਦਗੀ ਹੋਣ ਲੱਗੀ। ਚਿੱਟੇ ਨੇ ਹਜ਼ਾਰਾਂ ਜ਼ਿੰਦਗੀਆਂ ਚੱਟ ਲਈਆਂ, ਸਰਕਾਰਾਂ ਵੀ ਪਲਟੀਆਂ ਪਰ ਨਸ਼ੇ ਦਾ ਕਹਿਰ ਜ਼ਾਰੀ ਰਿਹਾ।

76th Foundation Day

ਨਸ਼ਾ ਪੀੜਤਾਂ ਦਾ ਉੱਧਾਰ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਨਸ਼ਾ ਪੀੜਤ ਪਰਿਵਾਰਾਂ ਦੇ ਸੁੰਨੇ ਪਏ ਵਿਹੜਿਆਂ, ਮਾਵਾਂ-ਭੈਣਾਂ ਦੇ ਮੁਰਝਾਏ ਚਿਹਰਿਆਂ ਦਾ ਫਿਕਰ ਕੀਤਾ ਤੇ ਡੈਪਥ ਕੰਪੇਨ ਚਲਾਈ। ਆਪ ਜੀ ਦੀ ਪ੍ਰੇਰਨਾ ਨਾਲ ਸਾਧ-ਸੰਗਤ ਨੇ ਨਸ਼ਾ-ਗ੍ਰਸਤ ਨੌਜਵਾਨਾਂ ਦਾ ਇਲਾਜ ਕਰਵਾਉਣ ਦੀ ਮੁਹਿੰਮ ਚਲਾ ਦਿੱਤੀ। ਇਸੇ ਦੇ ਨਾਲ ਹੀ ਉਨ੍ਹਾਂ ਦੀ ਵਿੱਤੀ ਸਹਾਇਤਾ ਕੀਤੀ ਤੇ ਖੁਰਾਕ ਵੀ ਦਿੱਤੀ। ਸਮਾਜ ਅੰਦਰ ਲੋਕ ਨਸ਼ਾ ਪੀੜਤ ਦਾ ਪਰਛਾਵਾਂ ਵੀ ਆਪਣੇ ਬੱਚਿਆਂ ’ਤੇ ਨਹੀਂ ਪੈਣ ਦਿੰਦੇ ਹਨ ਪਰ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਸਾਧ-ਸੰਗਤ ਨੇ ਨਸ਼ਾ ਪੀੜਤਾਂ ਨੂੰ ਵੀ ਗਲ਼ ਨਾਲ ਲਾਇਆ ਤੇ ਉਨ੍ਹਾਂ ਲਈ ਦੇਸੀ ਘਿਓ, ਬਦਾਮ ਮਹਿੰਗੀ ਤੇ ਕਾਰਗਰ ਖੁਰਾਕ ਦਾ ਵੀ ਪ੍ਰਬੰਧ ਕੀਤਾ। ਡੇਰਾ ਸੱਚਾ ਸੌਦਾ ’ਚ ਅਜੂਬਾ ਇਹ ਹੋਇਆ ਕਿ ਨਸ਼ਾ ਛੱਡਣ ਵਾਲਿਆਂ ਨੇ ਖੁਦ ਸਾਧ-ਸੰਗਤ ਦੀ ਨਸ਼ਾ ਵਿਰੋਧੀ ਮੁਹਿੰਮ ’ਚ ਸ਼ਾਮਲ ਹੋ ਕੇ ਅਣਗਿਣਤ ਨਸ਼ੇੜੀਆਂ ਦਾ ਨਸ਼ਾ ਛੁਡਵਾਇਆ। ਲੱਖਾਂ ਨੌਜਵਾਨ ਡੇਰਾ ਸੱਚਾ ਸੌਦਾ ਰੂਪੀ ਨਸ਼ਾ ਮੁਕਤੀ ਕੇਂਦਰ ’ਚ ਆਏ ਤੇ ਨਵੀਂ-ਨਰੋਈ ਦੇਹ ਲੈ ਕੇ ਘਰਾਂ ਨੂੰ ਪਰਤੇ।