ਚੋਣਾਂ ਤੋਂ ਨਤੀਜੇ ਆਉਣ ਤੱਕ ਦਾ ਸਫ਼ਰ

Elections

ਚੋਣਾਂ ਦਾ ਐਲਾਨ ਹੁੰਦੇ ਸਾਰ ਲੀਡਰਾਂ ਵਿੱਚ ਅਦਭੁੱਤ ਤਾਕਤ ਤੇ ਚੁਸਤੀ-ਫੁਰਤੀ ਆ ਜਾਂਦੀ ਹੈ। ਪਾਰਟੀ ਦੀ ਟਿਕਟ ਮਿਲਦੇ ਸਾਰ ਬਿਮਾਰ, ਬੁੱਢੇ ਤੇ ਮਰਨ ਕਿਨਾਰੇ ਪਏ ਨੇਤਾ ਵੀ 20 ਸਾਲ ਦੇ ਨੌਜਵਾਨਾਂ ਵਾਂਗ ਛਾਲਾਂ ਮਾਰਨ ਲੱਗ ਜਾਂਦੇ ਹਨ। ਪਿਛਲੀ ਚੋਣ ਨੂੰ ਆਪਣੀ ਆਖਰੀ ਚੋਣ ਕਹਿਣ ਵਾਲੇ ਦੁਬਾਰਾ ਚਿੱਟੇ ਕੁੜਤੇ ਪਜ਼ਾਮੇ ਪਹਿਨ ਕੇ ਚੋਣ ਜੰਗ ਵਿੱਚ ਡਟ ਜਾਂਦੇ ਹਨ। ਕਿਰਲੇ ਵਾਂਗ ਆਕੜੀਆਂ ਧੌਣਾਂ ਕਮਾਨ ਵਾਂਗ ਦੋਹਰੀਆਂ ਹੋ ਕੇ ਵੋਟਰ ਬਾਦਸ਼ਾਹ ਦੇ ਚਰਨਾਂ ਵਿੱਚ ਝੁਕ ਜਾਂਦੀਆਂ ਹਨ ਤੇ ਜ਼ੁਬਾਨ ਵਿੱਚ ਮਿਸ਼ਰੀ ਘੁਲ ਜਾਂਦੀ ਹੈ। (Elections)

ਲੋਕਾਂ ਨੂੰ ਟੁੱਟ-ਟੁੱਟ ਕੇ ਪੈਣ ਵਾਲੇ ਮੰਤਰੀ ਗੁੜ ਬਣ ਜਾਂਦੇ ਹਨ। ਭਾਰਤ ਵਿੱਚ ਚੋਣਾਂ ਹਮੇਸ਼ਾਂ ਦੋ ਚਰਨਾਂ ਵਿੱਚ ਹੁੰਦੀਆਂ ਹਨ, ਵੋਟਾਂ ਤੋਂ ਪਹਿਲਾਂ ਲੀਡਰ ਵੋਟਰ ਦੇ ਚਰਨਾਂ ਵਿੱਚ ਤੇ ਵੋਟਾਂ ਤੋਂ ਬਾਅਦ ਵੋਟਰ ਲੀਡਰ ਦੇ ਚਰਨਾਂ ਵਿੱਚ। ਹਰੇਕ ਪਾਰਟੀ ਚੁਣਾਵੀ ਜੰਗ ਜਿੱਤਣ ਦੀਆਂ ਤਿਆਰੀਆਂ ਖਿੱਚ ਲੈਂਦੀ ਹੈ। ਅਣਗੌਲੇ, ਤੋੜ-ਮਰੋੜ ਕੇ ਨੁੱਕਰਾਂ ਵਿੱਚ ਸੁੱਟੇ ਜੰਗਾਲ ਲੱਗੇ ਵਰਕਰਾਂ ਦਾ ਦੁਬਾਰਾ ਮੁੱਲ ਪੈਣਾ ਸ਼ੁਰੂ ਹੋ ਜਾਂਦਾ ਹੈ। ਰੁੱਸਿਆਂ ਨੂੰ ਦਸ ਰੁਪਏ ਦਾ ਪਲਾਸਟਿਕ ਦੇ ਫੁੱਲਾਂ ਵਾਲਾ ਹਾਰ ਪਹਿਨਾ ਕੇ ਤੇ ਪਾਰਟੀ ਦੀ ਇੱਜਤ ਦਾ ਵਾਸਤਾ ਦੇ ਕੇ ਕੁਝ ਦਿਨਾਂ ਲਈ ਦੁਬਾਰਾ ਗਲ ਨਾਲ ਲਾਇਆ ਜਾਂਦਾ ਹੈ। (Elections)

Elections

ਸਭ ਤੋਂ ਵੱਧ ਮੌਜ ਦਲਬਦਲੂਆਂ ਦੀ ਲੱਗਦੀ ਹੈ। ਕਈ ਅਜਿਹੇ ਲੀਡਰ ਹੁੰਦੇ ਹਨ ਜਿਨ੍ਹਾਂ ਦੀ ਆਪਣੀ ਪੁਰਾਣੀ ਪਾਰਟੀ ਦੀ ਹਾਰ ਹੁੰਦੇ ਸਾਰ ਆਤਮਾ ਜਾਗ ਪੈਂਦੀ ਹੈ ਤੇ ਉਹ ਸੱਤਾ ਵਿੱਚ ਆਈ ਪਾਰਟੀ ਵਿੱਚ ਸ਼ਾਮਲ ਹੋ ਜਾਂਦੇ ਹਨ। ਭਾਵੇਂ ਕਿ ਉਨ੍ਹਾਂ ਨੇ ਪੁਰਾਣੀ ਪਾਰਟੀ ਵਿੱਚ ਰੱਜ ਕੇ ਅਹੁਦੇ ਤੇ ਹੋਰ ਮੌਜਾਂ ਲੁੱਟੀਆਂ ਹੁੰਦੀਆਂ ਹਨ ਪਰ ਪੰਜ ਸਾਲ ਨਵੀਂ ਪਾਰਟੀ ਵਿੱਚ ਮੌਜਾਂ ਮਾਨਣ ਅਤੇ ਪੁਰਾਣੀ ਪਾਰਟੀ ਨੂੰ ਰੱਜ ਕੇ ਮੰਦਾ ਬੋਲਣ ਤੋਂ ਬਾਅਦ ਅਗਲੀਆਂ ਚੋਣਾਂ ਵਿੱਚ ਫਿਰ ਉਨ੍ਹਾਂ ਦੀ ਆਤਮਾ ਜਾਗ ਪੈਂਦੀ ਹੈ ਤੇ ਉਹ ਦੁਬਾਰਾ ਸ਼ਾਨ ਨਾਲ ਪੁਰਾਣੀ ਪਾਰਟੀ ਵੱਲ ਪਰਤ ਆਉਂਦੇ ਹਨ। ਪਾਰਟੀਆਂ ਦੇ ਪ੍ਰਧਾਨ ਵੀ ਫੌਰਨ ਉਨ੍ਹਾਂ ਨੂੰ ਗਲ ਨਾਲ ਲਾ ਕੇ ਟਿਕਟ ਨਾਲ ਨਿਵਾਜ਼ ਦਿੰਦੇ ਹਨ। ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਕਈ ਮਹਾਂਰਥੀਆਂ ਨੇ ਤਾਂ ਇੱਕ ਹਫਤੇ ਵਿੱਚ ਤਿੰਨ-ਤਿੰਨ ਪਾਰਟੀਆਂ ਬਦਲੀਆਂ ਹਨ।

ਕਈ ਸਾਲ ਪਹਿਲਾਂ ਮੈਂ ਇੱਕ ਸਬ ਡਵੀਜ਼ਨ ਵਿੱਚ ਡੀ. ਐਸ. ਪੀ. ਲੱਗਾ ਹੋਇਆ ਸੀ। ਬਾਵਾ ਸਿੰਘ ਨਾਂਅ (ਨਾਂਅ ਬਦਲਿਆ ਹੋਇਆ) ਦਾ ਇੱਕ ਬੰਦਾ ਉੱਥੇ ਕਿਸੇ ਪਿੰਡ ਦਾ ਸਰਪੰਚ ਸੀ ਤੇ ਬਹੁਤ ਹੀ ਪੁਆੜੇ ਹੱਥਾ ਅਤੇ ਘਟੀਆ ਕਿਸਮ ਦਾ ਇਨਸਾਨ ਸੀ।

ਉਸ ਨੇ ਆਪਣੇ ਵਿਰੋਧੀਆਂ ਨੂੰ ਰੱਜ ਕੇ ਤੰਗ ਕੀਤਾ ਤੇ ਕਈ ਨਜ਼ਾਇਜ ਪਰਚਿਆਂ ਵਿੱਚ ਫਸਾਇਆ। ਜਦੋਂ ਵਿਧਾਨ ਸਭਾ ਦੀ ਚੋਣ ਆਈ ਤਾਂ ਬਾਵਾ ਸਿੰਘ ਦੀ ਪਾਰਟੀ ਹਾਰ ਗਈ। ਵਿਰੋਧੀ ਧਿਰ ਨੇ ਸੋਚਿਆ ਕਿ ਚਲੋ ਹੁਣ ਇਸ ਤੋਂ ਖਹਿੜਾ ਛੁੱਟ ਜਾਵੇਗਾ। ਪਰ ਬਾਵਾ ਸਿੰਘ ਨੇ ਸਾਰੀ ਪੰਚਾਇਤ ਸਮੇਤ ਨਵੇਂ ਐਮ. ਐਲ. ਏ. ਦੇ ਪੈਰ ਜਾ ਫੜ੍ਹੇ ਤੇ ਵਿਰੋਧੀਆਂ ਦੇ ਦੁਬਾਰਾ ਬੁਰੇ ਦਿਨ ਆ ਗਏ। ਹਾਰ ਕੇ ਇੱਕ ਦਿਨ ਉਨ੍ਹਾਂ ਨੇ ਬਾਵਾ ਸਿੰਘ ਨੂੰ ਖੇਤਾਂ ਵਿੱਚ ਘੇਰ ਲਿਆ। ਉਸ ਦੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ ਤੇ ਕਿਹਾ ਕਿ ਤੂੰ ਹੁਣ ਤੱਕ ਸਾਨੂੰ ਝੂਠੇ ਪਰਚਿਆਂ ਵਿੱਚ ਫਸਾਉਂਦਾ ਰਿਹਾ ਹੈਂ, ਅੱਜ ਸੱਚਾ ਪਰਚਾ ਕਰਵਾ। ਜ਼ਮਾਨਤ ’ਤੇ ਬਾਹਰ ਆ ਕੇ ਤੇਰੀਆਂ ਬਾਹਵਾਂ ਤੋੜਾਂਗੇ। ਪਰ ਬਾਵਾ ਸਿੰਘ ਐਨਾ ਬੁਜ਼ਦਿਲ ਨਿੱਕਲਿਆ ਕਿ ਡਰਦੇ ਮਾਰੇ ਨੇ ਪਰਚਾ ਵੀ ਦਰਜ਼ ਨਾ ਕਰਵਾਇਆ ਤੇ ਅੱਗੇ ਤੋਂ ਸ਼ਾਂਤ ਹੋ ਕੇ ਬੈਠ ਗਿਆ।

Elections

ਵੋਟਾਂ ਤੋਂ ਇੱਕ ਦਿਨ ਪਹਿਲਾਂ ਸਾਰੇ ਨੇਤਾ ਆਖਰੀ ਹੱਲੇ ਵਜੋਂ ਆਪਣੀ ਕਿਸਮਤ ਦੇਵੀ-ਦੇਵਤਿਆਂ ਨੂੰ ਸੌਂਪ ਦਿੰਦੇ ਹਨ। ਕੋਈ ਗੁਰਦੁਆਰਾ ਸਾਹਿਬ, ਕੋਈ ਮੰਦਰ ਅਤੇ ਕੋਈ ਦਰਗਾਹਾਂ ਵਿੱਚ ਸੁੱਖਣਾ ਸੁੱਖਣ ਲਈ ਪਹੁੰਚ ਜਾਂਦਾ ਹੈ। ਪਰ ਵੋਟਾਂ ਤੋਂ ਅਗਲੇ ਦਿਨਾਂ ਦੀਆਂ ਅਖ਼ਬਾਰੀ ਖਬਰਾਂ ਕੁਝ ਹੋਰ ਤਰ੍ਹਾਂ ਦੀਆਂ ਛਪਦੀਆਂ ਹਨ। ਕਿਸੇ ਦੀ ਬੱਚਿਆਂ ਸਮੇਤ ਵਿਦੇਸ਼ ਅਤੇ ਕਿਸੇ ਦੀ ਗੋਆ ਘੁੰਮਦੇ ਦੀ ਫੋਟੋ ਛਪਦੀ ਹੈ। ਵੋਟਰ ਤੇ ਵਰਕਰ ਇੱਕ ਦਿਨ ਵਿੱਚ ਹੀ ਭੁੱਲ ਜਾਂਦੇ ਹਨ। ਚੋਣ ਜਿੱਤਣ ਤੋਂ ਬਾਅਦ ਜੇਤੂ ਪਾਰਟੀ ਦੇ ਵਿਧਾਇਕਾਂ ਦੇ ਪੁਰਾਣੇ ਤੌਰ-ਤਰੀਕੇ ਫਿਰ ਮੁੜ ਆਉਂਦੇ ਹਨ ਤੇ ਉਹ ਗਾਰਦਾਂ ਅਤੇ ਗੰਨਮੈਨਾਂ ਦੇ ਘੇਰਿਆਂ ਵਿੱਚ ਲੁਕ ਜਾਂਦੇ ਹਨ। ਜਿਹੜੇ ਪਸੀਨੇ ਨਾਲ ਤਰਬਤਰ ਗਰੀਬਾਂ ਨੂੰ ਉਹ ਜੱਫੀਆਂ ਪਾਉਂਦੇ ਨਹੀਂ ਸੀ ਥੱਕਦੇ, ਉਨ੍ਹਾਂ ਕੋਲੋਂ ਬਦਬੂ ਆਉਣ ਲੱਗ ਜਾਂਦੀ ਹੈ ਤੇ ਸਾਰੇ ਵਾਅਦੇ ਭੁੱਲ-ਭੁੱਲਾਅ ਦਿੱਤੇ ਜਾਂਦੇ ਹਨ। ਜਿਹੜੇ ਉਮੀਦਵਾਰ ਮੰਗਤਿਆਂ ਵਾਂਗ ਦਰ-ਦਰ ਵੋਟਾਂ ਮੰਗਦੇ ਫਿਰਦੇ ਸਨ, ਉਨ੍ਹਾਂ ਨੂੰ ਮਿਲਣਾ ਮੁਸ਼ਕਲ ਹੋ ਜਾਂਦਾ ਹੈ।

ਹੱਕਾਂ ਪ੍ਰਤੀ ਜਾਗਰੂਕ ਲੋਕਾਂ ਦੀਆਂ ਵੀਡੀਓ

ਇਸ ਵਾਰ ਦੀ ਚੋਣ ਵਿੱਚ ਇੱਕ ਗੱਲ ਸਾਹਮਣੇ ਆਈ ਹੈ ਕਿ ਵੋਟਰ ਹੁਣ ਬਹੁਤ ਚੇਤੰਨ ਹੋ ਗਏ ਹਨ। ਸੋਸ਼ਲ ਮੀਡੀਆ ’ਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਲੋਕਾਂ ਦੀਆਂ ਅਨੇਕਾਂ ਵੀਡੀਓ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਉਹ ਲੀਡਰਾਂ ਨੂੰ ਘੇਰ ਕੇ ਅਜਿਹੇ ਕਰੜੇ ਸਵਾਲ ਕਰਦੇ ਹਨ ਕਿ ਉਨ੍ਹਾਂ ਨੂੰ ਤਰੇਲੀਆਂ ਆ ਜਾਂਦੀਆਂ ਹਨ। ਪਰ ਸਾਡੇ ਬਹੁਤੇ ਲੋਕ ਵੀ ਹੁਣ ਲੀਡਰਾਂ ਵਰਗੇ ਹੀ ਹੋ ਗਏ ਹਨ। ਹੁਣ ਤੋਂ ਹੀ ਸਕੀਮਾਂ ਬਣਾਈਆਂ ਜਾ ਰਹੀਆਂ ਹਨ ਕਿ ਆਪਣੀ ਪਾਰਟੀ ਦੇ ਜਿੱਤਣ ਤੋਂ ਬਾਅਦ ਕਿਸ-ਕਿਸ ਦੇ ਰਗੜਬਾਲੇ ਕੱਢਣੇ ਹਨ।

Also Read : ਰੁਜ਼ਗਾਰ ਦੇ ਮੁੱਦੇ ਗਾਇਬ, ਦੂਸ਼ਣਬਾਜ਼ੀ ਦਾ ਦੌਰ

ਪੁਰਾਣੇ ਸਰਪੰਚ ਦੇ ਕੀਤੇ ਘਪਲੇ ਕੱਢ ਕੇ ਉਸ ਨੂੰ ਜੇਲ੍ਹ ਯਾਤਰਾ ਕਰਵਾਉਣ ਦੇ ਮਨਸੂਬੇ ਬਣਾਏ ਜਾ ਰਹੇ। ਜਨਤਾ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਚੋਣਾਂ ਆਪਣੀ ਮਰਜ਼ੀ ਦੀ ਵਧੀਆ ਕੰਮ ਕਰਨ ਵਾਲੀ ਸਰਕਾਰ ਚੁਣਨ ਲਈ ਹੁੰਦੀਆਂ ਹਨ, ਨਿੱਜੀ ਦੁਸ਼ਮਣੀਆਂ ਪਾਉਣ ਲਈ ਜਾਂ ਵੈਰ ਕੱਢਣ ਲਈ ਨਹੀਂ। ਮੱਤਦਾਨ ਸ਼ਾਂਤੀ ਨਾਲ ਕਰਨਾ ਚਾਹੀਦਾ ਹੈ ਤੇ ਬਾਅਦ ਵਿੱਚ ਵੀ ਭਾਈਚਾਰੇ ਨਾਲ ਰਹਿਣਾ ਚਾਹੀਦਾ ਹੈ। ਜੇ ਲੜਾਈ ਕਰ ਲਈ ਤਾਂ ਪੁਲਿਸ ਅਤੇ ਵਕੀਲਾਂ ਨੂੰ ਪੈਸੇ ਤੁਸੀਂ ਦੇਣੇ ਹਨ, ਕਿਸੇ ਨੇਤਾ ਨੇ ਨਹੀਂ।

ਬਲਰਾਜ ਸਿੰਘ ਸਿੱਧੂ
ਏ.ਆਈ.ਜੀ., ਪੰਡੋਰੀ ਸਿੱਧਵਾਂ
ਮੋ. 95011-00062