(ਵਿਜੈ ਸਿੰਗਲਾ) ਭਵਾਨੀਗੜ੍ਹ। ਪਿੰਡ ਘਰਾਚੋਂ ’ਚ ਦੇਰ ਰਾਤ ਇੱਕ ਮਕਾਨ ਦੀ ਛੱਤ ਡਿੱਗਣ ਕਾਰਨ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਜਦੋਂਕਿ ਉਸਦਾ ਪੁੱਤ ਅਤੇ ਨੂੰਹ ਗੰਭੀਰ ਜ਼ਖਮੀ ਹੋ ਗਏ। ਮਲਬੇ ਹੇਠੋਂ ਕੱਢ ਕੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਚੰਡੀਗੜ੍ਹ ਪੀਜੀਆਈ ਲਈ ਰੈਫਰ ਕਰ ਦਿੱਤਾ ਗਿਆ। Roof Collapse News
ਦੱਸਿਆ ਜਾ ਰਿਹਾ ਹੈ ਕਿ ਪੁਰਾਣਾ ਮਕਾਨ ਹੋਣ ਕਾਰਨ ਛੱਤ ਡਿੱਗ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਕ ਘਟਨਾ ਵੀਰਵਾਰ ਦੇਰ ਰਾਤ ਕਰੀਬ 8 ਵਜੇ ਵਾਪਰੀ ਹੈ। ਪਿੰਡ ਦੀ ਚਾਂਦ ਪੱਤੀ ’ਚ ਰਹਿਣ ਵਾਲਾ ਅਮਰੀਕ ਘੁਮਾਣ ਪੁੱਤਰ ਅਮਰ ਸਿੰਘ ਆਪਣੀ ਪਤਨੀ ਹਰਜਿੰਦਰ ਕੌਰ ਤੇ ਮਾਤਾ ਜਸਮੇਲ ਕੌਰ (82) ਨਾਲ ਆਪਣੇ ਘਰ ’ਚ ਮੌਜ਼ੂਦ ਸੀ ਤਾਂ ਇਸ ਦੌਰਾਨ ਘਰ ਦੀ ਗਾਡਰ ਤੇ ਬਾਲਿਆਂ ਵਾਲੀ ਛੱਤ ਅਚਾਨਕ ਇਨ੍ਹਾਂ ਤਿੰਨਾਂ ਉੱਪਰ ਆ ਡਿੱਗੀ। ਮਲਬੇ ਹੇਠ ਦੱਬੇ ਲੋਕਾਂ ਨੂੰ ਬਚਾਉਣ ਲਈ ਰੌਲਾ ਪੈ ਗਿਆ।
ਇਹ ਵੀ ਪੜ੍ਹੋ: ਪਤਨੀ ਤੇ ਬੱਚਿਆਂ ਦੀ ਫੋਟੋਆਂ ਭੇਜ ਧਾਗਾ ਕਾਰੋਬਾਰੀ ਤੋਂ ਮੰਗੀ 3 ਕਰੋੜ ਦੀ ਫ਼ਿਰੌਤੀ
ਸ਼ੋਰ-ਸ਼ਰਾਬਾ ਸੁਣ ਕੇ ਮੌਕੇ ’ਤੇ ਲੋਕਾਂ ਦੀ ਭੀੜ ਇਕੱਤਰ ਹੋ ਗਈ ਤੇ ਲੋਕਾਂ ਨੇ ਮਲਬੇ ਹੇਠ ਦੱਬੇ ਪਰਿਵਾਰਕ ਮੈਂਬਰਾਂ ਨੂੰ ਬਾਹਰ ਕੱਢਿਆ ਤੇ ਤੁਰੰਤ ਇਲਾਜ ਲਈ ਸੰਗਰੂਰ ਹਸਪਤਾਲ ਵਿਖੇ ਦਾਖਲ ਕਰਵਾਇਆ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਬਲਾਕ ਆਗੂ ਹਰਜਿੰਦਰ ਸਿੰਘ ਘਰਾਚੋਂ ਨੇ ਦੱਸਿਆ ਕਿ ਅਮਰੀਕ ਘੁਮਾਣ ਦੀ ਮਾਤਾ ਜਸਮੇਲ ਕੌਰ ਦੀ ਸੰਗਰੂਰ ਪਹੁੰਚਣ ’ਤੇ ਮੌਤ ਹੋ ਗਈ ਜਦਕਿ ਅਮਰੀਕ ਤੇ ਉਸਦੀ ਪਤਨੀ ਹਰਜਿੰਦਰ ਕੌਰ ਨੂੰ ਡਾਕਟਰਾਂ ਨੇ ਸੰਗਰੂਰ ਤੋਂ ਪੀਜੀਆਈ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ। Roof Collapse News
ਉਧਰ, ਪੀਜੀਆਈ ਵਿੱਚ ਇਲਾਜ ਅਧੀਨ ਅਮਰੀਕ ਦੇ ਨਾਲ ਮੌਜ਼ੂਦ ਉਸਦੇ ਦੋਸਤ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਅਮਰੀਕ ਤੇ ਉਸਦੀ ਪਤਨੀ ਦੋਵਾਂ ਦੀ ਹਾਲਤ ਫਿਲਹਾਲ ਸਥਿਰ ਹੈ ਪਰੰਤੂ ਡਾਕਟਰਾਂ ਅਨੁਸਾਰ ਪਿੱਠ ’ਤੇ ਗੰਭੀਰ ਸੱਟਾਂ ਲੱਗਣ ਕਾਰਨ ਅਮਰੀਕ ਦਾ ਆਪ੍ਰੇਸ਼ਨ ਕਰਨਾ ਹੋਵੇਗਾ। ਪ੍ਰਦੀਪ ਨੇ ਦੱਸਿਆ ਕਿ ਪੁਰਾਣੀ ਛੱਤ ਹੋਣ ਕਾਰਨ ਇਹ ਹਾਦਸਾ ਹੋਇਆ, ਘਰ ਵਿਚ ਖੜ੍ਹੀ ਨਵੀਂ ਕਾਰ ਤੇ ਇੱਕ ਮੋਟਰਸਾਈਕਲ ਵੀ ਮਲਬੇ ਹੇਠ ਦੱਬ ਕੇ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਬਜ਼ੁਰਗ ਜਸਮੇਲ ਕੌਰ ਦੀ ਦਰਦਨਾਕ ਮੌਤ ਹੋ ਗਈ।