ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਲਈ ਫ਼ਤਹਿਗੜ੍ਹ ਸਾਹਿਬ ਤੋਂ ਕੀਤਾ ਚੋਣ ਪ੍ਰਚਾਰ ਸ਼ੁਰੂ (Punjab News)
- ਵਿਰੋਧੀ ਪਾਰਟੀਆਂ ਕੇਵਲ ਹਵਾ ਦੇ ਬੁੱਲ੍ਹੇ ਵਰਗੀਆਂ: ਮਾਨ
(ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਵੱਲੋਂ ਸ਼ਹੀਦਾਂ ਦੀ ਧਰਤੀ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਚੋਣ ਪ੍ਰਚਾਰ ਸ਼ੁਰੂ ਕੀਤਾ ਗਿਆ। ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਲੋਕਾਂ ਨਾਲ ਰੂ-ਬ-ਰੂ ਹੋਏ। ਬਹੁਤ ਜ਼ਿਆਦਾ ਹਨੇਰੀ ਝੱਖੜ ਅਤੇ ਗੜੇਮਾਰੀ ਵੀ ਹੋਈ, ਪਰੰਤੂ ਲੋਕ ਡੱਟ ਰਹੇ। ਜਿਵੇਂ ਹੀ ਮਾਹੌਲ ਸੁਖਾਵਾਂ ਹੋਇਆ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਦੇਸ਼ ਦੀ ਲੜਾਈ ਸੰਵਿਧਾਨ ਨੂੰ ਤੋੜਨ ਵਾਲਿਆਂ ਖਿਲਾਫ ਚੱਲ ਰਹੀ ਹੈ, ਜਿਹੜੇ ਈਡੀ ਵਰਗੀਆਂ ਏਜੰਸੀਆਂ ਦਾ ਸਹਾਰਾ ਲੈ ਕੇ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਰਹੇ ਹਨ। ਭਾਜਪਾ ਦੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਲਈ ਸਾਨੂੰ ਆਪਣਾ ਇੱਕ-ਇੱਕ ਕੀਮਤੀ ਵੋਟ ਝਾੜੂ ਦੇ ਨਿਸ਼ਾਨ ’ਤੇ ਲਗਾਉਣਾ ਹੋਵੇਗਾ। Punjab News
ਆਪ ਸਰਕਾਰ ਨੇ ਜੋ ਕੰਮ ਕੀਤੇ ਮਾਨ ਨੇ ਗਿਣਾਏ
ਉਹਨਾਂ ਕਿਹਾ ਕਿ ਪੰਜਾਬ ਦੇ ਸਰਮਾਏਦਾਰਾਂ ਨੇ ਸੂਬੇ ਨੂੰ ਖੁਦ ਲੁੱਟਿਆ ਹੈ, ਹੁਣ ਜਦੋਂ ਸੂਬਾ ਕੰਗਾਲ ਹੋ ਗਿਆ ਹੈ ਤਾਂ ਪੰਜਾਬ ਬਚਾਓ ਯਾਤਰਾ ਵਰਗੀਆਂ ਗੱਲਾਂ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ 2022 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਫਤਵਾ ਦੇ ਕੇ ਵਿਰੋਧੀਆਂ ਦੇ ਕੋਲੋਂ ਪੰਜਾਬ ਨੂੰ ਬਚਾ ਲਿਆ ਹੈ, ਰਹਿੰਦੀ ਕਸਰ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਕੱਢ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ 90 ਫੀਸਦੀ ਲੋਕਾਂ ਨੂੰ ਮੁਫਤ ਬਿਜਲੀ ਦੇ ਰਹੇ ਹਾਂ, 45 ਹਜ਼ਾਰ ਦੇ ਕਰੀਬ ਨੌਕਰੀਆਂ ਦਿੱਤੀਆਂ ਹਨ, ਮਹੱਲਾ ਕਲੀਨਿਕ ਖੋਲੇ ਗਏ ਹਨ ਅਤੇ ਸਾਰੇ ਹੀ ਹਸਪਤਾਲਾਂ ਦੇ ਵਿੱਚ ਜਿੱਥੇ ਦਵਾਈਆਂ ਮੁਫਤ ਦਿੱਤੀਆਂ ਜਾਂਦੀਆਂ ਹਨ ਉੱਥੇ ਟੈਸਟ ਵੀ ਬਿਨਾਂ ਪੈਸੇ ਤੋਂ ਕੀਤੇ ਜਾਂਦੇ ਹਨ।
ਇਸ ਵਾਰੀ 13-0 ਦੇ ਨਾਲ ਨਤੀਜਾ ਦੇ ਦਿਓ, ਮੈਂ ਹਮੇਸ਼ਾ ਤੁਹਾਡਾ ਦਾ ਰਿਣੀ ਰਹਾਂਗਾ: ਮਾਨ
ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਕੇਵਲ ਉਹਨਾਂ ਇਕੱਲਿਆਂ ਨੂੰ ਹੀ ਵਿਰੋਧੀ ਧਿਰਾਂ ਦੇ ਨਾਲ ਲੜਨਾ ਪੈ ਰਿਹਾ ਹੈ, ਜੇਕਰ ਪੰਜਾਬ ਦੇ ਲੋਕ 13 ਪਾਰਲੀਮੈਂਟ ਮੈਂਬਰ ਚੁਣ ਕੇ ਭੇਜ ਦੇਣ ਤਾਂ ਉਹਨਾਂ ਦੀ ਲੜਾਈ ਹੋਰ ਸੌਖੀ ਹੋ ਜਾਵੇਗੀ। ਫਿਰ ਪੰਜਾਬ ਦੇ ਪੈਸੇ ਨੂੰ ਰੋਕਣ ਦੇ ਲਈ ਕੋਈ ਹਿੰਮਤ ਨਹੀਂ ਕਰੇਗਾ। ਉਹਨਾਂ ਕਿਹਾ ਕਿ ਇਸ ਗੜੇਮਾਰੀ ਦੇ ਨਾਲ ਜੋ ਇਲਾਕਾ ਪ੍ਰਭਾਵਿਤ ਹੋਇਆ ਹੋਵੇਗਾ, ਉਸ ਦੀ ਭਰਪਾਈ ਸਰਕਾਰ ਵੱਲੋਂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਸ ਵਾਰੀ 13-0 ਦੇ ਨਾਲ ਨਤੀਜਾ ਦੇ ਦਿਓ, ਮੈਂ ਹਮੇਸ਼ਾ ਤੁਹਾਡਾ ਦਾ ਰਿਣੀ ਰਹਾਂਗਾ। Punjab News
ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਵੱਲੋਂ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਨੂੰ ਜੀ ਆਂਇਆ ਆਖਿਆ ਗਿਆ। ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਪਿਛਲੇ ਦੋ ਸਾਲਾਂ ਤੋਂ ਪਿੰਡਾਂ ਅਤੇ ਸ਼ਹਿਰਾਂ ਦਾ ਵਿਕਾਸ ਬਿਨਾਂ ਕਿਸੇ ਪੱਖਪਾਤ ਤੋਂ ਕਰ ਰਹੀ ਹੈ, ਹੁਣ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਸ ਵਿਕਾਸ ਦਾ ਮੁੱਲ ਮੋੜੀਏ। ਜੇਕਰ ਸਾਡੇ ਮੈਂਬਰ ਪਾਰਲੀਮੈਂਟ ਲੋਕ ਸਭਾ ਵਿੱਚ ਜਾ ਕੇ ਪੰਜਾਬ ਦੀ ਆਵਾਜ਼ ਬੁਲੰਦ ਕਰਨਗੇ ਤਾਂ ਉਸ ਨਾਲ ਪੰਜਾਬੀਆਂ ਦਾ ਰੁਤਬਾ ਹੋਰ ਉੱਚਾ ਹੋ ਜਾਵੇਗਾ।
ਇਹ ਵੀ ਪੜ੍ਹੋ: Rain In Punjab: ਮੌਸਮ ਨੇ ਬਦਲਿਆ ਮਿਜਾਜ਼, ਪੰਜਾਬ ’ਚ ਮੀਂਹ, ਹਨ੍ਹੇਰੀ ਦੇ ਨਾਲ-ਨਾਲ ਕਈ ਥਾਂਈ ਹੋਈ ਭਾਰੀ ਗੜ੍ਹੇਮਾਰੀ
ਇਸ ਮੌਕੇ ਲੋਕ ਸਭਾ ਫਤਿਹਗੜ੍ਹ ਸਾਹਿਬ ਤੋਂ ਆਪ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ, ਬਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ, ਖੰਨਾ ਦੇ ਵਿਧਾਇਕ ਤਰੁਣਪ੍ਰੀਤ ਸਿੰਘ ਸੋਦ, ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਜੀਤ ਸਿੰਘ ਰਿਊਣਾ, ਗੱਜਣ ਸਿੰਘ ਜਲਵੇੜਾ, ਦਫਤਰ ਸਕੱਤਰ ਬਹਾਦਰ ਖਾਨ, ਚਮਨ ਕੁਰੈਸ਼ੀ, ਗੌਰਵ ਅਰੋੜਾ, ਰਾਹੁਲ ਸ਼ਰਮਾ, ਅਸੀਸ ਕੁਮਾਰ ਅੱਤਰੀ, ਸਤੀਸ਼ ਕੁਮਾਰ ਲਟੌਰ, ਪ੍ਰਿਤਪਾਲ ਸਿੰਘ ਜੱਸੀ, ਬਲਵੀਰ ਸਿੰਘ ਸੋਢੀ, ਗੁਰਵਿੰਦਰ ਸਿੰਘ ਢਿੱਲੋ ਚੇਅਰਮੈਨ ਮਾਰਕੀਟ ਕਮੇਟੀ ਸਰਹਿੰਦ, ਜ਼ਿਲ੍ਹਾ ਪ੍ਰਧਾਨ ਅਜੇ ਲਿਬੜਾ, ਰਸ਼ਪਿੰਦਰ ਸਿੰਘ ਰਾਜਾ, ਸਰਪੰਚ ਰੋਹੀ ਰਾਮ, ਬਲਦੇਵ ਸਿੰਘ ਭੱਲਮਾਜਰਾ, ਰਣਵੀਰ ਸਿੰਘ ਬਹਿਲੋਲਪੁਰ, ਰਮੇਸ਼ ਸਿੰਘ ਛੰਨਾ, ਅਸ਼ੋਕ ਕੁਮਾਰ ਹਮਾਯੂੰਪੁਰ, ਪਵੇਲ ਕੁਮਾਰ ਹਾਂਡਾ, ਰਮੇਸ਼ ਕੁਮਾਰ, ਤਰਸੇਮ ਉੱਪਲ, ਰਜੇਸ਼ ਉੱਪਲ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਦੇ ਪੰਚ ਸਰਪੰਚ ਅਤੇ ਮੌਹਤਵਰ ਹਾਜ਼ਰ ਸਨ।