ਅੰਮ੍ਰਿਤਸਰ (ਰਾਜਨ ਮਾਨ)। ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸਾਰੀਆਂ ਪ੍ਰਮੁੱਖ ਸਿਆਸੀ ਧਿਰਾਂ ਵਲੋਂ ਆਪੋ ਆਪਣੇ ਉਮੀਦਵਾਰ ਮੈਦਾਨ ’ਚ ਉਤਾਰ ਦਿੱਤੇ ਜਾਣ ਤੇ ਚੋਣ ਪ੍ਰਚਾਰ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਅੱਗੇ ਚੱਲ ਰਹੇ ਹਨ ਭਾਜਪਾ ਨੇ ਵੀ ਰਫਤਾਰ ਵਧਾ ਦਿੱਤੀ ਹੈ ਜਦਕਿ ਦੂਸਰੀਆਂ ਧਿਰਾਂ ਦੀ ਚਾਲ ਅਜੇ ਢਿੱਲੀ ਨਜ਼ਰ ਆ ਰਹੀ ਹੈ। ਆਪ ਉਮੀਦਵਾਰ ਪ੍ਰਚਾਰ ’ਚ ਅੱਗੇ ਚੱਲ ਰਹੇ ਹਨ ਜਦਕਿ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਜੇ ਕਮਰਕੱਸੇ ਹੀ ਕਰ ਰਹੇ ਹਨ। (Election Campaign)
ਪਹਿਲੀਵਾਰ ਵੱਖ-ਵੱਖ ਲੋਕ ਸਭਾ ਚੋਣਾਂ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੂੰ ਕਈ ਚਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਵੱਲੋਂ ਵੀ ਆਪਣੀ ਚੋਣ ਮੁਹਿੰਮ ਭਖਾਈ ਗਈ ਹੈ। ਭਾਜਪਾ ਉਮੀਦਵਾਰ ਵੱਲੋਂ ਹਾਲ ਦੀ ਘੜੀ ਸ਼ਹਿਰੀ ਖੇਤਰ ਵੱਲ ਵੱਧ ਤਵੱਜੋ ਦਿੱਤੀ ਜਾ ਰਹੀ ਹੈ ਜਦਕਿ ਕੁਲਦੀਪ ਧਾਲੀਵਾਲ ਵੱਲੋਂ ਸ਼ਹਿਰ ਦੇ ਨਾਲ ਨਾਲ ਪੇਂਡੂ ਹਲਕਿਆਂ ’ਚ ਪੂਰੀ ਤਾਕਤ ਝੋਕੀ ਜਾ ਰਹੀ ਹੈ। ਆਪ ਉਮੀਦਵਾਰ ਨੂੰ ਚੋਣ ਰੈਲੀਆਂ ਕਰਨ ’ਚ ਸਰਕਾਰ ਹੋਣ ਦਾ ਲਾਭ ਜਰੂਰ ਮਿਲ ਰਿਹਾ ਹੈ। (Election Campaign)
ਰੈਲੀਆਂ ਤੇ ਮੀਟਿੰਗਾਂ
ਸੱਤਾ ’ਤੇ ਕਾਬਜ ਹੋਣ ਕਾਰਨ ਲੋਕ ਕੰਮਾਂ ਕਰਕੇ ਗਲਾਂ ’ਚ ਨਿੱਤ ਦਿਨ ਸਰੋਪੇ ਪਾ ਕੇ ਆਪ ’ਚ ਸ਼ਾਮਲ ਹੋ ਰਹੇ ਹਨ ਪਰ ਇਹ ਸਿਰੋਪਿਆਂ ਵਾਲੇ ਵੋਟਾਂ ਵੇਲੇ ਕੀ ਰੰਗ ਵਿਖਾਉਂਦੇ ਹਨ ਇਹ ਤਾਂ ਸਮਾਂ ਹੀ ਦੱਸੇਗਾ। ਉਂਝ ਨਿੱਤ ਦਿਨ ਆਪ ਉਮੀਦਵਾਰ ਵੱਲੋਂ ਸੈਂਕੜੇ ਲੋਕਾਂ ਨੂੰ ਸਰੋਪੇ ਪਾ ਕੇ ਪਾਰਟੀ ’ਚ ਸ਼ਾਮਲ ਕੀਤਾ ਜਾ ਰਿਹਾ ਹੈ। ਲੋਕ ਕੰਮਾਂ ਨਾਲ ਬੱਝੇ ਹੋਣ ਕਾਰਨ ਇਨ੍ਹਾਂ ਦੀਆਂ ਮੀਟਿੰਗਾਂ ’ਚ ਜਾ ਰਹੇ ਹਨ ਤੇ ਦੂਸਰਾ ਕੁੱਲ 9 ਵਿਧਾਨ ਸਭਾ ਹਲਕਿਆਂ ’ਚੋਂ ਸੱਤ ’ਤੇ ਆਪ ਕਾਬਜ਼ ਹੈ। ਰੈਲੀਆਂ ਤੇ ਮੀਟਿੰਗਾਂ ’ਚ ਆਉਣ ਵਾਲੇ ਲੋਕ ਵੋਟ ਪੌਣ ਸਮੇਂ ਕੀ ਫੈਸਲਾ ਕਰਦੇ ਹਨ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ, ਪਰ ਫਿਲਹਾਲ ਆਪ ਉਮੀਦਵਾਰ ਨੇ ਪ੍ਰਚਾਰ ’ਚ ਅੱਗੇ ਹੈ।
Election Campaign
ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਲਈ ਕਿਸਾਨਾਂ ਦਾ ਵਿਰੋਧ ਵੱਡੀ ਸਿਰਦਰਦੀ ਹੈ। ਭਾਜਪਾ ਉਮੀਦਵਾਰ ਕੁਝ ਪੇਂਡੂ ਹਲਕਿਆਂ ’ਚ ਜਰੂਰ ਨਿਕਲੇ ਹਨ ਪਰ ਉਹ ਅਜੇ ਸ਼ਹਿਰੀ ਖੇਤਰਾਂ ’ਚ ਮੀਟਿੰਗਾਂ ਕਰਨ ਵਿੱਚ ਲੱਗੇ ਹੋਏ ਹਨ। ਅਕਾਲੀ ਦਲ ਤੋਂ ਵੱਖ ਹੋ ਕੇ ਭਾਜਪਾ ਕੋਲ ਪੇਂਡੂ ਖੇਤਰ ਵਿੱਚ ਕੋਈ ਵੱਡਾ ਆਧਾਰ ਨਜ਼ਰ ਨਹੀਂ ਆ ਰਿਹਾ। ਵੱਡੇ ਲੀਡਰਾਂ ਦੀ ਘਾਟ ਸਪੱਸ਼ਟ ਰੂਪ ’ਚ ਨਜ਼ਰ ਆ ਰਹੀ ਹੈ।
ਉਧਰ ਕਾਂਗਰਸ ਪਾਰਟੀ ਵੱਲੋਂ ਵੀ ਗੁਰਜੀਤ ਸਿੰਘ ਔਜਲਾ ਨੂੰ ਮੈਦਾਨ ’ਚ ਉਤਾਰਿਆ ਗਿਆ ਹੈ ਜਿਹੜੇ ਕਿ ਅੱਜ ਅੰਮ੍ਰਿਤਸਰ ਪਹੁੰਚੇ ਹਨ। ਕਾਂਗਰਸ ਵੱਲੋਂ ਅਜੇ ਕਮਰਕੱਸੇ ਕੀਤੇ ਜਾਣੇ ਹਨ। ਕਾਂਗਰਸ ਅੰਦਰ ਵੀ ਸਭ ਅੱਛਾ ਨਹੀਂ ਵਾਲੀ ਗੱਲ ਹੈ। ਟਿਕਟ ਨੂੰ ਲੈ ਕੇ ਪਾਰਟੀ ਅੰਦਰਲੀ ਗੁੱਟਬੰਦੀ ਵੀ ਸਾਹਮਣੇ ਹੈ। ਔਜਲਾ ਲਈ ਵੀ ਸਾਰਿਆਂ ਨੂੰ ਨਾਲ ਲੈਕੇ ਚੱਲਣਾ ਇੱਕ ਵੱਡੀ ਚੁਣੌਤੀ ਹੈ। ਕਈ ਲੀਡਰ ਔਜਲਾ ਨੂੰ ਟਿਕਟ ਨਾ ਦੇਣ ਲਈ ਜੋਰ ਲਗਾ ਰਹੇ ਸਨ। ਉਧਰ ਵਿਰੋਧੀਆਂ ਵੱਲੋਂ ਔਜਲਾ ਤੋਂ ਪਿਛਲੇ ਸਮੇਂ ’ਚ ਕੀਤੇ ਕੰਮਾਂ ਦਾ ਹਿਸਾਬ ਪੁੱਛਿਆ ਜਾ ਰਿਹਾ ਹੈ।
ਉਧਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਸਨੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਮੈਦਾਨ ’ਚ ਉਤਾਰਿਆ ਹੈ ਜੋ ਅਜੇ ਕੋਈ ਜ਼ਿਆਦਾ ਸਰਗਰਮ ਨਜ਼ਰ ਨਹੀਂ ਆ ਰਹੇ। ਹਾਲ ਦੀ ਘੜੀ ਜੋਸ਼ੀ ਵੀ ਸਹਿਰ ਵਿੱਚ ਹੀ ਕੁਝ ਨੁੱਕੜ ਮੀਟਿੰਗਾਂ ਕਰਨ ਵਿੱਚ ਲੱਗੇ ਹੋਏ ਹਨ। ਪਿਛਲੇ ਇੱਕ ਹਫਤੇ ਤੋਂ ਜੋਸ਼ੀ ਦੀ ਕੋਈ ਵੱਡੀ ਸਰਗਰਮੀ ਨਜ਼ਰ ਨਹੀਂ ਆਈ। ਅਕਾਲੀ ਦਲ ਨੂੰ ਵੀ ਭਾਜਪਾ ਵਾਂਗ ਸ਼ਹਿਰੀ ਖੇਤਰ ’ਚ ਵੱਡੀ ਚੁਣੌਤੀ ਹੈ।
ਹੋ ਸਕਦਾ ਸ਼ਹਿਰੀ ਵੋਟ ਨੂੰ ਧਿਆਨ ’ਚ ਰੱਖਦੇ ਹੋਏ ਅਕਾਲੀ ਦਲ ਨੇ ਹਿੰਦੂ ਚਿਹਰੇ ਨੂੰ ਮੈਦਾਨ ’ਚ ਉਤਾਰਿਆ ਹੋਵੇ। ਉਂਜ਼ ਜੋਸ਼ੀ ਪੇਂਡੂ ਪਿਛੋਕੜ ਵਾਲੇ ਵਿਅਕਤੀ ਹਨ ਤੇ ਪਿੰਡਾਂ ਵਿੱਚ ਜਾ ਕੇ ਲੋਕਾਂ ਤੋਂ ਵੋਟ ਮੰਗਣਾ ਉਨ੍ਹਾਂ ਲਈ ਔਖਾ ਨਹੀਂ ਹੈ। ਅਕਾਲੀ ਦਲ ਵੀ ਹੁਣ ਆਪਣੀ ਹੋਂਦ ਤਲਾਸ਼ਣ ’ਚ ਲੱਗਾ ਹੋਇਆ ਹੈ। ਹੁਣ ਤੱਕ ਇਸ ਹਲਕੇ ਤੋਂ ਦੋ ਧਿਰੀ ਮੁਕਾਬਲਾ ਹੁੰਦਾ ਰਿਹਾ ਹੈ ਤੇ ਇਸ ਵਾਰ ਚੁਕੌਣਾ ਮੁਕਾਬਲਾ ਬਣ ਜਾਣ ਕਾਰਨ ਮੈਦਾਨ ਪੂਰੀ ਤਰ੍ਹਾਂ ਭਖੇਗਾ।