ਮਾਨਸਾ ਸਥਿਤ ਆਪਣੀ ਰਿਹਾਇਸ਼ ‘ਤੇ ਸਵੇਰੇ 5 ਵਜੇ ਲਿਆ ਆਖਰੀ ਸਾਹ
- ਅੱਜ 10 ਵਜੇ ਮਾਨਸਾ ਵਿਖੇ ਹੋਵੇਗਾ ਸਸਕਾਰ
ਮਾਨਸਾ, (ਸੁਖਜੀਤ ਮਾਨ) ਪੰਜਾਬੀ ਨਾਟਕਾਂ ਦੇ ਖੇਤਰ ‘ਚ ਆਪਣੀਆਂ ਅਮਿੱਟ ਪੈੜਾਂ ਛੱਡਣ ਵਾਲੇ ਅਜ਼ਮੇਰ ਔਲਖ 75 ਸਾਲ ਦੀ ਉਮਰ ਭੋਗ ਕੇ ਚੱਲ ਵਸੇ ਉਹ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ਉਨ੍ਹਾਂ ਅੱਜ ਸਵੇਰੇ 5 ਵਜੇ ਆਪਣੀ ਮਾਨਸਾ ਸਥਿੱਤ ਰਿਹਾਇਸ਼ ‘ਚ ਆਖਰੀ ਸਾਹ ਲਿਆ ਸਵ. ਔਲਖ ਦਾ ਅੰਤਿਮ ਸਸਕਾਰ ਭਲਕੇ ਕਰੀਬ 10 ਵਜੇ ਮਾਨਸਾ ਵਿਖੇ ਹੀ ਕੀਤਾ ਜਾਵੇਗਾ।
19 ਅਗਸਤ 1942 ਨੂੰ ਜਨਮੇ ਸ੍ਰ. ਔਲਖ ਨੇ ਆਪਣੀ ਸਾਰੀ ਉਮਰ ਗਰੀਬਾਂ, ਕਿਸਾਨਾਂ ਤੇ ਮਜ਼ਦੂਰਾਂ ਦੇ ਲੇਖੇ ਲਾਈ ਉਨ੍ਹਾਂ ਵੱਲੋਂ ਲਿਖੇ ਗਏ ਜਿਆਦਾਤਰ ਨਾਟਕ ਸਮਾਜ ਦੇ ਦੱਬੇ ਕੁਚਲੇ ਲੋਕਾਂ ਦੀ ਹੀ ਗਾਥਾ ਬਿਆਨ ਕਰਦੇ ਸਨ ਪ੍ਰੀਵਾਰਕ ਮੈਂਬਰਾਂ ਅਨੁਸਾਰ 2008 ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜ੍ਹਤ ਹੋਣ ਦੇ ਬਾਵਜੂਦ ਉਹ ਸੰਘਰਸ਼ਸੀਲ ਲੋਕਾਂ ਦਾ ਜਿਕਰ ਕਰਦੇ ਰਹਿੰਦੇ ਸਨ ਕੈਂਸਰ ਦੀ ਬਿਮਾਰੀ ਕਾਰਨ ਉਨ੍ਹਾਂ ਨੂੰ ਰੀੜ੍ਹ ਦੀ ਹੱਡੀ ਦੀ ਤਕਲੀਫ ਸ਼ੁਰੂ ਹੋ ਗਈ ਸੀ ਪਿਛਲੇ ਕਰੀਬ ਇੱਕ ਮਹੀਨੇ ਤੋਂ ਉਹ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਲ ਸਨ ਤੇ ਕੁੱਝ ਦਿਨ ਪਹਿਲਾਂ ਹੀ ਅਪ੍ਰੇਸ਼ਨ ਉਪਰੰਤ ਮਾਨਸਾ ਸਥਿਤ ਘਰ ਪਰਤੇ ਸਨ।
ਪੇਂਡੂ ਖਿੱਤਿਆਂ ‘ਚ ਜਿਆਦਾਤਰ ਨਾਟਕ ਉਨ੍ਹਾਂ ਨੇ ਆਪਣੀ ਪਤਨੀ ਮਨਜੀਤ ਕੌਰ ਅਤੇ ਤਿੰਨ ਧੀਆਂ ਸੋਹਜ ਬਰਾੜ, ਸੁਪਨਦੀਪ ਕੌਰ ਅਤੇ ਅਜਮੀਤ ਨਾਲ ਖੇਡੇ ਸਾਲ 2006 ‘ਚ ਉਨ੍ਹਾਂ ਨੂੰ ਸਾਹਿਤਕ ਅਕਾਦਮੀ ਪੁਰਸਕਾਰ ਮਿਲਿਆ ਸੀ ਇਸ ਤੋਂ ਇਲਾਵਾ ਵੀ ਉਨ੍ਹਾਂ ਨੂੰ ਅਨੇਕਾਂ ਪੁਰਸਕਾਰ ਮਿਲੇ ਰੰਗਮੰਚ ਦੇ ਖੇਤਰ ਨਾਲ ਜੁੜੇ ਕਲਾਕਾਰਾਂ ਦਾ ਕਹਿਣਾ ਹੈ ਕਿ ਸ੍ਰ. ਔਲਖ ਨੇ ਨਾਟਕਾਂ ਨੂੰ ਆਪਣੀ ਕਮਾਈ ਦਾ ਸਾਧਨ ਨਹੀਂ ਬਣਾਇਆ ਸੀ ਸਗੋਂ ਗਰੀਬਾਂ ਦੇ ਘਰਾਂ ਦਾ ਚੁੱਲਾ ਤਪਦਾ ਰਹੇ ਇਸ ਗੱਲ ਦਾ ਫਿਕਰ ਉਨ੍ਹਾਂ ਨੂੰ ਜਿਆਦਾ ਰਹਿੰਦਾ ਸੀ ਸੀਪੀਆਈ ਦੇ ਸੂਬਾ ਸਕੱਤਰ ਕਾ. ਹਰਦੇਵ ਸਿੰਘ ਅਰਸੀ ਦਾ ਕਹਿਣਾ ਹੈ ਕਿ ਕਿਰਤੀ ਸਮਾਜ ਦੀ ਆਵਾਜ਼ ਨੂੰ ਪੰਜਾਬੀ ਨਾਟਕਾਂ ਰਾਹੀਂ ਬੁਲੰਦ ਕਰਨ ਵਾਲੇ ਉੱਘੇ ਰੰਗ ਕਰਮੀ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਦਾ ਵਿਛੋੜਾ ਨਾ ਪੂਰਾ ਹੋਣ ਵਾਲਾ ਘਾਟਾ ਹੈ।