ਕੇਜਰੀਵਾਲ ਤੇ ਮਾਨ ਵੱਲੋਂ ਪੰਜਾਬ ਭਰ ਦੇ 13 ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ | Punjab News
- ਲੁਧਿਆਣਾ ਵਿਖੇ ਸਕੂਲ ਆਫ਼ ਐਮੀਨੈਂਸ ’ਚ ਮੌਜੂਦ ਸਹੂਲਤਾਂ ਦਾ ਲਿਆ ਜਾਇਜਾ ਤੇ ਵਿਦਿਆਰਥੀਆਂ ਨਾਲ ਕੀਤੀ ਗੱਲਬਾਤ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸੂਬੇ ਭਰ ਦੇ 13 ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਸਕੂਲ ’ਚ ਮੌਜੂਦ ਸਹੂਲਤਾਂ ਦਾ ਜਾਇਜਾ ਲੈਣ ਸਣੇ ਹੀ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ। ਪੰਜਾਬ ਦੇ ਮਾਨਚੈਸਟਰ ਲੁਧਿਆਣਾ ਦੇ ਇੰਦਰਾਪੁਰੀ ’ਚ ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਦਿੱਲੀ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਗਏ ਤਜ਼ਰਬਿਆਂ ਨੂੰ ਪੰਜਾਬ ’ਚ ਲਾਗੂ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸਰਕਾਰ ਨੂੰ ਲਗਾਤਾਰ ਕਾਮਯਾਬੀ ਮਿਲ ਰਹੀ ਹੈ। (Punjab News)
ਕਿਉਂਕਿ ਆਮ ਆਦਮੀ ਪਾਰਟੀ ਨਫ਼ਰਤ ਜਾਂ ਜਾਤ-ਪਾਤ ਦੀ ਨਹੀਂ ਬਲਕਿ ਕੰਮ ਦੀ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੋ ਸਾਲ ਪਹਿਲਾਂ ਸ਼ੁਰੂ ਹੋਈ ਸਿੱਖਿਆ ਕ੍ਰਾਂਤੀ ਦੇ ਤਹਿਤ ਹੀ ਅੱਜ ਇਤਿਹਾਸਕ ਦਿਨ ਹੈ, ਜਿਸ ਦਿਨ ਪੰਜਾਬ ਭਰ ’ਚ ਬੱਚਿਆਂ ਦੇ ਭਵਿੱਖ ਨੂੰ ਰੁਸ਼ਨਾਉਣ ਲਈ 13 ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਹੋਇਆ ਹੈ। ਉਨ੍ਹਾਂ ਦੁਹਰਾਇਆ ਕਿ ਪੰਜਾਬ ਸਰਕਾਰ ਸੂਬੇ ਅੰਦਰ ਮਿਆਰੀ ਸਿਹਤ ਸਹੂਲਤਾਂ ਤੇ ਉੱਚ ਪੱਧਰ ਦੀ ਸਿੱਖਿਆ ਤੋਂ ਇਲਾਵਾ ਇਨਫਰਾਟਰੱਕਚਰ ਲਿਆਉਣ ’ਤੇ ਕੇਂਦਰਿਤ ਹੈ। (Punjab News)
ਆਮ ਆਦਮੀ ਕਲੀਨਿਕਾਂ ’ਚ 41 ਕਿਸਮ ਦੇ ਟੈਸਟ ਕੀਤੇ ਜਾਂਦੇ ਹਨ ਮੁਫ਼ਤ : ਬੀਬੀ ਪਠਾਨਮਾਜਰਾ
ਬਿਨਾਂ ਨਾਂਅ ਲਏ ਸੁੱਖ ਵਿਲਾਸ ਹੋਟਲ ਸਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇੱਕ ਹੋਟਲ ਵਾਸਤੇ ਸਰਕਾਰ ਤੋਂ ਇੱਕ-ਇੱਕ ਅਰਬ ਤੋਂ ਜਿਆਦਾ ਦੀ ਛੋਟ ਹਾਸਲ ਕੀਤੀ ਗਈ। ਅਜਿਹੇ ਅਨੇਕਾਂ ਵੱਡੇ ਪਹਾੜ ਖੋਦਣੇ ਹਾਲੇ ਬਾਕੀ ਹਨ, ਜਿੰਨਾਂ ’ਚੋਂ ਸਰਕਾਰੀ ਖ਼ਜਾਨੇ ’ਚ ਆਉਣ ਵਾਲੇ ਪੈਸੇ ਨੂੰ ਲੋਕਾਂ ’ਤੇ ਹੀ ਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਬਦੌਲਤ ਚੋਣ ਮੈਨਸੀਫੈਸਟੋ ਜਾਂ ਘੋਸ਼ਣਾ ਪੱਤਰਾਂ ਨੂੰ ਹੁਣ ਗਰੰਟੀਆਂ ਕਿਹਾ ਜਾਣ ਲੱਗਿਆ ਹੈ। ਇਸ ਲਈ ਉਨ੍ਹਾਂ ਨੂੰ ਖੁਸ਼ੀ ਹੈ ਕਿ ਦੇਸ਼ ਲਈ ਕੁੱਝ ਹੋਣ ਲੱਗਾ ਹੈ। ਉਨ੍ਹਾਂ ਅਸਿੱਧੇ ਰੂਪ ’ਚ ਭਾਜਪਾ ’ਤੇ ਵਾਰ ਕਰਦਿਆਂ ਮਾਨ ਨੇ ਕਿਹਾ ਕਿ ਸ਼ੁਕਰ ਹੈ ਅੱਜ ਉਹ ਉਨ੍ਹਾਂ ਦੇ ਮਗਰ ਤਾਂ ਲੱਗੇ ਹਨ। ਜਿਹੜੇ ਕਦੇ ਉਨ੍ਹਾਂ ਨੂੰ ਜਿੱਤ ਕੇ ਆਉਣ ਲਈ ਕਹਿੰਦੇ ਸਨ। ਅੱਜ ਉਹ ਡਰੇ ਬੈਠੇ ਹਨ। (Punjab News)
ਅਰਵਿੰਦਰ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੈ ਕਿ ਅੱਜ 13 ਸਕੂਲ ਆਫ਼ ਐਮੀਨੈਂਸ ਸਕੂਲ ਖੁੱਲ੍ਹੇ ਹਨ। ਇਸ ਲਈ ਮੀਡੀਆ ਚੰਗੀ ਤਰ੍ਹਾਂ ਇਸ ਦੀਆਂ ਵੀਡੀਓਗ੍ਰਾਫ਼ੀ ਆਦਿ ਕਰਕੇ ਲੋਕਾਂ ਨੂੰ ਦਿਖਾਵੇ। ਉਨ੍ਹਾਂ ਕਿਹਾ ਕਿ ਸਕੂਲ ਅੰਦਰ ਪੈਰ ਧਰਦਿਆਂ ਇਹ ਯਕੀਨ ਨਹੀਂ ਹੁੰਦਾ ਕਿ ਇਹ ਸਰਕਾਰੀ ਸਕੂਲ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਾਈਵੇਟ ਸੈਕਟਰ ’ਚ ਅਜਿਹਾ ਸਕੂਲ ਹੁੰਦਾ ਤਾਂ ਉਸਦੀ ਫ਼ੀਸ ਪ੍ਰਤੀ ਮਹੀਨਾ ਘੱਟੋ-ਘੱਟ 10 ਹਜ਼ਾਰ ਰੁਪਏ ਹੋਣੀ ਸੀ। ਉਨ੍ਹਾਂ ਕਿਹਾ ਕਿ ਪੁਰਾਣੇ ਸਮੇਂ ’ਚ ਕਿਸੇ ਨੇ ਸੋਚਿਆ ਨਹੀਂ ਹੋਵੇਗਾ ਕਿ ਸਰਕਾਰੀ ਸਕੂਲ ਅਜਿਹੇ ਬਣਨਗੇ। ਜਿੱਥੇ ਰਿਕਸ਼ਾ ਚਾਲਕ, ਕਿਸਾਨ-ਮਜ਼ਦੂਰ ਦੇ ਬੱਚੇ, ਜਿੰਨਾਂ ਨੇ ਕਦੇ ਸੁਪਨੇ ’ਚ ਵੀ ਨਹੀਂ ਸੋਚਿਆ ਸੀ ਕਿ ਉਹ ਵੀ ਕਦੇ ਕੁੱਝ ਬਣ ਸਕਣਗੇ, ਪੜ੍ਹ ਸਕਣਗੇ। (Punjab News)