ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਦੇਸ਼ ਦੇ ਲੋਕਾਂ ਨੂੰ ਅਪੀਲ | Kisan Morcha
- ਸ਼ੁਭ ਕਰਨ ਦੇ ਗੋਲੀ ਮਾਰਨ ਵਾਲਿਆਂ ਖਿਲਾਫ ਕਤਲ ਦਾ ਪਰਚਾ ਹੋਵੇ ਦਰਜ
- ਕਿਹਾ, ਪੰਜਾਬ ਸਰਕਾਰ ਮ੍ਰਿਤਕ ਕਿਸਾਨ ਨੂੰ ਸ਼ਹੀਦ ਦਾ ਦਰਜਾ ਦੇਵੇ ਅਤੇ ਸ਼ਹੀਦਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਇਸ ਕਿਸਾਨ ਨੂੰ ਮਿਲਣ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਨੌਜਵਾਨ ਕਿਸਾਨ ਸ਼ੁਭਕਰਨ ਦੀ ਮੌਤ ਸਮੇਤ ਕਿਸਾਨਾਂ ਤੇ ਹਰਿਆਣਾ ਪੁਲਿਸ ਵੱਲੋਂ ਢਾਹੇ ਜਬਰ ਖਿਲਾਫ ਆਪਣੇ ਘਰਾਂ ਦੁਕਾਨਾਂ ਆਦਿ ਤੇ ਕਾਲੇ ਝੰਡੇ ਲਗਾ ਕੇ ਰੋਸ਼ ਪ੍ਰਗਟ ਕਰਨ। ਇਸ ਦੇ ਨਾਲ ਹੀ ਜਿਹੜੇ ਲੋਕਾਂ ਕੋਲ ਆਪਣੇ ਵਹੀਕਲ ਹਨ ਉਹਨਾਂ ਤੇ ਵੀ ਕਾਲੇ ਝੰਡੇ ਲਗਾ ਕੇ ਕਿਸਾਨਾਂ ਨਾਲ ਹੋਏ ਇਸ ਬਰਬਰ ਖੂਨੀ ਕਾਰੇ ਵਿਰੁੱਧ ਆਪਣਾ ਰੋਸ਼ ਪ੍ਰਗਟਾਉਣ। (Kisan Morcha)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਆਖਿਆ ਕਿ ਉਨਾਂ ਨੂੰ ਦੇਸ਼ ਭਰ ਤੋਂ ਸੰਦੇਸ਼ ਮਿਲ ਰਹੇ ਹਨ ਕਿ ਖਨੌਰੀ ਬਾਰਡਰ ਤੇ ਜੋਂ ਨੌਜਵਾਨ ਕਿਸਾਨ ਸ਼ੁਭਕਰਨ ਦਾ ਪੁਲਿਸ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ ਉਸਦਾ ਉਸਦਾ ਭਾਰੀ ਦੁੱਖ ਹੈ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨ ਕਿਸਾਨ ਦੀ ਮੌਤ ਦੇ ਜਿੰਮੇਵਾਰ ਪੁਲਿਸ ਮੁਲਾਜ਼ਮਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰੇ।
ਪੰਜਾਬ ਸਰਕਾਰ ਹਰਿਆਣਾ ਪੁਲਿਸ ਵੱਲੋਂ ਚੁੱਕੇ ਗਏ ਕਿਸਾਨਾਂ ਦੀ ਜਲਦ ਕਰੇ ਭਾਲ
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਖਨੌਰੀ ਬਾਰਡਰ ਤੇ ਹਰਿਆਣਾ ਪੁਲਿਸ ਵੱਲੋਂ ਪੰਜਾਬ ਦੀ ਹੱਦ ਵਿੱਚ ਆ ਕੇ 25-30 ਟਰੈਕਟਰਾਂ ਨੂੰ ਭੰਨਿਆ ਗਿਆ ਅਤੇ ਇਸ ਦੇ ਨਾਲ ਹੀ ਉਹਨਾਂ ਦੇ ਪੰਜ ਕਿਸਾਨਾਂ ਨੂੰ ਹਰਿਆਣਾ ਦੀ ਪੁਲਿਸ ਵੱਲੋਂ ਚੁੱਕਿਆ ਗਿਆ ਹੈ ਅਜੇ ਉਹਨਾਂ ਦਾ ਕੋਈ ਪਤਾ ਨਹੀਂ ਲੱਗ ਰਿਹਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਸੰਗਿਆਨ ਲਵੇ ਅਤੇ ਇਨਾਂ ਕਿਸਾਨਾਂ ਬਾਰੇ ਜਾਣਕਾਰੀ ਹਾਸਿਲ ਕਰਕੇ ਤੁਰੰਤ ਰਿਹਾਅ ਕਰਾਵੇ।
ਇਸ ਮੌਕੇ ਕਿਸਾਨ ਆਗੂ ਸੁਰਜੀਤ ਫੂਲ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਸਿੱਧੀ ਗੋਲੀ ਨਾਲ ਨੌਜਵਾਨ ਕਿਸਾਨ ਨੂੰ ਸ਼ਹੀਦ ਕੀਤਾ ਗਿਆ ਹੈ ਉਨਾ ਕਿਹਾ ਕਿ ਇਹ ਗੋਲੀਆਂ ਉਸ ਸਮੇਂ ਚਲਾਈਆਂ ਜਾਂਦੀਆਂ ਹਨ ਜਦੋਂ ਦੋਹਾਂ ਧਿਰਾਂ ਕੋਲ ਹਥਿਆਰ ਹੋਣ ਜਦ ਕਿ ਕਿਸਾਨ ਬਿਲਕੁਲ ਨਿਹੱਥੇ ਸਨ ਅਤੇ ਹਰਿਆਣਾ ਪੁਲਿਸ ਵੱਲੋਂ ਸਿੱਧੀ ਗੋਲੀ ਚਲਾਉਣ ਕਰਕੇ ਅਜਿਹੇ ਲੋਕਾਂ ਦੀ ਸ਼ਨਾਖਤ ਕਰਕੇ ਪੰਜਾਬ ਸਰਕਾਰ 302 ਦਾ ਪਰਚਾ ਦਰਜ ਕਰੇ।
Also Read : Punjab Vidhan Sabha budget | ਪੰਜਾਬ ਵਿਧਾਨ ਸਭਾ ਬਜ਼ਟ ਇਜਲਾਸ ਸਬੰਧੀ ਆਈ ਵੱਡੀ ਜਾਣਕਾਰੀ
ਉਨਾਂ ਕਥਿਤ ਦੋਸ਼ ਲਾਇਆ ਕਿ ਪਿਛਲੇ ਦਿਨੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਵੱਖ ਵਖ ਫੋਰਸ ਨਾਲ ਮੀਟਿੰਗ ਕਰਕੇ ਇਹ ਆਦੇਸ਼ ਦਿੱਤੇ ਗਏ ਕਿ ਕਿਸਾਨਾਂ ਨੂੰ ਅੱਗੇ ਵਧਣ ਨਹੀਂ ਦੇਣਾ ਚਾਹੇ ਇਸ ਲਈ ਗੋਲੀਆਂ ਹੀ ਕਿਉਂ ਨਾ ਚਲਾਉਣੀਆਂ ਪੈਣ। ਉਨਾ ਕਿਹਾ ਕਿ ਇਸ ਕਾਰਨ ਹੀ ਹਰਿਆਣਾ ਫੋਰਸ ਵੱਲੋਂ ਇਹ ਕਤਲ ਕੀਤਾ ਗਿਆ ਹੈ। ਕਿਸਾਨ ਆਗੂ ਫੂਲ ਨੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੂੰ ਅਪੀਲ ਵੀ ਕੀਤੀ ਕਿ ਉਹ ਇਸ ਮੋਰਚੇ ਦੇ ਸਮਾਨੰਤਰ ਕੋਈ ਪ੍ਰੋਗਰਾਮ ਨਾ ਦੇਣ ਅਤੇ ਸਗੋਂ ਇਸ ਮੋਰਚੇ ਦੇ ਹੱਕ ਵਿੱਚ ਆਪਣਾ ਫੈਸਲਾ ਲੈਣ।