ਹੁਰੀਅਤ ਦੇ ਟਿਕਾਣਿਆਂ ‘ਤੇ ਛਾਪੇਮਾਰੀ
- ਐੱਨਆਈਏ ਵੱਲੋਂ ਸੋਨੀਪਤ ਸਮੇਤ 22 ਥਾਵਾਂ ‘ਤੇ ਛਾਪੇਮਾਰੀ
- ਕਰੋੜਾਂ ਦੀ ਜਾਇਦਾਦ ਤੇ ਨਗਦੀ ਮਿਲੀ
ਨਵੀਂ ਦਿੱਲੀ, (ਏਜੰਸੀ) । ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਗਤੀਵਿਧੀਆਂ ਲਈ ਸਰਹੱਦ ਪਾਰ ਤੋਂ ਮਿਲਣ ਵਾਲੇ ਪੈਸੇ ਨੂੰ ਲੈ ਕੇ ਜਾਂਚ ਵਿੱਚ ਜੁਟੀ ਕੌਮੀ ਜਾਂਚ ਏਜੰਸੀ ਨੇ ਅੱਜ ਕਸ਼ਮੀਰ ਵਿੱਚ ਵੱਖਵਾਦੀਆਂ ਦੇ ਟਿਕਾਣਿਆਂ ਅਤੇ ਦਿੱਲੀ ਤੇ ਹਰਿਆਣਾ ਵਿੱਚ ਹਵਾਲਾ ਕਾਰੋਬਾਰੀਆਂ ਦੇ ਇੱਥੇ ਛਾਪੇਮਾਰੀ ਕੀਤੀ, ਜਿਸ ਵਿੱਚ ਇੱਕ ਕਰੋੜ ਰੁਪਏ ਤੋਂ ਜ਼ਿਆਦਾ ਦੀ ਨਗਦੀ ਤੇ ਜਾਇਦਾਦ ਦੇ ਦਸਤਾਵੇਜ਼ ਜ਼ਬਤ ਕੀਤੇ ਗਏ ਐੱਨਆਈਏ ਦੇ ਬੁਲਾਰੇ ਅਨੁਸਾਰ ਕਸ਼ਮੀਰ ਵਿੱਚ 14 ਤੇ ਦਿੱਲੀ ਤੇ ਹਰਿਆਣਾ ਵਿੱਚ ਅੱਠ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ ਇਨ੍ਹਾਂ ਛਾਪਿਆਂ ਵਿੱਚੋਂ ਇੱਕ ਕਰੋੜ 15 ਲੱਖ ਰੁਪਏ ਨਗਦ, ਜਾਇਦਾਦ ਨਾਲ ਜੁੜੇ ਦਸਤਾਵੇਜ਼, ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਤੇ ਹਿਜ਼ਬੁਲ ਮੁਜ਼ਾਹਿਦੀਨ ਦੇ ਲੇਟਰਹੈੱਡ, ਪੈਨ ਡਰਾਈਵ, ਲੈਪਟਾਪ ਤੇ ਹੋਰ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਛਾਪਿਆਂ ਦੌਰਾਨ ਕੀਤੀ ਗਈ ਪੁੱਛਗਿੱਛ ਵਿੱਚ ਕਈ ਹੋਰ ਸ਼ੱਕੀ ਸਥਾਨਾਂ ਦਾ ਵੀ ਪਤਾ ਚੱਲਿਆ ਹੈ ਤੇ ਉਨ੍ਹਾਂ ਦੀ ਵੀ ਜਾਂਚ ਕੀਤੀ ਜਾਵੇਗੀ ਇਨ੍ਹਾਂ ਸਾਰੇ ਸਥਾਨਾਂ ‘ਤੇ ਐੱਨਆਈਏ ਨੇ ਸਵੇਰੇ ਹੀ ਛਾਪੇਮਾਰੀ ਕੀਤੀ ਤੇ ਇੱਥੇ ਮੌਜ਼ੂਦ ਲੋਕਾਂ ਤੋਂ ਵਿਸਥਾਰ ਨਾਲ ਪੁੱਛ ਗਿੱਛ ਕੀਤੀ ਛਾਪੇਮਾਰੀ ਦੀ ਕਾਰਵਾਈ ਕਸ਼ਮੀਰ ਦੇ ਤਿੰਨ ਵੱਖਵਾਦੀ ਆਗੂਆਂ ਨਾਲ ਇਸ ਹਫ਼ਤੇ ਇੱਥੇ ਐਨਆਈਏ ਮੁੱਖ ਦਫਤਰ ਵਿੱਚ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਕੀਤੀ ਗਈ ਹੈ।
ਰਿਪੋਰਟਾਂ ਅਨੁਸਾਰ ਇੱਕ ਟੈਲੀਵਿਜ਼ਨ ਚੈਨਲ ਦੇ ਸਟਿੰਗ ਅਪਰੇਸ਼ਨ ਵਿੱਚ ਹੁਰੀਅਤ ਆਗੂਆਂ ਨੇ ਇਹ ਵੀ ਸਵੀਕਾਰ ਕਰਦਿਆਂ ਵਿਖਾਇਆ ਗਿਆ ਸੀ ਕਿ ਘਾਟੀ ਵਿੱਚ ਸੁਰੱਖਿਆ ਫੋਰਸ ਦੇ ਜਵਾਨਾਂ ‘ਤੇ ਪਥਰਾਅ, ਭੰਨ ਤੋੜ ਦੀਆਂ ਘਟਨਾਵਾਂ ਤੇ ਅੱਤਵਾਦੀ ਗਤੀਵਿਧੀਆਂ ਲਈ ਉਨ੍ਹਾਂ ਨੂੰ ਸਰਹੱਦ ਪਾਰ ਬੈਠੇ ਅੱਤਵਾਦੀਆਂ ਤੋਂ ਪੈਸਾ ਮਿਲਦਾ ਹੈ ਇਸ ਤੋਂ ਬਾਅਦ ਐਨਆਈਏ ਨੇ ਵੱਖਵਾਦੀ ਆਗੂਆਂ ਨਾਲ ਘਾਟੀ ਵਿੱਚ ਪੁੱਛਗਿੱਛ ਕੀਤੀ ਤੇ ਵੱਖਵਾਦੀ ਆਗੂ ਨਈਮ ਖਾਨ, ਫਾਰੂਕ ਅਹਿਮਦ ਡਾਰ ਤੇ ਗਾਜੀ ਜਾਵੇਦ ਬਾਬਾ ਨੂੰ ਪੁੱਛਗਿੱਛ ਲਈ ਦਿੱਲੀ ਬੁਲਾਇਆ ਸੀ।
ਘਾਟੀ ਵਿੱਚ 1990 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਅੱਤਵਾਦ ਪਣਪਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਇੱਕ ਕੇਂਦਰੀ ਜਾਂਚ ਏਜੰਸੀ ਨੇ ਵੱਖਵਾਦੀਆਂ ਨੂੰ ਕੀਤੇ ਗਏ ਅੱਤਵਾਦੀ ਵਿੱਤੀ ਸਹਾਇਤਾ ਦੇਣ ਦੇ ਸਿਲਸਿਲੇ ਵਿੱਚ ਛਾਪੇਮਾਰੀ ਕੀਤੀ ਹੈ ਇਸ ਰਕਮ ਦੀ ਵਰਤੋਂ ਘਾਟੀ ਵਿੱਚ ਤਬਾਹਕਾਰੀ ਗਤੀਵਿਧੀਆਂ ਲਈ ਕੀਤੀ ਗਈ ਇਸ ਤੋਂ ਪਹਿਲਾਂ ਸਾਲ 2002 ਵਿੱਚ ਆਮਦਨ ਕਰ ਵਿਭਾਗ ਨੇ ਗਿਲਾਨੀ ਸਮੇਤ ਹੁਰੀਅਤ ਆਗੂਆਂ ਦੀ ਜਾਂਚ ਕੀਤੀ ਸੀ ਤੇ ਨਗਦੀ ਤੇ ਦੂਜੇ ਦਸਤਾਵੇਜ਼ ਜ਼ਬਤ ਕੀਤੇ ਸਨ ਹਾਲਾਂਕਿ ਉਦੋਂ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਕੀਤਾ ਗਿਆ ਸੀ।
ਰਾਜਧਾਨੀ ਦੇ ਅੱਠ ਹਵਾਲਾ ਡੀਲਰਾਂ ਤੇ ਹਰਿਆਣਾ ਵਿੱਚ ਦੋ ਥਾਂ ਛਾਪੇਮਾਰੀ
ਐੱਨਆਈਏ ਵੱਲੋਂ ਦਰਜ ਵਿੱਚ ਘਾਟੀ ਦੇ ਕਿਸੇ ਵੱਖਵਾਦੀ ਆਗੂ ਦਾ ਨਾਂਅ ਨਹੀਂ ਹੈ ਪਰ ਇਸ ਵਿੱਚ ਹੁਰੀਅਤ ਕਾਨਫਰੰਸ (ਗਿਲਾਨੀ ਤੇ ਮੀਰਵਾਇਜ਼ ਉਮਰ ਫਾਰੂਕ ਧੜੇ), ਹਿਜ਼ਬੁਲ ਮੁਜਾਹਿਦੀਨ, ਦੁਖਤਰਾਨ-ਏ-ਮਿਲੱਤ ਤੇ ਲਸ਼ਕਰ-ਏ-ਤੋਇਬਾ ਤੋਂ ਇਲਾਵਾ ਪਾਕਿਸਤਾਨ ਸਥਿਤ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਅਦ ਦਾ ਜ਼ਿਕਰ ਹੈ ਐਨਆਈਏ ਨੇ ਪਹਿਲੇ ਇਸ ਮਾਮਲੇ ਵਿੱਚ ਸ਼ੁਰੂਆਤੀ ਜਾਂਚ ਦਰਜ ਕੀਤੀ ਸੀ, ਪਰ ਬਾਅਦ ਵਿੱਚ ਇਸ ਨੂੰ ਨਿਯਮਿਤ ਜਾਂਚ ਵਿੱਚ ਬਦਲ ਦਿੱਤਾ ਸੀ।
ਗਿਲਾਨੀ ਸਮੇਤ ਕਈ ਵੱਡੇ ਆਗੂਆਂ ਨੂੰ ਸੰਮਨ ਜਾਰੀ
ਅਧਿਕਾਰਤ ਸੂਤਰਾਂ ਮੁਤਾਬਕ ਘਾਟੀ ਵਿੱਚ ਹੁਣ ਤੱਕ ਇਸ ਸਬੰਧੀ ਵੱਖਵਾਦੀ ਸੰਗਠਨ ਹੁਰੀਅਤ ਕਾਨਫਰੰਸ (ਐੱਚਸੀ) ਦੇ ਪ੍ਰਧਾਨ ਸੈਅਦ ਅਲੀ ਸ਼ਾਹ ਗਿਲਾਨੀ ਤੇ ਕਿਸੇ ਹੋਰ ਵੱਡੇ ਆਗੂਆਂ ਨੂੰ ਸੰਮਨ ਜਾਰੀ ਨਹੀਂ ਕੀਤਾ ਗਿਆ ਹੈ।
ਵੱਖਵਾਦੀ ਆਗੂ ਸ਼ੱਬੀਰ ਸ਼ਾਹ ਫਿਰ ਤਲਬ
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਤਵਾਦ ਦੇ ਕਥਿੱਤ ਮਿਲ ਰਹੇ ਧਨ ਲਈ ਇੱਕ ਦਹਾਕੇ ਤੋਂ ਜ਼ਿਆਦਾ ਸਮਾਂ ਪਹਿਲਾਂ ਦਰਜ ਕੀਤੇ ਗਏ ਧਨ ਸੋਧ ਦੇ ਮਾਮਲੇ ਵਿੱਚ ਕਸ਼ਮੀਰ ਦੇ ਵੱਖਵਾਦੀ ਆਗੂ ਸ਼ੱਬੀਰ ਸ਼ਾਹ ਨੂੰ ਫਿਰ ਤਲਬ ਕੀਤਾ ਹੈ ਅਧਿਕਾਰੀਆਂ ਨੇ ਕਿਹਾ ਕਿ ਏਜੰਸੀ ਨੇ ਸ਼ਾਹ ਨੂੰ ਇੱਥੇ 6 ਜੂਨ ਨੂੰ ਮਾਮਲੇ ਦੇ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ ਈਡੀ ਨੇ ਸ਼ਾਹ ਨੂੰ ਬੀਤੀ 25 ਮਈ ਨੂੰ ਵੀ ਅਜਿਹਾ ਹੀ ਇੱਕ ਸੰਮਨ ਭੇਜਿਆ ਸੀ ਪਰ ਉਹ ਪੇਸ਼ ਨਹੀਂ ਹੋਇਆ।