ਭਲਕੇ ਤੋਂ ਖੇਡਿਆ ਜਾਵੇਗਾ ਪਹਿਲਾ ਟੈਸਟ ਮੁਕਾਬਲਾ | IND vs ENG
- ਜੋ ਰੂਟ ਦੀਆਂ ਭਾਰਤ ਖਿਲਾਫ 2526 ਦੌੜਾਂ
- ਹੈਦਰਾਬਾਦ ’ਚ ਪਹਿਲਾ ਮੁਕਾਬਲਾ
ਹੈਦਰਾਬਾਦ (ਏਜੰਸੀ)। ਭਾਰਤ ਅਤੇ ਇੰਗਲੈਂਡ ਵਿਚਕਾਰ 5 ਟੈਸਟ ਮੈਚਾਂ ਦੀ ਲੜੀ ਸ਼ੁਰੂ ਹੋਣ ਜਾ ਰਹੀ ਹੈ। ਸੀਰੀਜ਼ ਦਾ ਪਹਿਲਾ ਮੁਕਾਬਲਾ ਭਲਕੇ ਤੋਂ ਹੈਦਰਾਬਾਦ ’ਚ ਸ਼ੁਰੂ ਹੋਵੇਗਾ। ਹੈਦਰਾਬਾਦ ਦੇ ਰਾਜ਼ੀਵ ਗਾਂਧੀ ਕੌਮਾਂਤਰੀ ਕ੍ਰਿਕੇਟ ਸਟੇਡੀਅਮ ’ਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਭਾਰਤੀ ਟੀਮ ਵੱਲੋਂ ਸਟਾਰ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਸ਼ੁਰੂਆਤੀ ਦੋ ਟੈਸਟ ਮੈਚਾਂ ਤੋਂ ਬਾਹਰ ਹਨ ਅਤੇ ਇੰਗਲੈਂਡ ਦੇ ਹੈਰੀ ਬਰੂਕ ਪੂਰੀ ਟੈਸਟ ਸੀਰੀਜ਼ ਤੋਂ ਬਾਹਰ ਹਨ। ਦੋਵਾਂ ਹੀ ਟੀਮਾਂ ’ਚ ਕਈ ਅਜਿਹੇ ਖਿਡਾਰੀ ਹਨ ਜਿਹੜੇ ਆਪਣੇ ਦਮ ’ਤੇ ਪੂਰੇ ਮੈਚ ਦਾ ਰੁੱਖ ਬਦਲਣ ਦਾ ਦਮ ਰੱਖਦੇ ਹਨ। ਇਸ ਲੜੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਲਿਹਾਜ਼ ਨਾਲ ਸਭ ਤੋਂ ਅਹਿਮ ਮੰਨੀ ਜਾ ਰਹੀ ਹੈ। ਆਓ ਜਾਣਦੇ ਹਾਂ ਉਹ ਕਿਹੜੇ-ਕਿਹੜੇ ਖਿਡਾਰੀ ਹਨ ਜਿਹੜੇ ਮੈਚ ਬਦਲਣ ਦਾ ਦਮ ਰੱਖਦੇ ਹਨ।
ਭਾਰਤੀ ਟੀਮ ਦੇ 4 ਮੁੱਖ ਗੇਮਚੇਂਜ਼ਰ
ਵਿਰਾਟ ਕੋਹਲੀ | IND vs ENG
35 ਸਾਲ ਦੇ ਵਿਰਾਟ ਕੋਹਲੀ ਸੀਰੀਜ ਦੇ ਤੀਜੇ ਮੈਚ ’ਚ ਹਾਜ਼ਰ ਹੋਣਗੇ। ਕੋਹਲੀ ਨੇ ਭਾਰਤ ਲਈ ਹੁਣ ਤੱਕ 113 ਟੈਸਟ ਮੈਚਾਂ ’ਚ 8,848 ਦੌੜਾਂ ਬਣਾਈਆਂ ਹਨ, ਜਿਸ ’ਚ 29 ਸੈਂਕੜੇ ਅਤੇ 30 ਅਰਧ ਸੈਂਕੜੇ ਸ਼ਾਮਲ ਹਨ। ਉਹ ਸਰਗਰਮ ਬੱਲੇਬਾਜਾਂ ’ਚ ਭਾਰਤ ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਉਹ ਦੱਖਣੀ ਅਫਰੀਕਾ ਖਿਲਾਫ ਪਿਛਲੀ ਟੈਸਟ ਸੀਰੀਜ ’ਚ ਟੀਮ ਇੰਡੀਆ ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ ਵੀ ਸਨ।
Mamata Banerjee : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜ਼ੀ ਹਾਦਸੇ ਦਾ ਸ਼ਿਕਾਰ
ਉਨ੍ਹਾਂ ਇੰਗਲੈਂਡ ਖਿਲਾਫ 38 ਟੈਸਟ ਮੈਚਾਂ ’ਚ 2,483 ਦੌੜਾਂ ਬਣਾਈਆਂ ਹਨ, ਜਿਸ ’ਚ 4 ਸੈਂਕੜੇ ਅਤੇ 16 ਅਰਧ ਸੈਂਕੜੇ ਸ਼ਾਮਲ ਹਨ। ਏਸ਼ੀਆਈ ਸਥਿਤੀਆਂ ’ਚ, ਉਨ੍ਹਾਂ 59 ਟੈਸਟਾਂ ’ਚ 4,597 ਦੌੜਾਂ ਬਣਾਈਆਂ ਹਨ, ਜੋ ਮੌਜੂਦਾ ਟੀਮ ’ਚ ਭਾਰਤੀ ਖਿਡਾਰੀਆਂ ’ਚ ਸਭ ਤੋਂ ਜ਼ਿਆਦਾ ਹਨ। ਉਹ 2023-25 ਵਿਸ਼ਵ ਟੈਸਟ ਚੈਂਪੀਅਨਸ਼ਿਪ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਭਾਰਤੀ ਵੀ ਹਨ। ਉਨ੍ਹਾਂ ਦੇ ਨਾਂਅ 4 ਟੈਸਟਾਂ ’ਚ 369 ਦੌੜਾਂ ਹਨ।
ਰੋਹਿਤ ਸ਼ਰਮਾ | IND vs ENG
ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਪਿਛਲੇ 2 ਸਾਲਾਂ ’ਚ ਭਾਰਤ ਦੇ ਟਾਪ-3 ਸਕੋਰਰਾਂ ’ਚ ਸ਼ਾਮਲ ਹਨ। ਉਨ੍ਹਾਂ 10 ਟੈਸਟਾਂ ’ਚ 2 ਸੈਂਕੜੇ ਅਤੇ 2 ਅਰਧ ਸੈਂਕੜੇ ਲਾ ਕੇ 635 ਦੌੜਾਂ ਬਣਾਈਆਂ। ਵਿਰਾਟ ਪਹਿਲੇ ਨੰਬਰ ’ਤੇ ਅਤੇ ਰਿਸ਼ਭ ਪੰਤ ਦੂਜੇ ਨੰਬਰ ’ਤੇ ਸਨ। ਰੋਹਿਤ ਨੇ ਭਾਰਤ ਲਈ 54 ਟੈਸਟਾਂ ’ਚ 3,737 ਦੌੜਾਂ ਬਣਾਈਆਂ ਹਨ। ਵਿਰਾਟ ਦੇ ਜਾਣ ਤੋਂ ਬਾਅਦ ਉਹ ਮੌਜ਼ੂਦਾ ਟੀਮ ’ਚ ਰਹਿ ਗਏ ਸਭ ਤੋਂ ਤਜਰਬੇਕਾਰ ਬੱਲੇਬਾਜ ਹਨ। ਉਨ੍ਹਾਂ ਤੋਂ ਬਾਅਦ ਰਵੀਚੰਦਰਨ ਅਸ਼ਵਿਨ ਨੇ 3000 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ।
ਏਸ਼ੀਆਈ ਹਾਲਾਤ ’ਚ ਵੀ ਰੋਹਿਤ ਨੇ 8 ਸੈਂਕੜੇ ਲਾ ਕੇ 2,210 ਦੌੜਾਂ ਬਣਾਈਆਂ ਹਨ। ਰੋਹਿਤ ਨੇ ਅਫਗਾਨਿਸਤਾਨ ਖਿਲਾਫ ਹਾਲੀਆ ਟੀ-20 ਸੀਰੀਜ ’ਚ ਆਪਣਾ ਹਮਲਾਵਰ ਰੁਖ ਦਿਖਾਇਆ। ਦੱਖਣੀ ਅਫਰੀਕਾ ’ਚ ਉਹ ਕੁਝ ਖਾਸ ਨਹੀਂ ਕਰ ਸਕੇ ਪਰ ਇਸ ਤੋਂ ਪਹਿਲਾਂ ਇੱਕਰੋਜ਼ਾ ਵਿਸ਼ਵ ਕੱਪ ’ਚ ਉਹ ਦੂਜੇ ਟਾਪ ਸਕੋਰਰ ਸਨ। ਪਿਛਲੇ ਸਾਲ ਉਨ੍ਹਾਂ ਨੇ ਨਾਗਪੁਰ ਦੀ ਮੁਸ਼ਕਿਲ ਪਿੱਚ ’ਤੇ ਅਸਟਰੇਲੀਆ ਖਿਲਾਫ ਸੈਂਕੜਾ ਵੀ ਜੜਿਆ ਸੀ, ਇਸ ਲਈ ਉਹ ਮੁਸਕਿਲ ਸਪਿਨਿੰਗ ਪਿੱਚਾਂ ’ਤੇ ਵੀ ਭਾਰਤ ਲਈ ਮਹੱਤਵਪੂਰਨ ਬੱਲੇਬਾਜ ਹਨ।
ਰਵੀਚੰਦਰਨ ਅਸ਼ਵਿਨ | IND vs ENG
ਗੇਂਦਬਾਜੀ ’ਚ ਇੰਗਲੈਂਡ ਲਈ ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ ਅਤੇ ਅਕਸ਼ਰ ਪਟੇਲ ਤੋਂ ਪਾਰ ਪਾਉਣਾ ਮੁਸ਼ਕਲ ਹੋਵੇਗਾ। ਭਾਰਤ ਦੀਆਂ ਸਪਿਨ ਪਿੱਚਾਂ ’ਤੇ ਇਹ ਅਜਿਹੇ ਸਪਿਨਰ ਹਨ ਜੋ ਕਿਸੇ ਵੀ ਸਮੇਂ ਮੈਚ ਦਾ ਰੁਖ ਬਦਲ ਸਕਦੇ ਹਨ। ਅਸ਼ਵਿਨ ਇਸ ਸਮੇਂ ਦੁਨੀਆ ਦੇ ਸਭ ਤੋਂ ਵਧੀਆ ਸਪਿਨਰ ਹਨ। ਉਨ੍ਹਾਂ ਨੇ ਏਸ਼ੀਆ ’ਚ 387 ਵਿਕਟਾਂ ਲਈਆਂ ਹਨ ਅਤੇ ਸੀਰੀਜ ’ਚ 400 ਵਿਕਟਾਂ ਦਾ ਅੰਕੜਾ ਪਾਰ ਕਰ ਸਕਦੇ ਹਨ। ਟੈਸਟ ’ਚ ਵਿਸ਼ਵ ਦੇ ਨੰਬਰ-1 ਗੇਂਦਬਾਜ ਅਸ਼ਵਿਨ ਪਿਛਲੇ ਦੋ ਸਾਲਾਂ ’ਚ ਟੀਮ ਲਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ ’ਚ ਚੋਟੀ ’ਤੇ ਹਨ। ਇੰਗਲੈਂਡ ਖਿਲਾਫ ਸਿਰਫ 19 ਟੈਸਟ ਮੈਚਾਂ ’ਚ ਉਨ੍ਹਾਂ ਦੇ ਨਾਂਅ 88 ਵਿਕਟਾਂ ਹਨ।
ਜੋ ਕਿ ਸਰਗਰਮ ਭਾਰਤੀ ਗੇਂਦਬਾਜਾਂ ’ਚ ਸਭ ਤੋਂ ਜ਼ਿਆਦਾ ਹਨ। ਉਨ੍ਹਾਂ ਨੇ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੂੰ ਵੀ ਕ੍ਰਿਕੇਟ ਦੇ ਸਭ ਤੋਂ ਲੰਬੇ ਫਾਰਮੈਟ ’ਚ ਸਭ ਤੋਂ ਜ਼ਿਆਦਾ (11) ਵਾਰ ਆਊਟ ਕੀਤਾ ਹੈ। ਅਸ਼ਵਿਨ 500 ਟੈਸਟ ਵਿਕਟਾਂ ਤੋਂ ਸਿਰਫ 10 ਵਿਕਟਾਂ ਦੂਰ ਹਨ, ਉਨ੍ਹਾਂ ਦੇ ਨਾਂਅ 95 ਟੈਸਟ ਮੈਚਾਂ ’ਚ 490 ਵਿਕਟਾਂ ਹਨ। ਉਹ ਚੋਟੀ ਦੇ ਵਿਕਟ ਲੈਣ ਵਾਲੇ ਗੇਂਦਬਾਜਾਂ ਦੀ ਸੂਚੀ ’ਚ ਦੂਜੇ ਮੌਜ਼ੂਦਾ ਸਪਿਨਰ ਹਨ। ਉਨ੍ਹਾਂ ਤੋਂ ਅੱਗੇ ਅਸਟਰੇਲੀਆ ਦੇ ਨਾਥਨ ਲਿਓਨ ਹਨ। ਅਸ਼ਵਿਨ ਨੇ ਇੱਕ ਮੈਚ ’ਚ 8 ਵਾਰ 10 ਜਾਂ ਇਸ ਤੋਂ ਜ਼ਿਆਦਾ ਵਿਕਟਾਂ ਲਈਆਂ ਹਨ, ਜਦਕਿ ਉਨ੍ਹਾਂ ਦੇ ਨਾਂਅ ਇੱਕ ਪਾਰੀ ’ਚ 34 ਵਾਰ 5 ਜਾਂ ਇਸ ਤੋਂ ਜ਼ਿਆਦਾ ਵਿਕਟਾਂ ਲੈਣ ਦਾ ਰਿਕਾਰਡ ਹੈ।
ਰਵਿੰਦਰ ਜਡੇਜ਼ਾ | IND vs ENG
ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਆਈਸੀਸੀ ਰੈਂਕਿੰਗ ’ਚ ਨੰਬਰ-1 ਟੈਸਟ ਆਲਰਾਊਂਡਰ ਹਨ। ਗੇਂਦ ਦੇ ਨਾਲ-ਨਾਲ ਉਹ ਬੱਲੇ ਨਾਲ ਵੀ ਪ੍ਰਭਾਵਸ਼ਾਲੀ ਹਨ। ਹੁਣ ਤੱਕ ਉਨ੍ਹਾਂ ਨੇ 68 ਟੈਸਟ ਮੈਚਾਂ ’ਚ 275 ਵਿਕਟਾਂ ਲੈਣ ਦੇ ਨਾਲ 2,804 ਦੌੜਾਂ ਵੀ ਬਣਾਈਆਂ ਹਨ। ਉਨ੍ਹਾਂ ਨੇ ਏਸ਼ੀਆ ’ਚ 207 ਵਿਕਟਾਂ ਲਈਆਂ ਹਨ ਅਤੇ ਅਸਟਰੇਲੀਆ ਖਿਲਾਫ ਪਿਛਲੀ ਘਰੇਲੂ ਟੈਸਟ ਲੜੀ ’ਚ ਉਨ੍ਹਾਂ ਨੇ 22 ਵਿਕਟਾਂ ਲਈਆਂ ਸਨ। ਉਸ ਨੇ ਇੰਗਲੈਂਡ ਖਿਲਾਫ ਸਿਰਫ 16 ਟੈਸਟ ਮੈਚਾਂ ’ਚ 51 ਵਿਕਟਾਂ ਲਈਆਂ ਹਨ।
ਪਿਛਲੇ 2 ਸਾਲਾਂ ’ਚ ਉਸ ਨੇ ਸਿਰਫ 10 ਟੈਸਟਾਂ ’ਚ 43 ਵਿਕਟਾਂ ਲਈਆਂ ਹਨ। ਇਸ ਦੌਰਾਨ ਉਸ ਦੇ ਨਾਂਅ 609 ਦੌੜਾਂ ਵੀ ਸਨ। ਉਸ ਨੇ ਪਿਛਲੇ 2 ਸਾਲਾਂ ’ਚ ਆਪਣੇ ਟੈਸਟ ਕਰੀਅਰ ’ਚ 2 ਸੈਂਕੜੇ ਵੀ ਲਾਏ ਹਨ। ਖੱਬੇ ਹੱਥ ਦੇ ਸਪਿਨਰ ਅਕਸ਼ਰ ਪਟੇਲ ਨੇ ਪਿਛਲੇ ਦੌਰੇ ’ਤੇ ਇੰਗਲੈਂਡ ਨੂੰ ਕਾਫੀ ਪਰੇਸ਼ਾਨ ਕੀਤਾ ਸੀ। ਅਕਸ਼ਰ ਦੇ ਨਾਲ ਇਸ ਵਾਰ ਟੀਮ ਇੰਡੀਆ ਦੇ ਸਰਵੋਤਮ ਲੈਫਟ ਆਰਮ ਸਪਿਨਰ ਜਡੇਜਾ ਵੀ ਇੰਗਲੈਂਡ ਨੂੰ ਚੁਣੌਤੀ ਦੇਣਗੇ।
ਇੰਗਲੈਂਡ ਦੇ 4 ਸੰਭਵ ਗੇਮਚੇਂਜਰ
ਜੋ ਰੂਟ | IND vs ENG
ਇੰਗਲੈਂਡ ਦੇ ਟਾਪ ਆਰਡਰ ਬੱਲੇਬਾਜ ਜੋ ਰੂਟ ਭਾਰਤ ਖਿਲਾਫ ਸਭ ਤੋਂ ਸਫਲ ਇੰਗਲਿਸ਼ ਕ੍ਰਿਕੇਟਰ ਹਨ। ਉਨ੍ਹਾਂ ਨੇ 25 ਟੈਸਟ ਮੈਚਾਂ ’ਚ 2,526 ਦੌੜਾਂ ਬਣਾਈਆਂ ਹਨ, ਜਿਸ ’ਚ 9 ਸੈਂਕੜੇ ਅਤੇ 10 ਅਰਧ ਸੈਂਕੜੇ ਸ਼ਾਮਲ ਹਨ। ਰੂਟ ਸੀਰੀਜ ’ਚ 30 ਦੌੜਾਂ ਬਣਾਉਣ ਤੋਂ ਬਾਅਦ ਭਾਰਤ ਖਿਲਾਫ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਵਿਦੇਸ਼ੀ ਬੱਲੇਬਾਜ ਵੀ ਬਣ ਜਾਣਗੇ। ਉਨ੍ਹਾਂ ਤੋਂ ਅੱਗੇ ਅਸਟਰੇਲੀਆ ਦੇ ਰਿਕੀ ਪੋਂਟਿੰਗ ਹਨ, ਜਿਨ੍ਹਾਂ ਨੇ 2,555 ਦੌੜਾਂ ਬਣਾਈਆਂ ਹਨ। ਅਸਟਰੇਲੀਆ ਲਈ ਉਨ੍ਹਾਂ ਨੇ 135 ਟੈਸਟ ਮੈਚਾਂ ’ਚ 30 ਸੈਂਕੜੇ ਅਤੇ 60 ਅਰਧ ਸੈਂਕੜੇ ਦੀ ਮਦਦ ਨਾਲ 11,416 ਦੌੜਾਂ ਬਣਾਈਆਂ ਹਨ।
ਉਹ ਸਰਗਰਮ ਖਿਡਾਰੀਆਂ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਏਸ਼ੀਆ ’ਚ ਉਨ੍ਹਾਂ ਨੇ ਸਿਰਫ 23 ਟੈਸਟਾਂ ’ਚ 2,117 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਸਪਿਨ ਹਾਲਤਾਂ ’ਚ 5 ਸੈਂਕੜੇ ਅਤੇ 10 ਅਰਧ ਸੈਂਕੜੇ ਵੀ ਲਗਾਏ ਹਨ। ਇੱਥੋਂ ਤੱਕ ਕਿ ਪਿਛਲੇ 2 ਸਾਲਾਂ ’ਚ ਰੂਟ ਨੇ 23 ਟੈਸਟ ਖੇਡ ਕੇ ਕੁੱਲ 1,885 ਦੌੜਾਂ ਬਣਾਈਆਂ ਹਨ। ਜਿਸ ’ਚ 7 ਸੈਂਕੜੇ ਅਤੇ 7 ਅਰਧ ਸੈਂਕੜੇ ਵੀ ਸ਼ਾਮਲ ਸਨ। ਰੂਟ ਨੇ ਭਾਰਤ ਦੇ ਪਿਛਲੇ ਦੌਰੇ ’ਤੇ ਵੀ ਪਾਰੀ ’ਚ 5 ਵਿਕਟਾਂ ਲਈਆਂ ਸਨ, ਇਸ ਲਈ ਉਹ ਗੇਂਦਬਾਜੀ ਨਾਲ ਵੀ ਪ੍ਰਭਾਵਸ਼ਾਲੀ ਹਨ।
ਬੇਨ ਸਟੋਕਸ | IND vs ENG
ਇੰਗਲੈਂਡ ਟੀਮ ਦੇ ਕਪਤਾਨ ਬੇਨ ਸਟੋਕਸ ਨੇ ਆਪਣੇ 10 ਸਾਲ ਦੇ ਕਰੀਅਰ ’ਚ 6,117 ਦੌੜਾਂ ਬਣਾਈਆਂ ਹਨ। ਉਨ੍ਹਾਂ 97 ਟੈਸਟਾਂ ’ਚ 13 ਸੈਂਕੜੇ ਅਤੇ 30 ਅਰਧ ਸੈਂਕੜੇ ਲਗਾਏ। ਉਨ੍ਹਾਂ ਨੇ ਆਪਣੀ ਤੇਜ ਗੇਂਦਬਾਜੀ ਨਾਲ 197 ਵਿਕਟਾਂ ਲਈਆਂ ਹਨ। ਸਟੋਕਸ ਨੇ ਭਾਰਤ ਖਿਲਾਫ 16 ਟੈਸਟ ਮੈਚਾਂ ’ਚ 26.65 ਦੀ ਔਸਤ ਨਾਲ 773 ਦੌੜਾਂ ਬਣਾਈਆਂ ਹਨ। ਜਿਸ ’ਚ ਇੱਕ ਸੈਂਕੜਾ ਅਤੇ 4 ਅਰਧ ਸੈਂਕੜੇ ਸ਼ਾਮਲ ਹਨ। ਉਨ੍ਹਾਂ ਨੇ ਗੇਂਦਬਾਜੀ ’ਚ 39 ਵਿਕਟਾਂ ਲਈਆਂ ਹਨ। ਏਸ਼ੀਆ ’ਚ ਉਨ੍ਹਾਂ ਨੇ ਸਿਰਫ 20 ਟੈਸਟਾਂ ’ਚ 1,124 ਦੌੜਾਂ ਬਣਾਈਆਂ ਹਨ। ਜਿਸ ’ਚ ਇੱਕ ਸੈਂਕੜਾ ਅਤੇ 7 ਅਰਧ ਸੈਂਕੜੇ ਸ਼ਾਮਲ ਹਨ।
ਪਾਕਿਸਤਾਨ ਖਿਲਾਫ ਏਸ਼ੀਆ ਦੇ ਪਿਛਲੇ ਦੌਰੇ ’ਤੇ ਉਨ੍ਹਾਂ ਨੇ ਬਹੁਤ ਹੀ ਹਮਲਾਵਰ ਬੱਲੇਬਾਜੀ ਅਤੇ ਕਪਤਾਨੀ ਨਾਲ ਟੀਮ ਨੂੰ ਟੈਸਟ ਸੀਰੀਜ ’ਚ ਜਿੱਤ ਦਿਵਾਈ ਸੀ। ਹਾਲਾਂਕਿ ਸਟੋਕਸ ਭਾਰਤ ’ਚ ਅੱਜ ਤੱਕ ਸਫਲ ਨਹੀਂ ਹੋਏ ਹਨ। ਉਹ ਭਾਰਤ ਦੇ ਖਿਲਾਫ ਗੇਂਦਬਾਜੀ ਨਹੀਂ ਕਰ ਸਕਣਗੇ ਅਤੇ ਰਵੀਚੰਦਰਨ ਅਸ਼ਵਿਨ ਨੇ ਉਨ੍ਹਾਂ ਨੂੰ ਆਪਣੇ ਕਰੀਅਰ ’ਚ ਸਭ ਤੋਂ ਜ਼ਿਆਦਾ 11 ਵਾਰ ਆਊਟ ਕੀਤਾ ਹੈ। ਪਰ ਆਪਣੇ ਤਜਰਬੇ ਅਤੇ ਕਪਤਾਨੀ ਨਾਲ ਉਹ ਟੀਮ ਨੂੰ 12 ਸਾਲ ਬਾਅਦ ਭਾਰਤ ’ਚ ਟੈਸਟ ਸੀਰੀਜ ਜਿੱਤਾ ਸਕਦੇ ਹਨ।
ਜੈਕ ਲੀਚ | IND vs ENG
ਖੱਬੇ ਹੱਥ ਦੇ ਸਪਿੰਨਰ ਜੈਕ ਲੀਚ ਇੰਗਲੈਂਡ ਦੀ ਟੀਮ ਦੇ ਸਭ ਤੋਂ ਤਜਰਬੇਕਾਰ ਸਪਿੰਨਰ ਹੈ, ਜਿਸ ਦੇ ਨਾਂਅ 124 ਵਿਕਟਾਂ ਹਨ। ਇੰਗਲੈਂਡ ਦੀ ਟੀਮ ਰੇਹਾਨ ਅਹਿਮਦ, ਸ਼ੋਏਬ ਬਸੀਰ ਅਤੇ ਟਾਮ ਹਾਰਟਲੇ ਵਰਗੇ ਨੌਜਵਾਨ ਸਪਿਨਰਾਂ ਨਾਲ ਭਾਰਤ ਆਈ ਹੈ। ਰੇਹਾਨ ਨੇ ਇੱਕ ਟੈਸਟ ਖੇਡਿਆ ਹੈ, ਜਦਕਿ ਬਾਕੀ ਦੋ ਡੈਬਿਊ ਵੀ ਨਹੀਂ ਕਰ ਸਕੇ। ਪਾਰਟ-ਟਾਈਮ ਸਪਿਨਰ ਜੋ ਰੂਟ 60 ਟੈਸਟ ਵਿਕਟਾਂ ਦੇ ਨਾਲ ਇੰਗਲੈਂਡ ਦੀ ਇਸ ਟੀਮ ’ਚ ਦੂਜੇ ਸਭ ਤੋਂ ਸਫਲ ਸਪਿਨਰ ਹਨ। ਉਨ੍ਹਾਂ ਦੇ ਨਾਂਅ ਭਾਰਤ ’ਚ 5 ਵਿਕਟਾਂ ਲੈਣ ਦਾ ਰਿਕਾਰਡ ਵੀ ਹੈ। ਲੀਚ ਨੇ ਭਾਰਤ ਖਿਲਾਫ 5 ਟੈਸਟ ਮੈਚਾਂ ’ਚ 19 ਵਿਕਟਾਂ ਲਈਆਂ ਹਨ।
ਉਹ ਇੰਗਲਿਸ਼ ਸਪਿਨਰ ਹਨ ਜਿਸ ਨੇ ਪਿਛਲੇ ਦੋ ਸਾਲਾਂ ’ਚ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ ਹਨ। ਉਨ੍ਹਾਂ 17 ਟੈਸਟਾਂ ’ਚ 2.97 ਦੀ ਆਰਥਿਕਤਾ ਨਾਲ 60 ਵਿਕਟਾਂ ਲਈਆਂ। ਉਨ੍ਹਾਂ ਨੇ ਏਸ਼ੀਆਈ ਹਾਲਾਤ ’ਚ 12 ਟੈਸਟ ਮੈਚਾਂ ’ਚ 61 ਵਿਕਟਾਂ ਲਈਆਂ ਹਨ। ਟੀਮ ਇੰਡੀਆ ਦੇ ਬੱਲੇਬਾਜ ਪਿਛਲੇ ਕੁਝ ਸਾਲਾਂ ’ਚ ਲੈਫਟ ਆਰਮ ਸਪਿਨਰਾਂ ਖਿਲਾਫ ਕਾਫੀ ਪਰੇਸ਼ਾਨੀ ’ਚ ਹਨ। ਅਸਟਰੇਲੀਆ ਮੈਥਿਊ ਕੁਹਨੇਮੈਨ ਨੇ ਵੀ ਪਿਛਲੇ ਦੌਰੇ ’ਤੇ ਟੀਮ ਇੰਡੀਆ ਨੂੰ ਕਾਫੀ ਪਰੇਸ਼ਾਨ ਕੀਤਾ ਸੀ। ਅਜਿਹੇ ’ਚ ਲੀਚ ਲਈ ਇਹ ਭਾਰਤ ਦੌਰਾ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਵਧੀਆ ਦੌਰਾ ਸਾਬਤ ਹੋ ਸਕਦਾ ਹੈ।
ਜੇਮਸ ਐਂਡਰਸਨ | IND vs ENG
ਇੰਗਲਿਸ ਟੀਮ ਦੇ ਸਭ ਤੋਂ ਤਜਰਬੇਕਾਰ ਗੇਂਦਬਾਜ 41 ਸਾਲਾ ਜੇਮਸ ਐਂਡਰਸਨ 700 ਟੈਸਟ ਵਿਕਟਾਂ ਤੋਂ ਸਿਰਫ 10 ਵਿਕਟਾਂ ਦੂਰ ਹੈ। ਉਹ ਟੈਸਟ ਕ੍ਰਿਕੇਟ ’ਚ ਸਭ ਤੋਂ ਜ਼ਿਆਦਾ 690 ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਹਨ। ਐਂਡਰਸਨ ਨਵੀਂ ਗੇਂਦ ਨੂੰ ਸਵਿੰਗ ਕਰਨ ਦੇ ਨਾਲ-ਨਾਲ ਪੁਰਾਣੀ ਗੇਂਦ ਨੂੰ ਰਿਵਰਸ ਸਵਿੰਗ ਕਰਨ ’ਚ ਮਾਹਰ ਹਨ। ਐਂਡਰਸਨ ਵੀ ਭਾਰਤ ਖਿਲਾਫ 150 ਟੈਸਟ ਵਿਕਟਾਂ ਲੈਣ ਤੋਂ ਸਿਰਫ 11 ਵਿਕਟਾਂ ਦੂਰ ਹਨ। ਉਨ੍ਹਾਂ ਨੇ ਪਿਛਲੇ ਦੌਰੇ ’ਤੇ ਪਹਿਲੇ ਟੈਸਟ ’ਚ 5 ਵਿਕਟਾਂ ਲੈ ਕੇ ਭਾਰਤ ਖਿਲਾਫ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਸੀ। ਐਂਡਰਸਨ ਦੇ ਨਾਂਅ ਏਸ਼ੀਆ ’ਚ 82 ਵਿਕਟਾਂ ਹਨ ਅਤੇ ਉਹ ਇੱਥੇ ਟੀਮ ਦੇ ਸਭ ਤੋਂ ਸਫਲ ਗੇਂਦਬਾਜ ਵੀ ਹੈ। ਪਿਛਲੇ 2 ਸਾਲਾਂ ’ਚ ਉਨ੍ਹਾਂ ਨੇ ਸਿਰਫ 15 ਟੈਸਟਾਂ ’ਚ 51 ਵਿਕਟਾਂ ਲਈਆਂ ਹਨ।
ਦੋਵਾਂ ਟੀਮਾਂ ਦੀ ਸਕਵਾਇਡ | IND vs ENG
ਪਹਿਲੇ 2 ਟੈਸਟਾਂ ਲਈ ਟੀਮ ਇੰਡੀਆ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਕੇਐਸ ਭਰਤ (ਵਿਕਟਕੀਪਰ), ਧਰੁਵ ਜੁਰੇਲ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਮੁਕੇਸ਼ ਕੁਮਾਰ, ਜਸਪ੍ਰੀਤ ਬੁਮਰਾਹ (ਉਪ ਕਪਤਾਨ) ਅਤੇ ਆਵੇਸ਼ ਖਾਨ।
ਇੰਗਲੈਂਡ : ਬੇਨ ਸਟੋਕਸ (ਕਪਤਾਨ), ਰੇਹਾਨ ਅਹਿਮਦ, ਜੇਮਸ ਐਂਡਰਸਨ, ਗੁਸ ਐਟਕਿੰਸਨ, ਜੌਨੀ ਬੇਅਰਸਟੋ, ਸ਼ੋਏਬ ਬਸੀਰ, ਜੈਕ ਕ੍ਰਾਲੀ, ਬੇਨ ਡਕੇਟ, ਬੇਨ ਫੋਕਸ, ਟਾਮ ਹਾਰਟਲੇ, ਜੈਕ ਲੀਚ, ਓਲੀ ਪੋਪ, ਓਲੀ ਰੌਬਿਨਸਨ, ਜੋ ਰੂਟ ਅਤੇ ਮਾਰਕ ਵੁੱਡ।