ਪਟਿਆਲਾ ਲੋਕ ਸਭਾ ਸੀਟ ਲਈ ਕਾਂਗਰਸੀ ਆਗੂਆਂ ਨਾਲ ਕੀਤੀਆਂ ਵਿਚਾਰਾਂ (Lok Sabha )
- ਤਿੰਨ ਦਿਨਾਂ ’ਚ 6 ਲੋਕ ਸਭਾ ਸੀਟਾਂ ’ਤੇ ਹੋਣਗੀਆਂ ਵਿਚਾਰ ਚਰਚਾਵਾਂ, ਪਰਨੀਤ ਕੌਰ ਪਾਰਟੀ ’ਚੋਂ ਪਹਿਲਾਂ ਹੀ ਮੁਅੱਤਲ: ਦੇਵੇਂਦਰ ਯਾਦਵ
(ਖੁਸਵੀਰ ਸਿੰਘ ਤੂਰ) ਪਟਿਆਲਾ। ਕਾਂਗਰਸ ਪਾਰਟੀ ਵੱਲੋਂ ਮਿਸ਼ਨ 2024 ਦੀ ਤਿਆਰੀ ਵਿੱਢ ਦਿੱਤੀ ਹੈ। ਅੱਜ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਪਟਿਆਲਾ ਲੋਕ ਸਭਾ ਸੀਟ ਸਬੰਧੀ ਜ਼ਿਲ੍ਹਾ ਪਟਿਆਲਾ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਵਿਚਾਰ ਚਰਚਾ ਕੀਤੀ ਗਈ। ਪਟਿਆਲਾ ਵਿਖੇ ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਦਰ ਯਾਦਵ ,ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ , ਕੈਪਟਨ ਸੰਦੀਪ ਸੰਧੂ, ਕਾਂਗਰਸ ਦੇ ਜੁਆਇੰਟ ਖਜਾਨਚੀ ਵਿਜੈ ਇੰਦਰ ਸਿੰਗਲਾ, ਲੋਕ ਸਭਾ ਪਟਿਆਲਾ ਸੀਟ ਦੇ ਕੋਆਰਡੀਨੇਟਰ ਗੁਰਕੀਰਤ ਸਿੰਘ ਕੋਟਲੀ ਵਿਸੇਸ ਤੌਰ ਤੇ ਪੁੱਜੇ। ਜਿਲ੍ਹੇ ਦੇ ਮੋਹਰਲੀ ਕਤਾਰ ਦੇ ਕਾਂਗਰਸੀ ਆਗੂਆਂ ਨਾਲ ਵਿਚਾਰ ਚਰਚਾ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਇੰਚਾਰਜ ਦਵਿੰਦਰ ਯਾਦਵ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਅੰਦਰ 2024 ਦੀਆਂ ਲੋਕ ਸਭਾ ਚੋਣਾਂ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ। Lok Sabha
ਉਨ੍ਹਾਂ ਕਿਹਾ ਕਿ ਇਹ ਖੁੱਲ੍ਹੀ ਚਰਚਾ ਦਾ ਪ੍ਰੋਗਰਾਮ ਪੂਰੇ ਪੰਜਾਬ ਵਿਚ ਵਿੱਢਿਆ ਗਿਆ ਹੈ। ਇਸ ਰਾਹੀਂ ਇਹ ਵੇਖਿਆ ਜਾ ਰਿਹਾ ਹੈ ਕੇ ਪਾਰਟੀ ਦਾ ਵਰਕਰ ਕੀ ਚਾਹੁੰਦਾ ਹੈ ਅਤੇ ਆਉਣ ਵਾਲੀਆਂ ਚੋਣਾਂ ਵਿਚ ਕੀ ਹੋਣਾ ਚਾਹੀਦਾ ਹੈ ਜਾਂ ਫਿਰ ਚੋਣਾ ਨੂੰ ਕਿਸ ਤਰੀਕੇ ਨਾਲ ਲੜਿਆ ਜਾਵੇ।
ਉਨਾਂ ਕਿਹਾ ਕਿ ਇ੍ਹਨਾਂ ਅਗਾਮੀ ਚੋਣਾਂ ਵਿਚ ਉਮੀਦਵਾਰਾਂ ਦੀ ਚੋਣ ਵਰਕਰਾਂ ਤੋਂ ਮਿਲੀ ਫੀਡਬੈਕ ਦੇ ਆਧਾਰ ’ਤੇ ਕੀਤੀ ਜਾਏਗੀ। ਨਵਜੋਤ ਸਿੱਧੂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਸ ਬਾਰੇ ਹਾਈਕਮਾਂਡ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਹੈ ਅਤੇ ਅਗਲਾ ਫੈਸਲਾ ਹਾਈਕਮਾਂਡ ਨੇ ਲੈਣਾ ਹੈ ਪਤਾ ਲੱਗਾ ਹੈ ਕਿ ਕਾਂਗਰਸੀ ਵਰਕਰਾਂ ਨਾਲ ਬੈਠਕ ਦੌਰਾਨ ਵਰਕਰਾਂ ਵੱਲੋਂ ਆਖਿਆ ਗਿਆ ਹੈ ਕਿ ਲੋਕ ਸਭਾ ਚੋਣਾਂ ਦਾ ਉਮੀਦਵਾਰ ਉਹਨਾਂ ਦੇ ਵਿੱਚੋਂ ਹੀ ਹੋਣਾ ਚਾਹੀਦਾ ਹੈ। Lok Sabha
ਇਹ ਵੀ ਪੜ੍ਹੋ: ਜੀਕੇਯੂ ਵੱਲੋਂ ਫੁਲਕਾਰੀ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਲਈ ਜਾਗਰੂਕਤਾ ਰੈਲੀ ਕੱਢੀ ਗਈ
ਇਸ ਤੋਂ ਇਲਾਵਾ ਕਾਂਗਰਸ ਦੀਆਂ ਕਈ ਖਾਮੀਆਂ ਵੀ ਆਗੂਆਂ ਵੱਲੋਂ ਧਿਆਨ ਵਿੱਚ ਲਿਆਂਦੀਆਂ ਗਈਆਂ। ਕਾਂਗਰਸੀ ਆਗੂਆਂ ਦੀ ਖੁੱਲ੍ਹੀ ਚਰਚਾ ਵਿੱਚ ਲੋਕ ਸਭਾ ਅਧੀਨ ਆਉਂਦੇ ਨੌ ਹਲਕਿਆਂ ਦੇ ਹਲਕਾ ਇੰਚਾਰਜ ਮੌਜੂਦ ਸਨ। ਇਸ ਮੌਕੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ, ਹਰਦਿਆਲ ਕੰਬੋਜ, ਮੋਹਿਤ ਮਹਿੰਦਰਾ, ਕਾਕਾ ਰਜਿੰਦਰ ਸਿੰਘ, ਕਾਂਗਰਸ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਮਹੰਤ ਖਨੌੜਾ, ਕਾਂਗਰਸ ਦੇ ਬਲਾਕ ਪ੍ਰਧਾਨ ਸਮੇਤ ਹੋਰ ਆਗੂ ਹਾਜਰ ਸਨ।
ਜੋ ਪਾਰਟੀ ਖਿਲਾਫ ਚੱਲੇਗਾ, ਕੋਈ ਨੋਟਿਸ ਨਹੀਂ, ਸਿੱਧਾ ਜਾਵੇਗਾ ਬਾਹਰ ਕੱਢਿਆ: ਰਾਜਾ ਵੜਿੰਗ
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਨਵਜੋਤ ਸਿੱਧੂ ਦਾ ਬਿਨਾਂ ਨਾਂਅ ਲੈਂਦਿਆਂ ਆਖਿਆ ਕਿ ਜੋ ਪਾਰਟੀ ਦੇ ਨਿਯਮਾਂ ਖਿਲਾਫ ਚੱਲੇਗਾ ਉਸ ਨੂੰ ਕੋਈ ਨੋਟਿਸ ਨਹੀਂ, ਸਗੋਂ ਸਿੱਧਾ ਹੀ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਰਾਜਾ ਵੜਿੰਗ ਨੇ ਕਿਹਾ ਕਿ ਪਰਨੀਤ ਕੌਰ ਪਟਿਆਲਾ ਤੋਂ ਚੋਣ ਨਹੀਂ ਲੜਨਗੇ ਅਤੇ ਉਹਨਾਂ ਨੂੰ ਕਾਂਗਰਸ ਵੱਲੋਂ ਪਹਿਲਾਂ ਹੀ ਮੁਅਤਲ ਕੀਤਾ ਹੋਇਆ ਹੈ।
ਨਵਜੋਤ ਸਿੱਧੂ ਰਹੇ ਗੈਰ-ਹਾਜ਼ਰ
ਇਸ ਮੀਟਿੰਗ ਵਿੱਚ ਭਾਵੇਂ ਲੋਕ ਸਭਾ ਹਲਕਾ ਪਟਿਆਲਾ ਅਧੀਨ ਆਉਂਦੇ ਸਾਰੇ ਹਲਕਿਆਂ ਦੇ ਕਾਂਗਰਸੀ ਆਗੂ ਮੌਜੂਦ ਸਨ ਪਰ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਸ ਬੈਠਕ ਵਿੱਚੋਂ ਗੈਰ ਹਾਜਰ ਰਹੇ। ਇੱਥੋਂ ਤੱਕ ਕਿ ਸਿੱਧੂ ਦਾ ਕੋਈ ਵੀ ਸਮਰਥਕ ਇਸ ਬੈਠਕ ਵਿੱਚ ਨਾ ਪੁੱਜਾ। ਇਸ ਸਬੰਧੀ ਜਦੋਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਕੁਝ ਨਹੀਂ ਕਹਿ ਸਕਦੇ।