ਸਵੈ ਮਾਣ ਤੇ ਵਿਕਾਸ ਭਰਪੂਰ ਮੋਦੀ ਸਰਕਾਰ ਦੇ ਤਿੰਨ ਸਾਲ

Modi Government

ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਰਹਿਨੁਮਾਈ ਹੇਠ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਹੀ ਭਾਜਪਾ ਦੀ ਅਗਵਾਈ ਵਾਲੀ ਐੱਨ.ਡੀ.ਏ. ਸਰਕਾਰ ਨੇ ਦੇਸ਼ ‘ਚ ਰਾਜਨੀਤੀ, ਪ੍ਰਸ਼ਾਸਨ, ਡਿਪਲੋਮੈਸੀ, ਵਿਕਾਸ ਦੇ ਮਾਅਨੇ ਬਦਲ ਕੇ ਰੱਖ ਦਿੱਤੇ ਹਨ। ਪਿਛਲੇ 67 ਸਾਲਾਂ ਤੋਂ ਚੱਲ ਰਹੀਆਂ ਪ੍ਰੰਪਰਾਗਤ, ਦਕੀਆਨੂਸੀ, ਭ੍ਰਿਸ਼ਟਾਚਾਰੀ, ਭਾਈ– ਭਤੀਜਾਵਾਦ, ਸਿਫਾਰਸ਼ਵਾਦ ਨਾਲ ਲਬਰੇਜ਼ ਪਿਛਾਂਹ ਖਿੱਚੂ ਬ੍ਰਿਟਿਸ਼ ਬਸਤੀਵਾਦੀ ਨਿਜ਼ਾਮ ਅਧਾਰਤ ਸਰਕਾਰਾਂ ਦੀ ਪੂਰੀ ਕਮਿਸਟਰੀ ਬਦਲ ਕੇ ਰੱਖ ਦਿਤੀ ਹੈ। ਭਾਰਤ ਅੰਦਰ ਪਿਛਲੀ ਕੋਈ ਕੇਂਦਰ ਸਰਕਾਰ ਏਨੀ ਵੱਡੀ ਗਿਣਤੀ ‘ਚ ਲੋਕਾਂ ਦੇ ਜੀਵਨ ‘ਚ ਤਬਦੀਲੀ ਨਹੀਂ ਲਿਆ ਸਕੀ, ਇਤਿਹਾਸ ਇਸ ਦਾ ਗਵਾਹ ਹੈ। Modi Government

ਨਰਿੰਦਰ ਮੋਦੀ ਸਰਕਾਰ ਦੀ ਤਬਦੀਲੀਆਂ ਤੇ ਵਿਕਾਸ ਭਰੀ ਕਾਰਗੁਜ਼ਾਰੀ ਨੂੰ ਬਹੁ–ਗਿਣਤੀ ਰਾਜਸੀ ਪੰਡਤ ਅਤੇ ਵਿਸ਼ਲੇਸ਼ਣਕਾਰ ਸੰਤੋਸ਼ਜਨਕ, ਅਗਾਂਹ ਵਧੂ ਅਤੇ ਚੰਗੀ ਦਰਸਾਉਂਦੇ ਸੌ ‘ਚੋਂ 75 ਨੰਬਰ ਦਿੰਦੇ ਹਨ। ਪ੍ਰਬੁੱਧ ਅਤੇ ਬੁੱਧੀਜੀਵੀ ਭਾਰਤੀਆਂ, ਵਿਦੇਸ਼ੀ ਰਾਜਸੀ, ਆਰਥਿਕ ਅਤੇ ਯੁੱਧਨੀਤਕ ਮਾਹਿਰਾਂ ਨੂੰ ਸੰਨ 2014 ‘ਚ ਭਾਜਪਾ ਆਗੂ, ਸਾਬਕਾ ਮੁੱਖ ਮੰਤਰੀ ਗੁਜਰਾਤ ਸ੍ਰੀ ਮੋਦੀ ਵੱਲੋਂ ਕਿਸੇ ਵੀ ਦੇਸ਼ ਦੇ ਪ੍ਰਧਾਨ ਦੇ ਅਹੁਦੇ ਦੀ ਤਰਜ਼ ‘ਤੇ ਚਲਾਈ ਨਵੀਨਤਮ ਕਿਸਮ ਦੀ ਹਮਲਾਵਰ ਚੋਣ ਮੁਹਿੰਮ ਤੋਂ ਹੀ ਅਹਿਸਾਸ ਹੋ ਗਿਆ ਸੀ ਕਿ ਇਹ ਆਗੂ ਚੋਣਾਂ ਵੀ ਜਿੱਤੇਗਾ ਅਤੇ ਦੇਸ਼ ਦੀ ਸਰਕਾਰ ਦੇ ਰੰਗ–ਢੰਗ ਵੀ ਬਦਲ ਕੇ ਰੱਖ ਦੇਵੇਗਾ । Modi Government

ਉਸ ਦੀ ਚੋਣ ਦੇ ਕੇਂਦਰ ਬਿੰਦੂ ਨਾਅਰੇ ‘ਅੱਛੇ ਦਿਨ ਆਏਂਗੇ’, ‘ਸਭ ਕਾ ਸਾਥ, ਸਭ ਕਾ ਵਿਕਾਸ’, ‘ਘੱਟੋ–ਘੱਟ ਸਰਕਾਰ, ਵੱਧ ਤੋਂ ਵੱਧ ਸ਼ਾਸਨ’ ਨੇ ਭਾਜਪਾ ਵਰਗੀ ਸੱਜੇ ਪੱਖੀ ਪਾਰਟੀ ਨੂੰ ਸਿਖ਼ਰਲੀ ਜਿੱਤ ਦੀ ਪੌੜੀ ‘ਤੇ ਚੜ੍ਹਾਉਣ ਦਾ ਨਾਮਣਾ ਖੱਟਿਆ। ਵਿਰੋਧੀ ਧਿਰ ਨੇ ਉਸ ਨੂੰ ਸੌੜੀ ਸੋਚ ਵਾਲੇ ਫਿਰਕਾਪ੍ਰਸਤ ਤੇ ਸੰਨ 2002 ਦੇ ਗੁਜਰਾਤ ਦੰਗਿਆਂ ਦੇ ਖ਼ਲਨਾਇਕ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਬੁਰੀ ਤਰ੍ਹਾਂ ਨਾਕਾਮ ਰਹੀ। ਹਿੰਦੀ ਬੈਲਟ, ਵਪਾਰੀਆਂ, ਹਿੰਦੂਆਂ ਦੀ ਆਰ.ਐੱਸ.ਐੱਸ ਦੀ ਹਮਾਇਤੀ ਪਾਰਟੀ ਭਾਜਪਾ ਨੂੰ ਆਮ ਆਦਮੀ ਦੀ ਪਾਰਟੀ ਵਜੋਂ ਪੇਸ਼ ਕਰਦਿਆਂ ‘ਚਾਹ ਵਾਲੇ ਮੋਦੀ’ ਨੇ ਤਾਲ ਠੋਕ ਕੇ ਜਿੱਤ ਹਾਸਲ ਕੀਤੀ।

ਸਵੈ ਮਾਣ ਤੇ ਵਿਕਾਸ ਭਰਪੂਰ ਮੋਦੀ ਸਰਕਾਰ ਦੇ ਤਿੰਨ ਸਾਲ

ਸੱਤਾ ਸੰਭਾਲਦਿਆਂ ਹੀ ਸ਼ਾਸਨ ਪ੍ਰਕਿਰਿਆ ਬਦਲਦਿਆਂ ਉਸ ਨੇ ਨਾਅਰਾ ਦਿੱਤਾ ਕਿ ਨਾ ਸੌਂਵਾਂਗਾ ਅਤੇ ਨਾ ਸੌਣ ਦਿਆਂਗਾ , ਇਵੇਂ ਹੀ ਨਾ ਭ੍ਰਿਸ਼ਟਾਚਾਰ ਕਰਾਂਗਾ ਨਾ ਕਰਨ ਦੇਵਾਂਗਾ। ਇੰਜ ਉਸ ਨੇ ਆਪਣੇ ਕੈਬਨਿਟ ਸਾਥੀਆਂ ਤੇ ਅਫ਼ਸਰਸ਼ਾਹਾਂ ਨੂੰ ਝੰਜੋੜ ਕੇ ਰੱਖ ਦਿਤਾ। ਉਸਨੇ ਇਮਾਨਦਾਰ ਪ੍ਰਧਾਨ ਮੰਤਰੀ ਡਾੱ. ਮਨਮੋਹਨ ਸਿੰਘ ਦੀ ਭ੍ਰਿਸ਼ਟਾਚਾਰ, ਜਾਅਲਸਾਜ਼ੀ ਤੇ ਧੋਖਾਧੜੀ ਸਕੈਂਡਲਾਂ ਨਾਲ ਬਦਨਾਮ ਯੂ.ਪੀ.ਏ. ਸਰਕਾਰ ਪਿੱਛੋਂ ਸੱਤਾ ਸੰਭਾਲੀ ਸੀ। ਭਾਰਤੀ ਇਤਿਹਾਸ ‘ਚ ਪਿਛਲੇ ਤਿੰਨ ਸਾਲਾਂ ‘ਚ ਭ੍ਰਿਸ਼ਟਾਚਾਰ ਘੋਟਾਲੇ ਰਹਿਤ ਸਰਕਾਰ ਦਾ ਨਿਰਮਾਣ ਕਰਦਿਆਂ ਭਾਰਤੀ ਲੋਕਤੰਤਰ ‘ਚ ਇੱਕ ਸੁਨਹਿਰੀ ਪੰਨਾ ਜੋੜਿਆ ਹੈ।

ਮੋਦੀ ਦੀ ਸਮਾਜਿਕ, ਆਰਥਿਕ, ਰਾਜਨੀਤਕ, ਡਿਪਲੋਮੈਟਿਕ ਤੇ ਵਿਦੇਸ਼ ਮਾਮਲਿਆਂ ਸਬੰਧੀ ਬਹੁਪੱਖੀ ਇੰਜੀਨੀਅਰਿੰਗ ਬਹੁਤ ਹੀ ਸਫਲ ਤੇ ਸਲਾਹੁਣਯੋਗ ਰਹੀ ਹੈ। ਇਸ ਇੰਜੀਨੀਅਰਿੰਗ ਨੇ ਭਾਰਤੀ ਲੋਕਤੰਤਰੀ ਇਤਿਹਾਸ ‘ਚ ਹੋਰ ਕਈ ਸੁਨਹਿਰੀ ਪੰਨੇ ਜੋੜੇ ਹਨ। ਉਹ ਭਾਰਤੀ ਲੋਕਤੰਤਰੀ ਨਿਜ਼ਾਮ ਦਾ ਪਹਿਲਾ ਐਸਾ ਮੁੱਖ ਸੇਵਕ ਹੈ ਜਿਸ ਨੇ ਪਿਛਲੇ ਤਿੰਨ ਸਾਲਾਂ ‘ਚ ਇਕ ਵੀ ਛੁੱਟੀ ਨਹੀਂ ਕੀਤੀ। ਇਵੇਂ ਉਹ ਇਕ ਕਰਮਸ਼ੀਲ ਸਮਰਪਿਤ ਕਾਮੇ ਵਜੋਂ ਕਰੋੜਾਂ ਭਾਰਤੀ ਨੌਜਵਾਨਾਂ ਲਈ ਇੱਕ ਅਜ਼ੀਮ ਰੋਲ ਮਾਡਲ ਸਥਾਪਤ ਹੋਇਆ ਹੈ। ਇੱਕ ਰਾਜਨੀਤਕ ਸ਼ਖ਼ਸੀਅਤ ਤੋਂ ਉਪਰ ਉੱਠ ਕੇ ਇਕ ਰਾਜਨੀਤਕ ਸੰਸਥਾ ਵਜੋਂ ਪ੍ਰਮਾਣਿਤ ਹੋਇਆ ਹੈ।

ਆਪਣੀਆਂ ਜਨਤਕ ਭਲਾਈ ਯੋਜਨਾਵਾਂ ਦੇ ਅਮਲ ਰਾਹੀਂ ਉਹ ਇੱਕ ਆਮ ਆਦਮੀ ਦੇ ਪਹਿਲੇ ਪ੍ਰਧਾਨ ਮੰਤਰੀ ਵਜੋਂ ਹਰਮਲਪਿਆਰਾ ਹੋਇਆ ਹੈ। ਅੱਜ ਆਮ ਆਦਮੀ ਪਾਰਟੀ ਦੀ ਥਾਂ ਭ੍ਰਿਸ਼ਟਾਚਾਰ, ਜਵਾਬਦੇਹੀ, ਪਾਰਦਰਸ਼ਿਤਾ ਦਾ ਪਰਚਮ ਉਸਦੇ ਹੱਥ ਹੈ। ਉਸ ਦੇ ਨੀਤੀਗਤ ਤੇ ਨੀਅਤਗਤ ਅਮਲ ਨੇ ਆਮ ਆਦਮੀ ਪਾਰਟੀ ਭਵਿੱਖ ਤੇ ਪ੍ਰਸ਼ਨ ਚਿੰਨ੍ਹ ਲਾ ਕੇ ਰੱਖ ਦਿੱਤਾ ਹੈ ਜੋ ਭਾਰਤੀ ਰਾਜਨੀਤੀ ਅੰਦਰ ਤੀਸਰੇ ਰਾਜਨੀਤਕ ਬਦਲ ਵਜੋਂ ਉਭਰਨਾ ਚਾਹੁੰਦੀ ਸੀ।ਪ੍ਰਧਾਨ ਮੰਤਰੀ ਦੀ ਜਨ–ਧਨ ਯੋਜਨਾ ਨੇ ਕਰੋੜਾਂ ਗਰੀਬ, ਪੱਛੜੇ, ਦਲਿਤ, ਬੇਸਹਾਰਾ, ਝੁੱਗੀ–ਝੌਂਪੜੀ ‘ਚ ਰਹਿਣ ਵਾਲੇ ਅਤੇ ਦੂਰ–ਦਰਾਡੇ ਕਬਾਇਲੀ ਇਲਾਕਿਆਂ ਦੇ ਵਾਸੀ ਲੋਕਾਂ ਨੂੰ ਸਵੈਮਾਣ ਪ੍ਰਦਾਨ ਕੀਤਾ ਹੈ। ਹੁਣ ਇਸ ਯੋਜਨਾ ਨੂੰ ਡਿਜੀਟਲ ਅਤੇ ਇੰਟਰਨੈੱਟ ਨਾਲ ਜੋੜਿਆ ਜਾ ਰਿਹਾ ਹੈ। ਨੋਟਬੰਦੀ ਵੇਲੇ ਇਸ ਯੋਜਨਾ ਦੀ ਕੁਵਰਤੋਂ ਵੀ ਹੋਈ ਜਿਸ ਤੇ ਹੁਣ ਕਾਬੂ ਪਾਇਆ ਜਾ ਚੁੱਕਾ ਹੈ।

ਮੋਦੀ ਸਰਕਾਰ ਦੇ ਤਿੰਨ ਸਾਲ

ਦੇਸ਼ ਦੀਆਂ ਕਰੋੜਾਂ ਔਰਤਾਂ ਚੁੱਲ੍ਹਿਆਂ ‘ਚ ਗੋਹੇ ਦੀਆਂ ਪਾਥੀਆਂ, ਗਿੱਲਾ ਬਾਲਣ ਬਾਲ਼–ਬਾਲ਼ ਕੇ ਉਮਰ ਤੋਂ ਪਹਿਲਾਂ ਹੀ ਅੱਖਾਂ ਤੋਂ ਅੰਨ੍ਹੀਆਂ ਤੇ ਦਮੇ ਦਾ ਸ਼ਿਕਾਰ ਹੋ ਜਾਂਦੀਆਂ ਸਨ। ਸ੍ਰੀ ਮੋਦੀ ਨੇ ‘Àੁੱਜਵਲਾ ਯੋਜਨਾ’ ਤਹਿਤ ਉਨ੍ਹਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਪ੍ਰਦਾਨ ਕੀਤੇ। ਅੱਜ ਦੂਰ–ਦੁਰੇਡੇ ਕਬਾਇਲੀ, ਸਰਹੱਦੀ, ਪਹਾੜੀ, ਰੇਗਸਥਾਨੀ ਤੇ ਪਠਾਰੀ ਇਲਾਕਿਆਂ ਦੀਆਂ ਔਰਤਾਂ ਗੈਸ ਨਾਲ ਰੋਟੀ–ਟੁੱਕ ਕਰਕੇ ਮਾਣ ਮਹਿਸੂਸ ਕਰ ਰਹੀਆਂ ਹਨ। ਗੈਰ–ਕੁਦਰਤੀ ਅੰਨ੍ਹੇਪਣ ਤੇ ਫੇਫੜਿਆਂ ਦੇ ਰੋਗਾਂ ਤੋਂ ਬਚ ਗਈਆਂ ਹਨ।

ਫਸਲ ਬੀਮਾ ਯੋਜਨਾ

ਫਸਲ ਬੀਮਾ ਯੋਜਨਾ ਨਾਲ ਕਿਸਾਨੀ ਨੂੰ ਵੱਡੀ ਰਾਹਤ ਮਿਲੀ ਹੈ। ਪਰ ਫਸਲਾਂ ਦੀਆਂ ਕੀਮਤਾਂ ਜਾਂ ਤਾਂ ਕੀਮਤਾਂ ਦੇ ਸੂਚਕ ਅੰਕ ਜਾਂ ਫਿਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਤੈਅ ਕਰਨ ‘ਚ ਦਿੱਕਤ ਆ ਰਹੀ ਹੈ। ਕਿਸਾਨ ਵਰਗ ਕਰਜ਼ੇ ਹੇਠੋਂ ਨਿੱਕਲ ਨਹੀਂ ਪਾ ਰਿਹਾ ਅਤੇ ਇਸੇ ਕਰਕੇ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ। ਕਿਸਾਨ ਤੇ ਖੇਤੀ ਧੰਦੇ ਦੀ ਹਾਲਤ ਸੁਧਾਰਨ ਲਈ ਫਸਲੀ ਵਿਭਿੰਨਤਾ ਲਾਗੂ ਹੋਣਾ ਬਹੁਤ ਜ਼ਰੂਰੀ ਹੈ। ਦੇਸ਼ ਅੰਦਰ 4 ਫੀਸਦੀ ਵਿਆਜ ‘ਤੇ ਘਰ ਉਸਾਰੀ ਕਰਜ਼ਾ, ਸਮਾਰਟ ਸਿਟੀ ਯੋਜਨਾ ਮੇਕ ਇਨ ਇੰਡੀਆ ਤੇ ਹੁਣ ਬਾਏ ਇਨ ਇੰਡੀਆ ਯੋਜਨਾ ਦੇਸ਼ ਦੇ ਵਿਕਾਸ ‘ਚ ਬਹੁਤ ਪ੍ਰਗਤੀਸ਼ੀਲ ਰੋਲ ਅਦਾ ਕਰ ਰਹੀਆਂ ਹਨ। ਦਿਹਾਤੀ ਖੇਤਰਾਂ ਦੇ ਬਿਜਲੀਕਰਨ ਨੇ ਲੋਕਾਂ ਦੇ ਜੀਵਨ ‘ਚ ਵੱਡਾ ਬਦਲਾਅ ਲਿਆਂਦਾ ਹੈ।

ਕਰੀਬ 20 ਲੱਖ ਗਰੀਬ ਲੋਕਾਂ ਨੂੰ ਘੱਟ ਰੇਟ ‘ਤੇ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ ਹੈ ਜੋ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਸੀ। ਲੱਖਾਂ ਦਿਲ ਦੇ ਮਰੀਜ਼ਾਂ ਨੂੰ ਸਸਤੇ ਸਟੰਟ ਪਵਾਉਣ ਲਈ ਪ੍ਰਧਾਨ ਮੰਤਰੀ ਨੇ ਇਨ੍ਹਾਂ ਦੇ ਰੇਟ ਘਟਾ ਦਿੱਤੇ ਹਨ । 83 ਅੰਮ੍ਰਿਤ ਸਟੋਰਾਂ ‘ਤੇ ਸਸਤੀਆਂ ਦਵਾਈਆਂ ਦੀ ਵਿਕਰੀ ਨੇ ਗਰੀਬ ਲੋਕਾਂ ਦੇ ਕਰੀਬ 100 ਕਰੋੜ ਬਚਾਏ ਹਨ। ਸੁਵੱਛ ਭਾਰਤ ਅਭਿਆਨ ਬਹੁਤ ਹੀ ਗੁਣਕਾਰੀ ਸਕੀਮ ਹੈ। ਸ੍ਰੀ ਮੋਦੀ ਦਾ ਮੰਤਵ ਪੱਛਮੀ ਦੇਸ਼ਾਂ ਵਾਂਗ ਭਾਰਤ ਨੂੰ ਕੂੜਾ ਕਰਕਟ ਮੁਕਤ ਬਣਾਉਣਾ ਹੈ। ਗੰਗਾ ਨਦੀ ਦੀ ਸਫਾਈ ਇੱਕ ਬਹੁਤ ਮਹੱਤਵਪੂਰਨ ਯੋਜਨਾ ਹੈ। ਪਰ ਅਭਿਆਨ ਤਾਂ ਸਫ਼ਲ ਹੋ ਸਕਦਾ ਹੈ ਜੇਕਰ ਹਰ ਪਰਿਵਾਰ ਤੇ ਵਿਅਕਤੀ ਇਸ ‘ਚ ਦਿਲਚਸਪੀ ਲਏ।

ਸਵੈ ਮਾਣ ਤੇ ਵਿਕਾਸ ਭਰਪੂਰ ਮੋਦੀ ਸਰਕਾਰ ਦੇ ਤਿੰਨ ਸਾਲ

ਸਰਕਾਰ ਤੇ ਪ੍ਰਸ਼ਾਸਨ ਨੂੰ ਸਰਲ, ਜਵਾਬਦੇਹ ਤੇ ਪਾਰਦਰਸ਼ੀ ਬਣਾਉਣ ਲਈ ਬਹੁਤ ਅਹਿਮ ਕਦਮ ਪੁੱਟੇ ਗਏ ਹਨ। ਬਾਬੂਸ਼ਾਹੀ ਭਾਵੇਂ ਅਜੇ ਤੱਕ ਪੂਰੀ ਤਰ੍ਹਾਂ ਸਿੱਧੀ ਨਹੀਂ ਹੋਈ ਪਰ ਸ੍ਰੀ ਮੋਦੀ ਨੇ ਇਸ ਦੇ ਕਾਫੀ ਵਲ–ਛਲ ਕੱਢੇ ਹਨ। ਮੋਦੀ ਦੇ ਸਹਿਯੋਗੀ ਮੰਤਰੀ ਤੇ ਅਫ਼ਸਰ ਹੁਣ ਪੂਰੇ ਦੇਸ਼ ‘ਚ ਘੁੰਮਦੇ ਨਜ਼ਰ ਆ ਰਹੇ ਹਨ ।ਸਰਕਾਰ ਤੇ ਸ਼ਾਸਨ ਨੂੰ ਸਰਲ ਬਣਾਉਣ ਲਈ ਸੰਨ 1935 ਦੇ ਇੰਡੀਆ ਐਕਟ ਅਧੀਨ ਤੇ ਹੋਰ ਸਮੇਂ–ਸਮੇਂ ਬਣਾਏ ਪੇਚੀਦਾ ਤੇ ਬੇਲੋੜੇ ਸੈਂਕੜੇ ਕਾਨੂੰਨ ਖ਼ਤਮ ਕਰ ਦਿੱਤੇ ਗਏ ਹਨ। ਦੇਸ਼ ‘ਚੋਂ ਬ੍ਰਿਟਿਸ਼ ਸ਼ਾਹ ਬਸਤੀਵਾਦੀ ਵੀ.ਆਈ.ਕਲਚਰ ਖ਼ਤਮ ਕਰ ਦਿੱਤਾ ਹੈ। ਲਾਲ ਬੱਤੀ ਵਿਸ਼ੇਸ਼ ਸੱਭਿਆਚਾਰ ਦਾ ਭੋਗ ਪਾ ਦਿੱਤਾ ਹੈ ਜਿਸਦੇ ਘੇਰੇ ‘ਚ ਰਾਸ਼ਟਰਪਤੀ ਦਾ ਅਹੁਦਾ ਵੀ ਲਿਆਂਦਾ ਗਿਆ ਹੈ।
ਦੇਸ਼ ‘ਚੋਂ ਕੁਰੀਤੀਆਂ ਖ਼ਤਮ ਕਰਨ, ਨਰੋਆ ਸਮਾਜਿਕ ਜੀਵਨ ਸਿਰਜਣ, ਨੌਜਵਾਨਾਂ, ਬੱਚਿਆਂ, ਕਿਰਤੀ ਸ਼ਕਤੀ ਨੂੰ ਉਤਸ਼ਾਹਿਤ ਕਰਨ ਲਈ ਪ੍ਰਧਾਨ ਮੰਤਰੀ ਨੇ ‘ਮਨ ਕੀ ਬਾਤ’ ਸ਼ੁਰੂ ਕੀਤੀ। ਭਾਰਤ ‘ਚ ਕੋਈ ਪ੍ਰਧਾਨ ਮੰਤਰੀ, ਮੁੱਖ ਮੰਤਰੀ ਜਾਂ ਹੋਰ ਆਗੂ ਅਜਿਹਾ ਨਹੀਂ ਕਰਦੇ ਵੇਖੇ ਗਏ। ਪ੍ਰਧਾਨ ਮੰਤਰੀ ਦੇ ਪੱਧਰ ‘ਤੇ ਇਹ ਪ੍ਰਕਿਰਿਆ ਇੱਕ ਨਿਯਮਿਤ ਤਪ ਤੋਂ ਘੱਟ ਨਹੀਂ।

ਵਿਦੇਸ਼ ਨੀਤੀ ਤੇ ਵਿਦੇਸ਼ੀ ਯਾਤਰਾਵਾਂ

ਪ੍ਰਧਾਨ ਮੰਤਰੀ ਦੀ ਵਿਦੇਸ਼ ਨੀਤੀ ਤੇ ਵਿਦੇਸ਼ੀ ਯਾਤਰਾਵਾਂ ਨੇ ਭਾਰਤ ਦਾ ਰੁਤਬਾ ਬੁਲੰਦ ਕੀਤਾ ਹੈ। ਅਫ਼ਗਾਨਿਸਤਾਨ ਦੀ ਮੁੜ ਉਸਾਰੀ ‘ਚ ਵੱਡਾ ਯੋਗਦਾਨ, ਸਾਉਦੀ ਅਰਬ ਨਾਲ ਅੱਤਵਾਦ ਵਿਰੋਧੀ ਸਹਿਯੋਗ, ਗੈਸ ਪ੍ਰਾਪਤ ਕਰਨ ਤੇ ਵਪਾਰਕ ਸਮਝੌਤੇ, ਇਸਰਾਈਲ ਨਾਲ ਯੁੱਧਨੀਤਕ ਤੇ ਜੈਵਿਕ ਖੇਤੀ ਸਬੰਧੀ ਸਮਝੌਤੇ, ਅਮਰੀਕਾ ਨਾਲ ਵਧਦੇ ਮਿੱਤਰਤਾ ਪੂਰਨ ਸਬੰਧ, ਮਿਡਲ ਈਸਟ ਦੇਸ਼ਾਂ ਨਾਲ ਵਪਾਰਕ ਤੇ ਕਲਚਰਲ ਸਮਝੌਤੇ, ਰੂਸ ਨਾਲ ਫ਼ੌਜੀ ਤੇ ਵਪਾਰਕ ਸੰਧੀਆਂ ਵਰਨਣਯੋਗ ਪ੍ਰਾਪਤੀਆਂ ਹਨ। ਮੋਦੀ ਨੇ ਸਪੱਸ਼ਟ ਕੀਤਾ ਹੈ ਕਿ ਭਾਰਤੀ ਉਪ ਮਹਾਂਦੀਪ ‘ਚ ਸ਼ਾਂਤੀ ਲਈ ਪਾਕਿਸਤਾਨ ਦਾ ਸਹਿਯੋਗ ਅਤਿ ਜ਼ਰੂਰੀ ਹੈ। ਪਰ ਇਹ ਤਾਂ ਹੀ ਸੰਭਵ ਹੈ ਜੇਕਰ ਉਹ ਅੱਤਵਾਦ ਨੂੰ ਉਕਸਾਉਣਾ ਬੰਦ ਕਰੇ। ਪ੍ਰਧਾਨ ਮੰਤਰੀ ਕੁਝ ਇੱਕ ਨੀਤੀਗਤ ਦਿੱਕਤਾਂ ਦੇ ਬਾਵਜੂਦ ਬੰਗਲਾਦੇਸ਼, ਨੇਪਾਲ, ਸ੍ਰੀਲੰਕਾ, ਮਾਇਨਮਾਰ ਨਾਲ ਗੂੜ੍ਹੇ ਮਿੱਤਰਤਾਪਰਨ ਸਬੰਧਾਂ ਲਈ ਯਤਨਸ਼ੀਲ ਹਨ। ਪਾਕਿਸਤਾਨ ‘ਚ ਅੱਤਵਾਦੀਆਂ ਵਿਰੁੱਧ ਸਰਜੀਕਲ ਸਟਰਾਈਕ ਰਾਹੀਂ ਸ੍ਰੀ ਮੋਦੀ ਨੇ ਪੂਰੇ ਵਿਸ਼ਵ ‘ਚ ਭਾਰਤ ਦੀ ਫੌਜੀ ਤਾਕਤ ਤੇ ਪ੍ਰਧਾਨ ਮੰਤਰੀ ਦੀ ਪ੍ਰਬਲ ਇੱਛਾ ਸ਼ਕਤੀ ਦਾ ਲੋਹਾ ਮਨਵਾਇਆ ਹੈ।

ਦੇਸ਼ ਦੇ ਵਿਕਾਸ ਲਈ ਕੇਂਦਰ ਅਤੇ ਰਾਜਾਂ ਦੇ ਗੂੜ੍ਹੇ  ਸਬੰਧ ਅਤਿ ਜ਼ਰੂਰੀ ਹੁੰਦੇ ਹਨ। ਦਿੱਲੀ ਤੇ ਪੱਛਮੀ ਬੰਗਾਲ ਦੇ ਟਕਰਾਅਵਾਦੀ ਮੁੱਖ ਮੰਤਰੀਆਂ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਸਾਰੇ ਸੂਬਿਆਂ ਨਾਲ ਭਰਪੂਰ ਇੱਕਜੁਟਤਾ ਦਾ ਸਬੂਤ ਦਿੱਤਾ ਹੈ। ਪੰਜਾਬ, ਬਿਹਾਰ, ਤਾਮਿਲਨਾਡੂ, ਕਰਨਾਟਕ ਤੇ ਧੁਰ ਉੱਤਰ ਪੂਰਬੀ ਰਾਜਾਂ ਨਾਲ ਸਬੰਧ ਸਾਜ਼ਗਾਰ ਕੀਤੇ ਹਨ ਜਿੱਥੇ ਵਿਰੋਧੀ ਧਿਰਾਂ ਸੱਤਾ ‘ਚ ਹਨ। ਛਤੀਸਗੜ੍ਹ, ਓੜੀਸ਼ਾ, ਮਹਾਂਰਾਸ਼ਟਰ ਰਾਜ ਸਰਕਾਰਾਂ ਨਾਲ ਮਿਲ ਕੇ ਮਾਉਵਾਦੀਆਂ ਵਿਰੁੱਧ ਨਿਰਣਾਇਕ ਅਰਧ ਫੌਜੀ ਦਲਾਂ ਅਤੇ ਪੁਲਿਸ ਦੇ ਸਹਿਯੋਗ ਨਾਲ ਸਟਰਾਈਕ ਸ਼ੁਰੂ ਹੈ। ਸੰਨ 2016 ਤੋਂ ਸ਼ੁਰੂ ਕੀਤਾ ਫਿਸਕਲ ਫੈਡਰਲਿਜ਼ਮ ਅਤੇ ਜੇ ਐੱਸ ਟੀ ਰਾਹੀਂ ਦੇਸ਼ ਅਤੇ ਰਾਜਾਂ ਦੀ ਆਰਥਿਕਤਾ ਮਜ਼ਬੂਤ ਕਰਨ ਲਈ ਸਲਾਹੁਣਯੋਗ ਕਦਮ ਪੁੱਟੇ ਹਨ । ਇੱਥੇ ਇਹ ਵੀ ਵਰਨਣਯੋਗ ਹੈ ਕਿ ਸ੍ਰੀ ਮੋਦੀ ਦੀ ਅਗਵਾਈ ‘ਚ ਐੱਨ.ਡੀ.ਏ. ਸਰਕਾਰ ਨਾਲੋਂ ਤਿੰਨ ਗੁਣਾ ਵੱਧ ਰੋਜ਼ਾਨਾ ਪ੍ਰਧਾਨ ਮੰਤਰੀ ਸੜਕ ਯੋਜਨਾ ਅਧੀਨ ਸੜਕਾਂ ਦੀ ਉਸਾਰੀ ਹੋ ਰਹੀ ਹੈ। ਰਾਸ਼ਟਰੀ ਵਾਟਰ ਨੀਤੀ ਸਰਕਾਰ ਦੇ ਵਿਚਾਰ ਗੋਚਰੇ ਚੱਲ ਰਹੀ ਹੈ।

ਦੇਸ਼ ਦੇ ਰਾਜਾਂ ‘ਚ ਪਸਰ

ਪ੍ਰਧਾਨ ਮੰਤਰੀ ਦੀ ਅਗਵਾਈ ‘ਚ ਭਾਜਪਾ ਦੇ ਪੈਰ ਪੂਰੇ ਦੇਸ਼ ਦੇ ਰਾਜਾਂ ‘ਚ ਪਸਰ ਰਹੇ ਹਨ। ਅਸਾਮ, ਯੂ.ਪੀ., ਮਨੀਪੁਰ ‘ਚ ਭਾਜਪਾ ਸਰਕਾਰਾਂ, ਦਿੱਲੀ ਐੱਮ.ਸੀ.ਡੀ.’ਚ ਭਾਰੀ ਜਿੱਤ ਦਾ ਸਿਹਰਾ ਸ੍ਰੀ ਮੋਦੀ ਸਿਰ ਬੱਝਦਾ ਹੈ। ਇਵੇਂ ਭਾਜਪਾ ਆਪਣੇ ‘ਕਾਂਗਰਸ ਮੁਕਤ’ ਮਿਸ਼ਨ ਵੱਲ ਅੱਗੇ ਵਧ ਰਹੀ ਹੈ। ਦੇਸ਼ ਭਗਤੀ ਅਤੇ ਲਗਨ ਨਾਲ ਭਾਰਤ ਦੀ ਅਗਵਾਈ ਕਰ ਰਿਹਾ ਹੈ, ਉਸ ਨਾਲ ਭਾਰਤ ਦਾ ਵਿਕਾਸ ਵੱਡੀਆਂ ਪੁਲਾਂਘਾਂ ਹੀ ਪੁੱਟ ਰਿਹਾ ਹੈ
ਦਰਬਾਰਾ ਸਿੰਘ ਕਾਹਲੋਂ          
    ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ
                                        ਮੋ.94170–94034

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ