ਅਣਪਛਾਤਿਆਂ ਨੇ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਲਾਈ ਅੱਗ (Fire Incident)
- ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਵੇ ਨਾਭਾ ਪੁਲਿਸ : ਕੌਂਸਲਰ ਰੋਜੀ ਨਾਗਪਾਲ
(ਤਰੁਣ ਕੁਮਾਰ ਸ਼ਰਮਾ) ਨਾਭਾ। ਨਾਭਾ ਦੇ ਪੁਰਾਣਾ ਹਾਥੀ ਖਾਨਾ ਵਿਖੇ ਉਸ ਸਮੇਂ ਭੈਅ ਵਾਲੀ ਸਥਿਤੀ ਹੋ ਗਈ ਜਦੋਂ ਅੱਧੀ ਰਾਤ ਨੂੰ ਇਲਾਕੇ ’ਚ ਪਾਰਕ ਕੀਤੀਆਂ ਕਾਰਾ ਦੇ ਸੈਂਸਰ ਹਾਰਨ ਤੇਜ਼ੀ ਨਾਲ ਵੱਜਣ ਲੱਗ ਪਏ। ਉਬੜ-ਖਾਬੜ ਹਾਲਾਤਾਂ ਦੌਰਾਨ ਨੀਂਦ ਭਰੀਆਂ ਅੱਖਾਂ ਨਾਲ ਕੜਾਕੇ ਦੀ ਠੰਢ ’ਚ ਘਰਾਂ ਤੋਂ ਬਾਹਰ ਨਿਕਲੇ ਮੁਹੱਲਾ ਵਾਸੀਆਂ ਨੇ ਇੱਕ ਨਿੱਜੀ ਕਾਰ ਨੂੰ ਧੂੰ-ਧੂੰ ਕਰਦਿਆਂ ਸੜਦੇ ਦੇਖਿਆ ਤਾਂ ਸਾਰੇ ਹੈਰਾਨ ਰਹਿ ਗਏ।
ਇਹ ਵੀ ਪੜ੍ਹੋ: ਮੁਲਾਜ਼ਮਾਂ ਅਤੇ ਮਾਣਭੱਤਾ ਵਰਕਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ ਰੋਸ ਰੈਲੀ
ਘਟਨਾ ਅਨੁਸਾਰ ਬੀਤੀ ਰਾਤ ਤਿੰਨ ਅਣਪਛਾਤੇ ਵਿਅਕਤੀਆਂ ਵੱਲੋ ਇੱਕ ਨਿੱਜੀ ਕਾਰ ਨੂੰ ਅੱਗ ਲਗਾ ਦਿੱਤੀ। ਜਾਣਕਾਰੀ ਦੀ ਪੁਸ਼ਟੀ ਕਰਦਿਆਂ ਵਾਰਡ ਦੀ ਮਹਿਲਾ ਕੌਂਸਲਰ ਰੋਜੀ ਨਾਗਪਾਲ ਦੇ ਪਤੀ ਦੀਪਕ ਨਾਗਪਾਲ ਨੇ ਦੱਸਿਆ ਕਿ ਨਿੱਜੀ ਕਾਰ ਨੂੰ ਅੱਗ ਲਾਉਣ ਦੀ ਘਟਨਾ ’ਚ ਤਿੰਨੋ ਅਣਪਛਾਤੇ ਵਿਅਕਤੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਸਨ ਜੋ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਪੁਰਾਣਾ ਹਾਥੀ ਖ਼ਾਨਾ ਨੇੜੇ ਨੰਗਲੀ ਵਾਲਾ ਡੇਰੇ ਨਜ਼ਦੀਕ ਗਰਾਊਂਡ ਦੁਲੱਦੀ ਗੇਟ ਵਿਖੇ ਬੀਤੀ ਰਾਤ 2:31 ਦੇ ਕਰੀਬ ਆਏ ਇੱਕ ਮੋਟਰਸਾਈਕਲ ’ਤੇ ਸਵਾਰ 3 ਵਿਅਕਤੀਆ ਵੱਲੋਂ ਸ਼ਰਾਰਤ ਕਰਕੇ ਇੱਕ ਖੜੀ ਕਾਰ ਨੂੰ ਅੱਗ ਲਗਾ ਦਿੱਤੀ ਗਈ ਅਤੇ ਸ਼ਰਾਰਤੀ ਅਨਸਰ ਮੌਕੇ ਤੋਂ ਫਰਾਰ ਹੋ ਗਏ। (Fire Incident)
ਵੱਡਾ ਹਾਦਸਾ ਹੋਣੋਂ ਟਲਿਆ (Fire Incident)
ਸੁੱਤੇ ਪਏ ਮੁਹੱਲਾ ਨਿਵਾਸੀਆਂ ਜਾਗ ਉਠਣ ਬਾਅਦ ਜਦੋਂ ਮੁਹੱਲੇ ’ਚ ਭਾਂਬੜ ਮੱਚਦਾ ਦੇਖਿਆ ਤਾਂ ਇੱਕ ਵਾਰ ਤਾਂ ਮੁਹੱਲਾ ਨਿਵਾਸੀ ਵਿੱਚ ਡਰ ਦਾ ਮਾਹੌਲ ਬਣ ਗਿਆ। ਮੁਹੱਲਾ ਨਿਵਾਸੀਆਂ ਵੱਲੋਂ ਪਾਣੀ ਦੀਆਂ ਬਾਲਟੀਆਂ ਨਾਲ ਸਮਰਸੀਬਲ ਦਾ ਪਾਈਪ ਲਾ ਕੇ ਅੱਗ ਬੁਝਾਈ ਗਈ। ਦੱਸਣਯੋਗ ਹੈ ਕਿ ਘਟਨਾ ਵਾਲੀ ਥਾਂ ਕਈ ਕਾਰਾਂ ਹੋਰ ਵੀ ਖੜੀਆਂ ਸਨ ਅਤੇ ਨਾਲ ਹੀ ਬਿਜਲੀ ਦਾ ਟ੍ਰਾਂਸਫਾਰਮ ਲੱਗਿਆ ਹੋਇਆ ਸੀ ਪਰੰਤੂ ਸੁਖਾਵਾਂ ਰਿਹਾ ਕਿ ਕੋਈ ਵੱਡਾ ਹਾਦਸਾ ਹੋਣੋ ਬਚਾਅ ਹੋ ਗਿਆ।
ਕਾਰ ਦੇ ਮਾਲਿਕ ਦਾ ਨਾਂਅ ਉਮੇਸ਼ ਵਰਮਾ ਹੈ ਅਤੇ ਉਹ ਬੈਂਕ ਸਟਰੀਟ ਦਾ ਰਹਿਣ ਵਾਲਾ ਹੈ। ਇਸ ਮੌਕੇ ਮਹੁੱਲਾ ਵਾਸੀਆਂ ਨੇ ਨਾਭਾ ਕੋਤਵਾਲੀ ਪੁਲਿਸ ਨੂੰ ਸੂਚਿਤ ਕੀਤਾ। ਕੌਂਂਸਲਰ ਰੋਜ਼ੀ ਨਾਗਪਾਲ ਵੱਲੋ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਅਣਪਛਾਤਿਆਂ ਦੀ ਭਾਲ ਕਰਕੇ ਛੇਤੀ ਹਿਰਾਸਤ ਵਿੱਚ ਲਏ ਜਾਣ ਤਾਂ ਕਿ ਅੱਗੇ ਨੂੰ ਕਿਸੇ ਹੋਰ ਵਿਅਕਤੀ ਦਾ ਅਜਿਹਾ ਨੁਕਸਾਨ ਨਾ ਹੋ ਸਕੇ। ਸੂਤਰਾਂ ਅਨੁਸਾਰ ਅਲੌਹਰਾਂ ਗੇਟ ਵੱਲ ਭੱਜਦੇ ਹੋਏ ਅਣਪਛਾਤੇ ਵਿਅਕਤੀਆਂ ਦੀਆਂ ਸੀਸੀ ਟੀਵੀ ’ਚ ਕੈਦ ਹੋਈਆਂ ਕੁਝ ਤਸਵੀਰਾਂ ਦੇਖਣ ਨੂੰ ਮਿਲੀਆਂ ਹਨ। ਮਾਮਲੇ ਦੀ ਪੁਸ਼ਟੀ ਕਰਦਿਆਂ ਐਸ.ਐਚ.ਓ. ਕੋਤਵਾਲੀ ਗੁਰਪ੍ਰੀਤ ਸਿੰਘ ਸਮਰਾਉਂ ਨੇ ਦੱਸਿਆ ਕਿ ਮਾਮਲੇ ਦੇ ਸਾਰੇ ਪਹਿਲੂਆ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਜਲਦ ਹੀ ਸਲਾਖਾ ਪਿੱਛੇ ਨਜ਼ਰ ਆਉਣਗੇ।