ਬਜਟ ਸੈਸ਼ਨ ‘ਚ ਛਾਇਆ ਰਹੇਗਾ ਕਾਂਗਰਸ ਦਾ ਚੋਣ ਮਨੋਰਥ ਪੱਤਰ

Election Manifesto Congres

ਕਾਂਗਰਸ ਦਾ ਚੋਣ ਮਨੋਰਥ ਬਣਿਆ ਅਕਾਲੀ ਤੇ ਆਪ ਵਿਧਾਇਕਾਂ ਲਈ ਮੁੱਖ ਹਥਿਆਰ

  • ਕਾਂਗਰਸ ਦੇ ਚੋਣ ਮਨੋਰਥ ਪੱਤਰ ਨੂੰ ਸਾਹਮਣੇ ਰੱਖ ਕੇ ਵਿਧਾਇਕ ਕਰ ਰਹੇ ਹਨ ਆਪਣੇ ਸਵਾਲ ਤਿਆਰ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਜਿਹੜੇ ਚੋਣ ਮਨੋਰਥ ਪੱਤਰ ਨੂੰ ਆਮ ਜਨਤਾ ਦੇ ਸਾਹਮਣੇ ਰੱਖ ਕੇ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਦੇ ਹੋਏ ਕਾਂਗਰਸੀ ਸੱਤਾ ਵਿੱਚ ਆਏ ਸਨ, ਹੁਣ ਉਸੇ ਚੋਣ ਮਨੋਰਥ ਪੱਤਰ ਨੂੰ ਆਪਣਾ ਮੁੱਖ ਹਥਿਆਰ ਬਣਾ  ਕੇ ਅਕਾਲੀ ਭਾਜਪਾ ਸਣੇ ਆਮ ਆਦਮੀ ਪਾਰਟੀ ਦੇ ਵਿਧਾਇਕ ਆਪਣੇ ਸਵਾਲ ਦਾਗਣ ਦੀ ਤਿਆਰੀ ਵਿੱਚ ਲਗੇ ਹੋਏ ਹਨ, (Election Manifesto Congres) ਜਿਸ ਕਾਰਨ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿਧਾਨ ਸਭਾ ਵਿੱਚ ਲਗਾਤਾਰ ਹੀ ਵਿਧਾਇਕਾਂ ਦੇ ਸਵਾਲ ਆ ਰਹੇ ਹਨ, ਜਿਨ੍ਹਾਂ ਵਿੱਚ ਅਕਾਲੀ ਸਰਕਾਰ ਦੇ ਕਾਰਜਕਾਲ ਵਿੱਚ ਕੀ ਹੋਇਆ ਇਸ ਦੇ ਘੱਟ ਅਤੇ ਪਿਛਲੇ 2 ਮਹੀਨੇ ਦਰਮਿਆਨ ਕਾਂਗਰਸ ਸਰਕਾਰ ਵਿੱਚ ਕੀ ਕੀ ਨਹੀਂ ਹੋਇਆ, ਇਸ ਦੇ ਜ਼ਿਆਦਾ ਸਵਾਲ ਲੱਗ ਰਹੇ ਹਨ। ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅਗਲੇ ਮਹੀਨੇ ਜੂਨ ਦੇ ਦੂਜੇ ਹਫ਼ਤੇ ਸ਼ੁਰੂ ਹੋਣ ਦੀ ਉਮੀਦ ਹੈ, ਜਿਸ ਦਰਮਿਆਨ ਇਨ੍ਹਾਂ ਸਾਰੇ ਸਵਾਲਾਂ ਦੇ ਸਵਾਬ ਕਾਂਗਰਸ ਦੀ ਅਮਰਿੰਦਰ ਸਰਕਾਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਦੇਣੇ ਹੋਣਗੇ।

ਜਾਣਕਾਰੀ ਅਨੁਸਾਰ ਪੰਜਾਬ ਦੀ ਕਾਂਗਰਸ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੀ ਜਨਤਾ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ, ਜਿਸ ਵਿੱਚ ਹਰ ਤਰ੍ਹਾਂ ਦੇ ਵਰਗ ਨੂੰ ਸ਼ਾਮਲ ਕੀਤਾ ਗਿਆ ਸੀ। ਕਿਸਾਨ ਦੀ ਕਰਜ਼ਾ ਮੁਆਫ਼ ਤੋਂ ਲੈ ਕੇ ਵਿਦਿਆਰਥੀਆਂ ਨੂੰ ਮੁਫ਼ਤ ਮੋਬਾਇਲ ਅਤੇ ਡਾਟਾ ਕਾਰਡ ਸਣੇ ਹਰ ਘਰ ਵਿੱਚ ਇੱਕ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਸੀ। ਸਿਹਤ ਤੋਂ ਲੈ ਕੇ ਪੈਨਸ਼ਨ ਅਤੇ ਆਧੁਨਿਕ ਸਹੂਲਤਾਂ ਤੋਂ ਲੈ ਕੇ ਪਿੰਡਾਂ ਦੇ ਵਿਕਾਸ ਤੱਕ ਬਹੁਤ ਹੀ ਜਿਆਦਾ ਲੋਕ ਲੁਭਾਉਣੇ ਵਾਅਦਿਆਂ ਦੇ ਨਾਲ ਹੀ ਸਿਰਫ਼ 4 ਹਫ਼ਤਿਆਂ ਵਿੱਚ ਹੀ ਨਸ਼ਾ ਖ਼ਤਮ ਕਰਨ ਦਾ ਅਹਿਮ ਵਾਅਦਾ ਕੀਤਾ ਗਿਆ ਸੀ ਪਰ ਇਨ੍ਹਾਂ ਸਾਰੇ ਵਾਅਦਿਆਂ ਵਿੱਚੋਂ ਵਿਰੋਧੀ ਧਿਰ ਦੇ ਵਿਧਾਇਕਾਂ ਦੀ ਨਜ਼ਰ ਵਿੱਚ ਇੱਕ ਵੀ ਪੂਰਾ ਨਹੀਂ ਹੋਇਆ ਹੈ, ਹਾਲਾਂਕਿ ਆਮ ਲੋਕਾਂ ਦੀ ਅੱਖਾਂ ਵਿੱਚ ਧੂੜ ਪਾਉਣ ਲਈ ਦਿਖਾਉਣ ਲਈ ਕੁਝ ਵਾਅਦਿਆਂ ‘ਤੇ ਕਾਰਵਾਈ ਜਰੂਰ ਸ਼ੁਰੂ ਕੀਤੀ ਗਈ ਹੈ।

  • ਪੰਜਾਬ ਵਿਧਾਨ ਸਭਾ ‘ਚ ਲੱਗੀ ਸੁਆਲਾਂ ਦੀ ਭਰਮਾਰ, ਇੱਕ-ਇੱਕ ਵਿਭਾਗ ਦੇ ਲੱਗੇ ਹੋਏ ਹਨ 50-50 ਸਵਾਲ

ਇਹ ਕਾਗਜ਼ੀ ਕਾਰਵਾਈ ਦੇ ਸੱਚ ਅਤੇ ਵਾਅਦਿਆਂ ਨੂੰ ਪੂਰਾ ਨਹੀਂ ਕਰਨ ਸਬੰਧੀ ਹੁਣ ਸਾਰੀ ਜਾਣਕਾਰੀ ਆਮ ਜਨਤਾ ਤੱਕ ਪਹੁੰਚਾਉਣ ਲਈ ਆਮ ਆਦਮੀ ਪਾਰਟੀ ਅਤੇ ਅਕਾਲੀ-ਭਾਜਪਾ ਦੇ ਵਿਧਾਇਕਾਂ ਨੇ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਬਜਟ ਸੈਸ਼ਨ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸ ਬਜਟ ਸੈਸ਼ਨ ਵਿੱਚ ਸਰਕਾਰੀ ਰਿਕਾਰਡ ਅਨੁਸਾਰ ਸੱਚਾਈ ਸਾਹਮਣੇ ਲਿਆਉਣ ਲਈ ਇਨ੍ਹਾਂ ਵਿਧਾਇਕਾਂ ਨੇ ਸਵਾਲ ‘ਤੇ ਸਵਾਲ ਦਾਗਣੇ ਸ਼ੁਰੂ ਕਰ ਦਿੱਤੇ ਹਨ, ਜਿਸ ਕਾਰਨ ਰੋਜ਼ਾਨਾ ਪੰਜਾਬ ਵਿਧਾਨ ਸਭਾ ਵਿੱਚ ਪਹੁੰਚ ਰਹੇ ਇਨ੍ਹਾਂ ਸਵਾਲਾਂ ਦੇ ਜਵਾਬ ਨੂੰ ਤਿਆਰ ਕਰਨ ਲਈ ਵਿਭਾਗਾਂ ਦੇ ਮੰਤਰੀਆਂ ਨੂੰ ਵੀ ਭੇਜਣਾ ਸ਼ੁਰੂ ਕਰ ਦਿੱਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਹਰ ਦੂਜੇ ਦਿਨ ਦਰਜਨ ਭਰ ਤੋਂ ਜਿਆਦਾ ਸਵਾਲ ਵਿਧਾਇਕਾਂ ਵੱਲੋਂ ਭੇਜੇ ਰਹੇ ਹਨ, ਜਿਨ੍ਹਾਂ ਵਿੱਚ ਕਾਂਗਰਸ ਦੇ ਚੋਣ ਮਨੋਰਥ ਪੱਤਰ ਨੂੰ ਮੁੱਖ ਰੱਖਦੇ ਹੋਏ ਹੀ ਸਵਾਲ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਜਵਾਬ ਦੇਣ ਵਿੱਚ ਕਾਂਗਰਸੀ ਮੰਤਰੀਆਂ ਨੂੰ ਕਾਫ਼ੀ ਪ੍ਰੇਸ਼ਾਨੀ ਆਉਣ ਵਾਲੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ