ਦਲਿਤਾਂ ਨੂੰ ਤਸੀਹੇ : ਐੱਸਸੀ ਕਮਿਸ਼ਨ ਵੱਲੋਂ ਪੰਜਾਬ ਪੁਲਿਸ ਤਲਬ

SC Commission

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਬੱਗਾ ‘ਚ ਕਥਿਤ ਕਾਂਗਰਸੀ ਵਰਕਰਾਂ ਵੱਲੋਂ ਇੱਕ ਦਲਿਤ ਪਰਿਵਾਰ ਨੂੰ ਦਿੱਤੇ ਗਏ ਤਸੀਹੇ ਦੇਣ ਅਤੇ ਪੁਲਿਸ ਦੇ ਪੱਖਪਾਤ ਦਾ ਮਾਮਲਾ ਅਨੁਸੂਚਿਤ ਜਾਤੀ ਕਮਿਸ਼ਨ (SC Commission) ਕੋਲ ਪਹੁੰਚ ਗਿਆ ਹੈ। ਪੰਜਾਬ ਭਾਜਪਾ ਦੀ ਸ਼ਿਕਾਇਤ ‘ਤੇ ਕਮਿਸ਼ਨ ਨੇ ਪੰਜਾਬ ਪੁਲਿਸ ਨੂੰ ਨੋਟਿਸ ਜਾਰੀ ਕਰਕੇ 23 ਮਈ ਨੂੰ ਤਲਬ ਕੀਤਾ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਦਲਿਤ ਪਰਿਵਾਰ ‘ਤੇ ਕਥਿਤ ਕਾਂਗਰਸ ਹਮਲਾਵਰਾਂ ਵੱਲੋਂ ਅਤਿਆਚਾਰ ਦੀ ਘਟਨਾ ਖਿਲਾਫ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਆਗੂਆਂ ਵੱਲੋਂ ਨੈਸ਼ਨਲ ਐਸ. ਸੀ. ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਕਮਿਸ਼ਨ ਨੇ ਪੁਲਿਸ ਦੇ ਫਸੀਨੀਅਰ ਅਧਿਕਾਰੀਆਂ ਨੂੰ ਤਲਬ ਕਰ ਲਿਆ ਹੈ, ਜਿਥੇ ਉਨਾਂ ਨੂੰ 23 ਮਈ ਨੂੰ ਸਾਰੀ ਘਟਨਾ ਦੀ ਜਾਣਕਾਰੀ ਸਣੇ ਕਾਰਵਾਈ ਸਬੰਧੀ ਜੁਆਬ ਦੇਣਾ ਹੋਵੇਗਾ।

ਭਾਜਪਾ ਨੇ ਪਿੰਡ ਬੱਗਾ ਸਬੰਧੀ ਕੀਤੀ ਕਮਿਸ਼ਨ (SC Commission) ਨੂੰ ਸ਼ਿਕਾਇਤ

ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਗ੍ਰੇਵਾਲ, ਸੂਬਾ ਸਕੱਤਰ ਵਿਨੀਤ ਜੋਸ਼ੀ ਅਤੇ ਪੰਜਾਬ ਭਾਜਪਾ ਐਸ.ਸੀ. ਮੋਰਚਾ ਦੇ ਪ੍ਰਧਾਨ ਮੰਜੀਤ ਬਾਲੀ ਨੇ ਨੈਸ਼ਨਲ ਐਸ.ਸੀ. ਕਮੀਸ਼ਨ ਦੇ ਖੇਤਰੀ ਨਿਦੇਸ਼ਕ ਰਾਜਕੁਮਾਰ ਨਾਲ ਮੁਲਾਕਾਤ ਕਰਕੇ ਉਨਾਂ ਨੂੰ ਬਾਬਾ ਬਕਾਲਾ ਤਹਿਸੀਲ ਦੇ ਬੱਗਾ ਪਿੰਡ ਵਿਚ ਹੋਈ ਦਰਦਨਾਕ ਘਟਨਾ ਦੀ ਜਾਣਕਾਰੀ ਦਿੱਤੀ। ਭਾਜਪਾ ਆਗੂਆਂ ਨੇ ਕਿਹਾ ਕਿ ਕਸ਼ਮੀਰ ਸਿੰਘ ਦੇ ਪਰਿਵਾਰ ‘ਤੇ ਕਾਂਗਰਸ ਸਮਰਥਿਤ ਗੁੰਡਿਆਂ ਨੇ ਇਕ ਨਹੀਂ ਬਲਕਿ ਤਿੰਨ-ਤਿੰਨ ਵਾਰ ਹਮਲੇ ਕੀਤੇ ਅਤੇ ਉਨਾਂ ਨੂੰ ਤਸੀਹੇ ਦਿੱਤੇ, ਪਰ ਸਥਾਨਕ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ।

ਤਿੰਨਾਂ ਘਟਨਾਵਾਂ ਦੀ ਸ਼ਿਕਾਇਤ ਪੰਜਾਬ ਪੁਲੀਸ ਦੀ ਹੈਲਪਲਾਈਨ 181 ‘ਤੇ ਵੀ ਦਿੱਤੀ ਗਈ

ਭਾਜਪਾ ਆਗੂਆਂ ਨੇ ਕਿਹਾ ਕਿ ਕਸ਼ਮੀਰ ਸਿੰਘ ਅਤੇ ਉਸਦੇ ਪਰਿਵਾਰ ‘ਤੇ ਕਾਂਗਰਸ ਦੇ ਗੁੰਡਿਆਂ ਨੇ ਅਪ੍ਰੈਲ ਦੀ 17 ਅਤੇ 29 ਤਰੀਕ ਅਤੇ ਮਈ ਵਿਚ 15 ਤਰੀਕ ਨੂੰ ਹਮਲੇ ਕੀਤੇ। ਪਰਿਵਾਰ ‘ਤੇ 15 ਮਈ ਦੇ ਹਮਲੇ ਦੇ ਦੌਰਾਨ ਉਨਾਂ ਬੇਰਹਿਮੀ ਦੀਆਂ ਹਦਾਂ ਪਾਰ ਕਰ ਦਿੱਤੀਆਂ। ਕਸ਼ਮੀਰ ਸਿੰਘ ਦੀ ਪਤਨੀ ਦੇ ਵੀ ਕਪੜੇ ਪਾੜ ਦਿੱਤੇ ਗਏ। ਬੇਰਹਮੀ ਦੇ ਹੱਥ ਇੱਥੇ ਨਹੀਂ ਰੁੱਕੇ ਉਨਾਂ ਕਸ਼ਮੀਰ ਸਿੰਘ ਦੇ ਹੱਥ ਪਿੱਛੇ ਤੋਂ ਬੰਨਕੇ ਉਸਨੂੰ ਨੰਗਾ ਕਰਕੇ ਖੂਬ ਕੁੱਟਿਆ ਅਤੇ ਇਸ ਘਟਨਾ ਦੀ ਵੀਡੀਓ ਵੀ ਬਣਾਈ ਗਈ ਅਤੇ ਤਸਵੀਰਾਂ ਵੀ ਲੈ ਲਈ ਗਈਆਂ। ਅੰਤ ਵਿਚ ਕਾਂਗਰਸ ਦੇ ਗੁੰਡਿਆਂ ਨੇ ਕਸ਼ਮੀਰ ਸਿੰਘ ਨੂੰ ਬਾਈਕ ‘ਤੇ ਬਿਠਾਕੇ ਅਗਵਾ ਕਰ ਲਿਆ। ਇਨਾਂ ਤਿੰਨਾਂ ਘਟਨਾਵਾਂ ਦੀ ਸ਼ਿਕਾਇਤ ਪੰਜਾਬ ਪੁਲੀਸ ਦੀ ਹੈਲਪਲਾਈਨ 181 ‘ਤੇ ਵੀ ਦਿੱਤੀ ਗਈ, ਪਰ ਮੱਤੇਵਾਲ ਦੇ ਐਸ.ਐਚ.ਓ. ਨੇ ਕੋਈ ਕਾਰਵਾਈ ਨਹੀਂ ਕੀਤੀ। ਉਲਟਾ ਐਸਐਚਓ ਨੇ ਕਾਂਗਰਸ ਸਮਰਥਿਤ ਗੁੰਡਿਆਂ ਦਾ ਸਾਥ ਦਿੱਤਾ ਅਤੇ ਕਸ਼ਮੀਰ ਸਿੰਘ ਨੂੰ ਗੈਰ ਕਾਨੂੰਨੀ ਹਿਰਾਸਤ ਵਿਚ ਤਿੰਨ ਦਿਨ ਤੱਕ ਰੱਖਿਆ।

ਭਾਜਪਾ ਆਗੂਆਂ ਨੇ ਦੱਸਿਆ ਕਿ ਉਨਾਂ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨੈਸ਼ਨਲ ਐਸ.ਸੀ. ਕਮੀਸ਼ਨ ਨੇ ਏ.ਡੀ.ਜੀ.ਪੀ. (ਲਾ ਐਂਡ ਆਰਡਰ) ਅਤੇ ਅਮ੍ਰਿਤਸਰ (ਗ੍ਰਾਮੀਣ) ਦੇ ਐਸ.ਐਸ.ਪੀ. ਨੂੰ ਨੋਟਿਸ ਜਾਰੀ ਕਰ ਉਨਾਂ 23 ਮਈ ਨੂੰ ਚੰਡੀਗੜ ਖੇਤਰੀ ਹੈਡ ਕੁਆਰਟਰ ਵਿਚ ਮੌਜੂਦ ਹੋਣ ਦੇ ਆਦੇਸ਼ ਦਿੱਤੇ ਹਨ। ਇਸ ਦੌਰਾਨ ਏ.ਡੀ.ਜੀ.ਪੀ. ਤੋਂ ਘਟਨਾ ਦੀ ਪੂਰੀ ਜਾਣਕਾਰੀ ਅਤੇ ਮਾਮਲਿਆਂ ਬਾਰੇ ਕੀ ਕਾਰਵਾਈ ਕੀਤੀ ਗਈ, ਇਸਦਾ ਬਿਓਰਾ ਵੀ ਤਲਬ  ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ