ਠੰਢ ਕਣਕ ਦੀ ਫਸਲ ਲਈ ਲਾਹੇਵੰਦ, ਕਿਸਾਨਾਂ ਦੇ ਚਿਹਰੇ ਖਿੜੇ | Weather Today
- ਇਸ ਕੜਾਕੇ ਦੀ ਠੰਢ ‘ਚ ਕੀਰਤੀ ਲੋਕਾਂ ਦਾ ਹਾਲ ਮੰਦਾ | Weather Today
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਨਵੇਂ ਵਰ੍ਹੇ ਦੇ ਅੱਜ ਦੂਜੇ ਦਿਨ ਵੀ ਠੰਢ ਦਾ ਕਹਿਰ ਜਾਰੀ ਰਿਹਾ। ਪਿਛਲੇ 2 ਦਿਨਾਂ ਤੋਂ ਸੀਤ ਲਹਿਰ ਚੱਲ ਰਹੀ ਹੈ, ਅੱਜ ਜ਼ਮੀਨ ’ਤੇ ਧੁੰਦ ਨਹੀਂ ਸੀ ਪਰ ਅਸਮਾਨ ’ਚ ਧੁੰਦ ਦੇ ਬੱਦਲ ਛਾਏ ਰਹਿਣ ਕਰਕੇ ਸਾਰਾ ਦਿਨ ਸੂਰਜ ਦਿਖਾਈ ਨਹੀਂ ਦਿੱਤਾ। ਮੌਸਮ ਵਿਭਾਗ ਅਨੁਸਾਰ ਹਾਲੇ ਆਉਣ ਵਾਲੇ ਕੁਝ ਦਿਨਾਂ ਤੱਕ ਅਜਿਹਾ ਹੀ ਮੌਸਮ ਬਣਿਆ ਰਹੇਗਾ। ਇਸ ਸੁੱਕੀ ਠੰਢ ਨੇ ਲੋਕਾਂ ਦੇ ਹੱਡ ਠਾਰ ਦਿੱਤੇ ਹਨ। ਇਸ ਸੁੱਕੀ ਠੰਢ ਕਾਰਨ ਬਿਮਾਰੀਆਂ ’ਚ ਵਾਧਾ ਹੋਣ ਦਾ ਖਾਦਸਾ ਬਣਿਆ ਹੋਇਆ ਹੈ। ਸਭ ਤੋਂ ਜ਼ਿਆਦਾ ਠੰਢ ਦੀ ਮਾਰ ਬੇਘਰੇ ਜਾਂ ਕਿਰਤੀ ਲੋਕਾਂ ਨੂੰ ਝੱਲਣੀ ਪੈ ਰਹੀ ਹੈ।
ਜ਼ਮੀਨ ’ਤੇ ਧੁੰਦ ਨਹੀਂ ਸੀ ਪਰ ਅਸਮਾਨ ’ਚ ਧੁੰਦ ਦੇ ਬੱਦਲ ਛਾਏ ਰਹੇ
ਇਹ ਪੈ ਰਹੀ ਠੰਢ ਨਾਲ ਕਿਸਾਨਾਂ ਦੇ ਜਰੂਰ ਚਿਹਰੇ ਖਿੜੇ ਹੋਏ ਹਨ ਕਿਉਂਕਿ ਇਸ ਸਮੇਂ ਠੰਡ ਕਣਕ ਦੀ ਫਸਲ ਲਈ ਬਹੁਤ ਲਾਹੇਬੰਦ ਹੈ। ਇਸ ਸਬੰਧੀ ਕਿਸਾਨ ਜਸਪ੍ਰੀਤ ਸਿੰਘ ਬੱਬੀ, ਗੁਰਪ੍ਰੀਤ ਸਿੰਘ ਗੁਰੀ, ਰਮਣਦੀਪ ਸਿੰਘ ਅਤੇ ਗੁਰਸੇਵਕ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਮੇਂ ਵਿੱਚ ਕਣਕ ਦੀ ਫਸਲ ਲਈ ਠੰਡ ਬਹੁਤ ਲਾਹੇਬੰਦ ਹੈ, ਜਿਸ ਨਾਲ ਕਣਕ ਦੇ ਝਾੜ ਤੇ ਬਹੁਤ ਅਸਰ ਪਵੇਗਾ, ਉਹਨਾਂ ਕਿਹਾ ਕਿ ਜੇਕਰ ਕੋਰਾ ਪੈਂਦਾ ਹੈ ਤਾਂ ਉਸ ਨਾਲ ਉਹਨਾਂ ਦੇ ਆਲੂਆਂ ਦੀ ਫਸਲ ਨੂੰ ਨੁਕਸਾਨ ਹੋਵੇਗਾ।
ਉਹਨਾਂ ਕਿਹਾ ਕਿ ਆਲੂਆਂ ਦੀ ਫਸਲ ਨੂੰ ਜੇਕਰ ਜਲਦੀ ਪਾਣੀ ਲਗਾਇਆ ਜਾ ਸਕੇ ਤਾਂ ਫਸਲ ਨੂੰ ਕੋਰੇ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਅ ਹੋ ਜਾਂਦਾ ਹੈ ਇਸ ਲਈ ਉਹ ਆਲੂਆਂ ਦੀ ਫਸਲ ਦਾ ਖਾਸ ਧਿਆਨ ਰੱਖ ਰਹੇ ਹਨ। ਜਦੋਂ ਕਿ ਕਣਕ ਦੀ ਫਸਲ ਲਈ ਇਹ ਠੰਡ ਲਾਹੇਵੰਦ ਹੈ।
ਇਸ ਮੰਗਿਆਈ ਦੇ ਜਮਾਨੇ ‘ਚ ਕੰਮ ਕਰਨਾ ਹੀ ਪੈਂਦਾ…
ਠੰਢ ਨਾਲ ਠੂਠ-ਠੂਰ ਕਰਦੇ ਇੱਕ ਰਾਜਗਿਰੀ ਦਾ ਕੰਮ ਕਰਦੇ ਮਿਸਤਰੀ ਧਰਮ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਬਹੁਤ ਜਿਆਦਾ ਠੰਢ ਪੈ ਰਹੀ ਹੈ ਪਰੰਤੂ ਇਸ ਮੌਸਮ ਵਿੱਚ ਵੀਂ ਉਹਨਾਂ ਨੂੰ ਆਪਣਾ ਰੁਜ਼ਗਾਰ ਹੀ ਕਰਨਾ ਹੀ ਪੈਂਦਾ ਹੈ। ਮਿਸਤਰੀ ਦੇ ਨਾਲ ਮਜ਼ਦੂਰ ਦਾ ਕੰਮ ਕਰਦੀ ਔਰਤ ਪਰਮਜੀਤ ਕੌਰ ਨੇ ਕਿਹਾ ਕਿ ਇੰਨੀ ਕੜਾਕੇ ਦੀ ਠੰਡ ਵਿੱਚ ਘਰੋਂ ਬਾਹਰ ਨਿਕਲਣ ਨੂੰ ਦਿਲ ਨਹੀਂ ਕਰਦਾ ਪ੍ਰੰਤੂ ਉਹਨਾਂ ਨੂੰ ਕੰਮ ਕਰਕੇ ਨਹੀਂ ਸਰਦਾ। ਇਸ ਲਈ ਠੰਡ ਹੋਵੇ ਜਾਂ ਗਰਮੀ ਉਹਨਾਂ ਨੂੰ ਆਪਣਾ ਰੁਜ਼ਗਾਰ ਕਰਨਾ ਹੀ ਪੈਂਦਾ ਹੈ। ਕਿਉਂਕਿ ਇਸੇ ਰੁਜ਼ਗਾਰ ਨਾਲ ਉਹਨਾਂ ਦਾ ਘਰ ਪਰਿਵਾਰ ਚੱਲਦਾ ਹੈ। ਪਰਮਜੀਤ ਕੌਰ ਨੇ ਕਿਹਾ ਕਿ ਉਸਦੇ ਚਾਰ ਬੇਟੀਆਂ ਅਤੇ ਇੱਕ ਬੇਟਾ ਹੈ, ਅੱਜ ਕੱਲ ਬਹੁਤ ਮੰਗਿਆਈ ਦਾ ਜਮਾਨਾ ਹੈ, ਜੇਕਰ ਹੁਣ ਉਹ ਦੋਨੇ ਜੀਅ ਕੰਮ ਕਰਨਗੇ ਫਿਰ ਹੀ ਉਹ ਆਪਣਾ ਪਰਿਵਾਰ ਪਾਲ ਸਕਦੇ ਹਨ।