ਮੌਸਮ ਵਿਭਾਗ ਦੀ ਚੇਤਾਵਨੀ | Weather Update
ਨਵੀਂ ਦਿੱਲੀ (ਏਜੰਸੀ)। ਉੱਤਰੀ ਭਾਰਤ ਦੇ ਕਈ ਇਲਾਕੇ ਇਨ੍ਹੀਂ ਦਿਨੀਂ ਸੰਘਣੀ ਧੁੰਦ ਦਾ ਸਾਹਮਣਾ ਕਰ ਰਹੇ ਹਨ। ਖਾਸ ਤੌਰ ’ਤੇ ਸਵੇਰ ਵੇਲੇ ਧੁੰਦ ਦਾ ਪ੍ਰਭਾਵ ਥੋੜ੍ਹਾ ਵੱਧ ਜਾਂਦਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 3-4 ਦਿਨਾਂ ਤੱਕ ਧੁੰਦ ਤੋਂ ਕੋਈ ਰਾਹਤ ਨਹੀਂ ਮਿਲੇਗੀ। ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ, ‘ਅਗਲੇ ਤਿੰਨ-ਚਾਰ ਦਿਨਾਂ ਤੱਕ ਉੱਤਰੀ ਪੂਰਬ ਅਤੇ ਮੱਧ ਭਾਰਤ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਦੇਖੀ ਜਾ ਸਕਦੀ ਹੈ।’ (Weather Update)
ਆਈਐੱਮਡੀ ਨੇ ਮੰਗਲਵਾਰ ਨੂੰ ਸੈਟੇਲਾਈਟ ਤਸਵੀਰਾਂ ਜਾਰੀ ਕੀਤੀਆਂ, ਜਿਸ ਵਿੱਚ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਧੁੰਦ ਵਿੱਚ ਡੁੱਬੇ ਦਿਖਾਈ ਦੇ ਰਹੇ ਹਨ। ਵਿਭਾਗ ਵੱਲੋਂ ਦੱਸਿਆ ਗਿਆ ਕਿ ਪੰਜਾਬ, ਹਰਿਆਣਾ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਘੱਟੋ-ਘੱਟ ਤਾਪਮਾਨ 6-10 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਰਾਜਸਥਾਨ, ਪੂਰਬੀ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਝਾਰਖੰਡ ਵਿੱਚ ਘੱਟੋ-ਘੱਟ ਤਾਪਮਾਨ 11-12 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ।
ਆਈਐੱਮਡੀ ਨੇ ਕਿਹਾ ਹੈ ਕਿ ਮੰਗਲਵਾਰ ਨੂੰ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਘੱਟੋ-ਘੱਟ ਤਾਪਮਾਨ ਆਮ ਜਾਂ ਆਮ ਨਾਲੋਂ ਥੋੜ੍ਹਾ ਵੱਧ ਰਹਿਣ ਵਾਲਾ ਹੈ। ਜੇਕਰ ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਇੱਥੇ ਅੱਜ ਸੰਘਣੀ ਧੁੰਦ ਛਾਈ ਰਹੀ ਅਤੇ ਸਵੇਰੇ ਘੱਟੋ-ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇੰਡੀਆ ਗੇਟ, ਏਮਜ਼ ਅਤੇ ਆਨੰਦ ਵਿਹਾਰ ਦੇ ਆਲੇ-ਦੁਆਲੇ ਦੀਆਂ ਸੜਕਾਂ ਧੁੰਦ ਦੀ ਚਾਦਰ ਵਿੱਚ ਲਪੇਟੀਆਂ ਦਿਖਾਈ ਦਿੱਤੀਆਂ।
ਫੇਫੜਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਸੰਘਣੀ ਧੁੰਦ
ਆਈਐੱਮਡੀ ਨੇ ਦਿੱਲੀ-ਐੱਨਸੀਆਰ ’ਚ ਸੰਘਣੀ ਧੁੰਦ ਕਾਰਨ ਲੋਕਾਂ ਦੀ ਸਿਹਤ ’ਤੇ ਪੈਣ ਵਾਲੇ ਪ੍ਰਭਾਵ ਸਬੰਧੀ ਚਿਤਾਵਨੀ ਜਾਰੀ ਕੀਤੀ ਹੈ। ਸੋਮਵਾਰ ਨੂੰ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ, ‘ਸੰਘਣੀ ਧੁੰਦ ਵਿੱਚ ਕਣ ਅਤੇ ਹੋਰ ਪ੍ਰਦੂਸ਼ਕ ਹੁੰਦੇ ਹਨ। ਇਹ ਵਿਅਕਤੀ ਦੇ ਫੇਫੜਿਆਂ ਵਿੱਚ ਜਮ੍ਹਾ ਹੋਣ ਦਾ ਖ਼ਤਰਾ ਰਹਿੰਦਾ ਹੈ। ਇਹ ਫੇਫੜਿਆਂ ਨੂੰ ਪ੍ਰਭਾਵਿਤ ਕਰਦੇ ਹਨ, ਉਹਨਾਂ ਦੀ ਕੰਮ ਕਰਨ ਦੀ ਸਮਰੱਥਾ ਨੂੰ ਘਟਾਉਂਦੇ ਹਨ। ਅਜਿਹੀ ਸਥਿਤੀ ’ਚ ਘਬਰਾਹਟ, ਖੰਘ ਅਤੇ ਸਾਹ ਲੈਣ ’ਚ ਤਕਲੀਫ ਵਧ ਸਕਦੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਧੁੰਦ ਕਾਰਨ ਅੱਖਾਂ ਦੀ ਝਿੱਲੀ ਵਿੱਚ ਜਲਣ ਮਹਿਸੂਸ ਹੋ ਸਕਦੀ ਹੈ। ਇਸ ਕਾਰਨ ਅੱਖਾਂ ’ਚ ਇਨਫੈਕਸ਼ਨ ਅਤੇ ਲਾਲੀ ਜਾਂ ਸੋਜ ਹੋਣ ਦਾ ਖਤਰਾ ਰਹਿੰਦਾ ਹੈ।