ਮੁੱਖ ਮੰਤਰੀ ਦੀਆਂ ਸੁਰੱਖਿਆ ਟੀਮਾਂ ਦੇ ਠਹਿਰਾਅ ਦੇ ਹਵਾਲੇ ਨਾਲ ਕੀਤੀ ਸੀ ਛੁੱਟੀ | Deputy Commissioner Bathinda
ਬਠਿੰਡਾ (ਸੁਖਜੀਤ ਮਾਨ)। ਐਤਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੌੜ ਮੰਡੀ ’ਚ ਹੋਣ ਵਾਲੀ ਰੈਲੀ ਦੇ ਪ੍ਰਬੰਧਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵਿੱਚ ਭਾਜੜਾਂ ਪਈਆਂ ਹੋਈਆਂ ਹਨ। ਜ਼ਿਲ੍ਹੇ ਦੇ ਐਲੀਮੈਂਟਰੀ ਤੇ ਸੈਕੰਡਰੀ ਸਿੱਖਿਆ ਵਿਭਾਗ ਦੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੇ ਸੁਰੱਖਿਆ ਟੀਮਾਂ ਦੇ ਠਹਿਰਾਅ ਦੇ ਹਵਾਲੇ ਨਾਲ ਮੌੜ ਮੰਡੀ ਦੇ ਛੇ ਸਕੂਲਾਂ ਵਿੱਚ 16 ਦਸੰਬਰ ਨੂੰ ਛੁੱਟੀ ਦਾ ਐਲਾਨ ਕਰਕੇ ਸਬੰਧਿਤ ਸਕੂਲਾਂ ਦੇ ਮੁਖੀਆਂ ਨੂੰ ਪੱਤਰ ਜਾਰੀ ਕਰ ਦਿੱਤਾ। ਸੋਸ਼ਲ ਮੀਡੀਆ ਤੇ ਪੱਤਰ ਵਾਇਰਲ ਹੋਇਆ ਤਾਂ ਡਿਪਟੀ ਕਮਿਸ਼ਨਰ ਬਠਿੰਡਾ (Deputy Commissioner Bathinda) ਸ਼ੌਕਤ ਅਹਿਮਦ ਪਰ੍ਹੇ ਨੇ ਦੋਵੇਂ ਸਿੱਖਿਆ ਅਧਿਕਾਰੀਆਂ ਨੂੰ ਆਪਣੀ ਮਰਜੀ ਨਾਲ ਛੁੱਟੀ ਕਰਨ ਤੇ ਪੇਸ਼ ਹੋ ਕੇ ਜਵਾਬ ਦੇਣ ਲਈ ਸੱਦਿਆ ਹੈ।
ਵੇਰਵਿਆਂ ਮੁਤਾਬਿਕ 17 ਦਸੰਬਰ ਐਤਵਾਰ ਨੂੰ ਮੌੜ ਮੰਡੀ ’ਚ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਰੈਲੀ ’ਚ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੁੱਜ ਰਹੇ ਹਨ। ਇਸ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਸਮੁੱਚਾ ਜ਼ਿਲ੍ਹਾ ਪ੍ਰਸ਼ਾਸ਼ਨ ਪੱਬਾਂ ਭਾਰ ਹੋਇਆ ਫਿਰਦਾ ਹੈ। ਇਨ੍ਹਾਂ ਤਿਆਰੀਆਂ ਦੇ ਹੀ ਚਲਦਿਆਂ ਸੁਰੱਖਿਆ ਟੀਮਾਂ ਦੇ ਅੱਜ ਸ਼ਾਮ ਮੌੜ ਮੰਡੀ ਪੁੱਜਣ ’ਤੇ ਉਨ੍ਹਾਂ ਦੇ ਠਹਿਰਾਅ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਟਰੀ ਅਤੇ ਸੈਕੰਡਰੀ ਵੱਲੋਂ ਮੌੜ ਮੰਡੀ ਦੇ ਛੇ ਸਕੂਲਾਂ ( ਸਰਕਾਰੀ ਪ੍ਰਾਇਮਰੀ ਸਕੂਲ ਮੌੜ ਮੰਡੀ, ਐਸਡੀ ਸਰਕਾਰੀ ਹਾਈ ਸਕੂਲ ਤੇ ਪ੍ਰਾਇਮਰੀ ਸਕੂਲ ਮੌੜ ਮੰਡੀ, ਸਰਕਾਰੀ ਸੀਨੀ. ਸੈਕੰਡਰੀ ਸਕੂਲ ਮੌੜ ਕਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜ ਖੁਰਦ ਅਤੇ ਸਰਕਾਰੀ ਸੀਨੀ. ਸੈਕੰਡਰੀ ਸਕੂਲ (ਕੁੜੀਆਂ) ਮੌੜ ਮੰਡੀ) ’ਚ 16 ਦਸੰਬਰ ਦੀ ਛੁੱਟੀ ਕਰਨ ਸਬੰਧੀ ਪੱਤਰ ਜ਼ਾਰੀ ਕਰ ਦਿੱਤਾ ਸੀ।
Also Read : ਕਿੰਨੂਆਂ ਦਾ ਭਰਿਆ ਟਰੱਕ ਪਲਟਿਆ, ਸੰਘਣੀ ਧੁੰਦ ਕਾਰਨ ਹੋਇਆ ਹਾਦਸਾ
ਇਸ ਪੱਤਰ ਰਾਹੀਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਕਿ ਮੌੜ ਮੰਡੀ ਦੀ ਰੈਲੀ ਦੇ ਮੱਦੇਨਜ਼ਰ ਸਰਕਾਰੀ ਸਕੂਲਾਂ ’ਚ ਸਕਿਊਰਟੀ ਦੇ ਠਹਿਰਣ ਦਾ ਪ੍ਰਬੰਧ ਕੀਤਾ ਜਾਣਾ ਹੈ ਇਸ ਲਈ 16 ਦਸੰਬਰ ਦੀ ਵਿਦਿਆਰਥੀਆਂ ਨੂੰ ਛੁੱਟੀ ਕਰ ਦਿੱਤੀ ਜਾਵੇ। ਨਾਲ ਹੀ ਸਕੂਲ ਮੁਖੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ 17 ਦਸੰਬਰ ਸ਼ਾਮ ਤੱਕ ਸਕੂਲ ਮੁਖੀ ਸਕੂਲਾਂ ’ਚ ਮੌਜੂਦ ਰਹਿਣ ਅਤੇ ਸਕੂਲਾਂ ’ਚ ਬਿਜਲੀ, ਪਾਣੀ ਅਤੇ ਸਾਫ਼-ਸਫ਼ਾਈ ਦੇ ਪ੍ਰਬੰਧ ਕੀਤੇ ਜਾਣ। ਸਕੂਲਾਂ ’ਚ ਛੁੱਟੀ ਸਬੰਧੀ ਇਹ ਪੱਤਰ ਅੱਜ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ।
ਇਸ ਮਗਰੋਂ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰ੍ਹੇ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼ਿਵਪਾਲ ਗੋਇਲ ਅਤੇ ਸ੍ਰੀਮਤੀ ਭੁਪਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਟਰੀ ਬਠਿੰਡਾ ਤੋਂ ਜਵਾਬ ਤਲਬ ਕੀਤਾ ਹੈ ਕਿ ਮੌੜ ਮੰਡੀ ਦੇ ਸਰਕਾਰੀ ਸਕੂਲਾਂ ’ਚ ਮੁੱਖ ਮੰਤਰੀ ਦੀਆਂ ਸੁਰੱਖਿਆ ਟੀਮਾਂ ਦੇ ਠਹਿਰਾਉਣ ਲਈ ਉਨ੍ਹਾਂ ਵੱਲੋਂ ਕੋਈ ਹਦਾਇਤ ਨਹੀਂ ਕੀਤੀ ਗਈ ਤਾਂ ਫਿਰ ਕਿਸ ਤੋਂ ਪੁੱਛ ਕੇ ਛੁੱਟੀ ਦਾ ਇਹ ਫੈਸਲਾ ਲਿਆ ਗਿਆ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਵੱਲੋਂ ਛੁੱਟੀ ਬਾਬਤ ਜ਼ਾਰੀ ਕੀਤਾ ਗਿਆ ਪੱਤਰ ਤੁਰੰਤ ਵਾਪਿਸ ਲੈਣ ਦੇ ਹੁਕਮ ਕੀਤੇ ਹਨ।
ਜਵਾਬ ਨਾ ਦੇਣ ’ਤੇ ਹੋਵੇਗੀ ਅਨੁਸ਼ਾਸ਼ਨੀ ਕਾਰਵਾਈ : ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰ੍ਹੇ ਨੇ ਦੋਵਾਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਕਿਹਾ ਹੈ ਕਿ ਕਿਉਂ ਨਾ ਤੁਹਾਡੇ ਖਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਵਾਬ ਦੋ ਦਿਨਾਂ ਦੇ ਅੰਦਰ-ਅੰਦਰ ਦਿੱਤਾ ਜਾਵੇ। ਨਿਸ਼ਚਿਤ ਸਮੇਂ ਅੰਦਰ ਜਵਾਬ ਨਾ ਆਉਣ ਦੀ ਸੂਰਤ ’ਚ ਇਹ ਸਮਝਿਆ ਜਾਵੇਗਾ ਕਿ ਉਨ੍ਹਾਂ ਨੇ ਇਸ ਸਬੰਧੀ ਕੁੱਝ ਨਹੀਂ ਕਹਿਣਾ ਅਤੇ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।