ਚੰਡੀਗੜ੍ਹ, (ਸੱਚ ਕਹੂੰ ਨਿਊਜ਼) । ਆਮ ਆਦਮੀ ਪਾਰਟੀ ਦੇ ਐਮ.ਐਲ.ਏ ਦੇ ਵਫਦ ਨੇ ਅੱਜ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਐਚ.ਐਸ ਫੂਲਕਾਂ ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਨਾਲ ਪੰਜਾਬ ਰਾਜ ਭਵਨ ਵਿਖੇ ਭੇਂਟ ਕੀਤੀ ਅਤੇ ਲੋਕਾਂ ਨਾਲ ਸਬੰਧਤ ਮੁੱਦਿਆਂ ‘ਤੇ ਚਰਚਾ ਕੀਤੀ।
ਵਫ਼ਦ ਨੇ ਪੰਜਾਬ ਵਿਚ ਪ੍ਰਾਈਵੇਟ ਸਕੂਲਾਂ ਦੁਆਰਾ ਸਰਕਾਰ ਅਤੇ ਹਾਈ ਕੋਰਟ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਬੱਚਿਆਂ ਕੋਲੋਂ ਭਾਰੀ ਫੀਸਾਂ ਵਸੂਲਣ, ਕਿਸਾਨਾਂ ਦੇ ਲੋਨ ਮੁਆਫ ਕਰਕੇ ਉਨ੍ਹਾਂ ਨੂੰ ਰਾਹਤ ਦੇਣ, ਪਰਲ, ਕਰਾਊਨ ਆਦਿ ਕੰਪਨੀਆਂ ਦੁਆਰਾ ਲੋਕਾਂ ਨਾਲ ਕੀਤੀ ਗਈ ਠੱਗੀ ਅਤੇ ਪੰਜਾਬ ਵਿਚ ਕਾਨੂੰਨ ਅਤੇ ਨਿਆਂ ਦੀ ਨਿਘੱਰ ਦੀ ਹਾਲਤ ਵਰਗੇ ਮੁੱਦੇ ਉਠਾਏ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਫੂਲਕਾ ਨੇ ਕਿਹਾ ਕਿ ਸੂਬੇ ਭਰ ਵਿੱਚ ਪ੍ਰਾਈਵੇਟ ਸਕੂਲ ਦਾਖਲਾ, ਮੁੜ ਦਾਖਲਾ, ਕੀਤਾਬਾਂ ਅਤੇ ਵਰਦੀਆਂ ਦੇ ਨਾਂਅ ਉਤੇ ਵਿਦਿਆਰਥੀਆਂ ਕੋਲੋਂ ਭਾਰੀ ਫੀਸਾਂ ਲੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਕੂਲ ਮਾਣਯੋਗ ਹਾਈ ਕੋਰਟ ਅਤੇ ਪੰਜਾਬ ਸਰਕਾਰ ਦੁਆਰਾ ਨਿਰਧਾਰਿਤ ਮਾਪ ਦੰਡਾਂ ਨੂੰ ਅੱਖੋਂ ਪਰੋਖੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਕਿਤਾਬਾਂ ਅਤੇ ਵਰਦੀਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ ਅਤੇ ਪ੍ਰਾਈਵੇਟ ਸਕੂਲਾਂ ਦਾ ਇਹ ਕਦਮ ਸਿੱਧੇ ਤੌਰ ‘ਤੇ ਰਾਈਟ ਟੂ ਐਜੂਕੇਸ਼ਨ ਐਕਟ ਦੀ ਉਲੰਘਣਾ ਹੈ।
ਸੂਬੇ ਵਿਚ ਮਰ ਰਹੀ ਕਿਸਾਨੀ ਦੇ ਮੁੱਦੇ ਉਤੇ ਬੋਲਦਿਆਂ ਫੂਲਕਾਂ ਨੇ ਕਿਹਾ ਕਿ ਪੰਜਾਬ ਭਰ ਵਿਚ ਕਿਸਾਨ ਇਸ ਸਮੇਂ ਮੰਦੇ ਆਰਥਿਕ ਦੌਰ ਵਿੱਚੋਂ ਗੁਜਰ ਰਹੇ ਹਨ। ਜਿਸ ਕਾਰਨ ਹਰ ਰੋਜ ਅਨੇਕਾਂ ਕਿਸਾਨ ਆਤਮ ਹੱਤਿਆ ਕਰਨ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਸਰਕਾਰ ਬਣਨ ਤੋਂ ਬਾਅਦ ਕਿਸਾਨਾਂ ਦੇ ਕਰਜੇ ਮੁਆਫ ਕਰਨ ਦੀ ਗੱਲ ਕਹੀ ਸੀ ਪਰੰਤੂ ਅਜੇ ਤੱਕ ਇਸ ਸਬੰਧੀ ਕੋਈ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਮੁੱਖ ਮੰਗ ਹੈ ਕਿ ਕਿਸਾਨਾਂ ਦੇ ਕਰਜੇ ਮੁਆਫ ਕਰਕੇ ਉਨ੍ਹਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇ।
ਸੂਬੇ ਵਿਚ ਚਿੱਟ ਕੰਪਨੀਆਂ ਦੁਆਰਾ ਲੋਕਾਂ ਤੋਂ ਪੈਸੇ ਠੱਗ ਕੇ ਭੱਜਣ ਦਾ ਮੁੱਦਾ ਉਠਾਉਂਦਿਆਂ ਫੂਲਕਾਂ ਨੇ ਕਿਹਾ ਕਿ ਪਰਲ, ਕਰਾਊਨ ਅਤੇ ਹੋਰ ਅਨੇਕਾਂ ਕੰਪਨੀਆਂ ਨੇ ਜਾਲੀ ਕੰਪਨੀਆਂ ਬਣਾ ਕੇ ਉਨ੍ਹਾਂ ਦੇ ਨਾਵਾਂ ਉਤੇ ਬੇਨਾਮੀ ਜਾਇਦਾਦਾਂ ਖਰਦੀਆਂ ਹਨ, ਹੁਣ ਸਰਕਾਰ ਦੀ ਇਹ ਡਿਊਟੀ ਬਣਦੀ ਹੈ ਕਿ ਅਜਿਹੀਆਂ ਜਾਇਦਾਦਾਂ ਨੂੰ ਵੇਚ ਕੇ ਪੀੜਿਤਾਂ ਨੂੰ ਉਨ੍ਹਾਂ ਦਾ ਪੈਸਾ ਵਾਪਿਸ ਦਿਵਾਇਆ ਜਾਵੇ। ਸਰਕਾਰ ਇਹ ਨਿਸ਼ਚਿਤ ਕਰੇ ਕਿ ਭਵਿੱਖ ਵਿਚ ਅਜਿਹੀ ਕੋਈ ਲੁੱਟ ਨਾ ਹੋ ਸਕੇ ਤਾਂ ਜੋ ਲੋਕਾਂ ਦੀ ਮਿਹਨਤ ਨਾਲ ਬਣਾਇਆ ਪੈਸਾ ਬੇਕਾਰ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਗਿਆਨ ਸਾਗਰ ਇੰਸਟੀਚਿਊਟ ਦੇ ਮਾਲਕ ਪਰਲ ਕੰਪਨੀ ਨੂੰ ਵਿਦਿਆਰਥੀਆਂ ਦੇ ਭਵਿੱਖ ਨਾਲ ਖੇਡਣ ਲਈ ਜਿੰਮੇਵਾਰ ਗਰਦਾਨਿਆ ਜਾਣਾ ਚਾਹੀਦਾ ਹੈ। ਸਰਕਾਰ ਫੌਰੀ ਤੌਰ ‘ਤੇ ਇਨ੍ਹਾਂ ਵਿਦਿਆਰਥੀਆਂ ਦੇ ਭਵਿੱਖ ਬਾਰੇ ਸੋਚਦੇ ਹੋਏ ਕੋਈ ਹੱਲ ਕੱਢੇ।
ਸੂਬੇ ਵਿਚ ਕਾਨੂੰਨ ਅਤੇ ਨਿਆਂ ਵਿਵਸਥਾ ਦੀ ਨਿਘੱਰਦੀ ਹਾਲਤ ਬਾਰੇ ਬੋਲਦਿਆਂ ਫੂਲਕਾਂ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਦੀ ਵਿਵਸਥਾ ਬਦ ਤੋਂ ਬਦਤਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਵਿਗੜਦੀ ਕਾਨੂੰਨ ਵਿਵਸਥਾ ਦਾ ਮੁੱਖ ਕਾਰਨ ਸੂਬੇ ਦੀ ਸੱਤਾਧਾਰੀ ਪਾਰਟੀ ਕਾਂਗਰਸ ਦੇ ਆਗੂਆਂ ਦੁਆਰਾ ਨਜਾਇਜ਼ ਧੰਦੇ ਅਤੇ ਗੁੰਡਾ ਟੈਕਸ ਨੂੰ ਹਥਿਆ ਕੇ ਕਾਨੂੰਨ ਵਿਰੋਧੀ ਕਾਰਜ ਕਰਨਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਜੋ ਨਜਾਇਜ਼ ਧੰਦੇ ਅਕਾਲੀ ਦਲ ਦੇ ਆਗੂ ਕਰ ਰਹੇ ਸਨ ਸਰਕਾਰ ਬਦਲੀ ਤੋਂ ਬਾਅਦ ਉਹੀ ਕੰਮ ਕਾਂਗਰਸੀ ਆਗੂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਨਜਾਇਜ਼ ਗਤੀਵਿਧੀਆਂ ਨੂੰ ਰੋਕਣ ਦੀ ਥਾਂ ਕਾਂਗਰਸੀ ਆਗੂਆਂ ਨੂੰ ਸ਼ਹਿ ਦੇ ਰਹੀ ਹੈ।