(ਗੁਰਤੇਜ ਜੋਸ਼ੀ) ਮਲੇਰਕੋਟਲਾ। ਮਾਲੇਰਕੋਟਲਾ ਪੁਲਿਸ ਨੇ ਪ੍ਰਸਿੱਧ ਪੰਜਾਬੀ ਗਾਇਕ ਨੂੰ ਧਮਕੀਆਂ ਦੇਣ ਅਤੇ ਫਿਰੌਤੀ ਦੀਆਂ ਕਾਲਾਂ ਕਰਨ ਵਾਲੇ ਇੱਕ ਮੁੱਖ ਮੁਲਜ਼ਮ ਨੂੰ ਗਿ੍ਰਫਤਾਰ ਕਰਨ ਦਾ ਦਾਅਵਾ ਕੀਤਾ ਹੈ। ਮੁੱਖ ਮੁਲਜ਼ਮ ਨੂੰ ਤਕਨੀਕੀ ਜਾਂਚ ਦੇ ਸਹਿਯੋਗ ਨਾਲ ਇੱਕ ਗੁਪਤ ਆਪ੍ਰੇਸ਼ਨ ਵਿੱਚ ਅੰਮ੍ਰਿਤਸਰ ਤੋਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਜਿਸ ਦੀ ਪਛਾਣ ਮਹਿਤਾਬ ਸਿੰਘ ਵਜੋਂ ਹੋਈ ਹੈ, ਜੋ ਕਿ ਪ੍ਰਸਿੱਧ ਗਾਇਕ ਦਾ ਲੰਬੇ ਸਮੇਂ ਤੋਂ ਪ੍ਰਸੰਸਕ ਹੈ। (Amritsar News)
ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਕਪਤਾਨ ਪੁਲਿਸ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਖੁਫੀਆ ਸੂਚਨਾਵਾਂ ਤੇ ਕਾਰਵਾਈ ਕਰਦੇ ਹੋਏ ਮਾਲੇਰਕੋਟਲਾ ਪੁਲਿਸ ਦੀ ਟੀਮ ਨੇ ਮਹਿਤਾਬ ਦਾ ਪਤਾ ਲਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਅਤੇ ਉਸਨੂੰ ਅੰਮਿ੍ਰਤਸਰ ਦੇ ਗੁੱਜਰਪੁਰਾ ਇਲਾਕੇ ਵਿੱਚ ਇੱਕ ਛੁਪਣਗਾਹ ਤੋਂ ਰੰਗੇ ਹੱਥੀਂ ਕਾਬੂ ਕੀਤਾ ਹੈ ਜਿਥੇ ਉਹ ਨਵੀਆਂ ਯੋਜਨਾਵਾਂ ਬਣਾ ਰਿਹਾ ਸੀ। ਜਬਰੀ ਕਾਲਾਂ ਕਰਨ ਲਈ ਵਰਤੇ ਗਏ ਉਸ ਦੇ ਮੋਬਾਈਲ ਨੰਬਰ ਦੀ ਪਿਛਲੀ ਐਫਆਈਆਰਜ ਵਿੱਚ ਤਕਨੀਕੀ ਸਬੂਤਾਂ ਨਾਲ ਪੁਸ਼ਟੀ ਕੀਤੀ ਗਈ ਹੈ ਇਸ ਸਬੰਧੀ ਥਾਣਾ ਸਿਟੀ ਅਹਿਮਦਗੜ੍ਹ ਵਿਖੇ 387,506 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਬੱਚੇ ਦੀ ਟਰੈਕਟਰ-ਟਰਾਲੀ ਹੇਠ ਆਉਣ ਕਾਰਨ ਦਰਦਨਾਕ ਮੌਤ
ਫੜੇ ਗਏ ਮੁਲਜ਼ਮ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕਰਕੇ ਮਾਮਲੇ ਦੀ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਹ ਪਤਾ ਲਾਇਆ ਜਾਵੇਗਾ ਕਿ ਕੀ ਉਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਹੋਰ ਗਾਇਕਾਂ ਨੂੰ ਵੀ ਅਜਿਹੀਆਂ ਕਾਲਾਂ ਕੀਤੀਆਂ ਸਨ। ਐਸਐਸਪੀ ਖੱਖ ਨੇ ਸਖਤ ਚੇਤਾਵਨੀ ਦਿੰਦੇ ਕਿਹਾ ਕਿ ਮਾਲੇਰਕੋਟਲਾ ਪੁਲਿਸ ਅਜਿਹੇ ਘਿਨਾਉਣੇ ਅਪਰਾਧਾਂ ਨੂੰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕਰੇਗੀ। Amritsar News