ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਤਾਜ਼ਾ ਰਿਪੋਰਟ ਪੰਜਾਬ ਲਈ ਬੜੀ ਚਿੰਤਾਜਨਕ, ਦੁਖਦਾਇਕ ਤੇ ਚੁਣੌਤੀ ਭਰੀ ਹੈ। ਰਿਪੋਰਟ ਮੁਤਾਬਕ ਦੇਸ਼ ਭਰ ’ਚੋਂ ਨਸ਼ੇ ਕਾਰਨ ਮਰਨ ਵਾਲਿਆਂ ’ਚ 21 ਫੀਸਦ ਪੰਜਾਬੀ ਹਨ। ਪੰਜਾਬ ਦੀ ਅਬਾਦੀ ਦੇਸ਼ ਦੀ ਅਬਾਦੀ ਦਾ ਢਾਈ ਫੀਸਦੀ ਹੈ ਪਰ ਨਸ਼ੇ ਨਾਲ ਮਰਨ ਵਾਲਿਆਂ ਦੀ ਗਿਣਤੀ 21 ਫੀਸਦ ਹੋਣਾ ਖ਼ਤਰਨਾਕ ਅੰਕੜਾ ਹੈ। ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬਾ ਭਰ ਦੇ ਜ਼ਿਲ੍ਹਾ ਪੁਲਿਸ ਮੁਖੀਆਂ ਨਾਲ ਮੀਟਿੰਗ ਕਰਕੇ ਨਸ਼ੇ ਦੀ ਰੋਕਥਾਮ ਲਈ ਸਖ਼ਤ ਹਦਾਇਤ ਕੀਤੀ ਗਈ ਸੀ। ਜਿਸ ਤੋਂ ਜ਼ਾਹਿਰ ਸੀ ਸਰਕਾਰ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਨਸ਼ਾ ਅਜੇ ਵੀ ਵੱਡੀ ਸਮੱਸਿਆ ਹੈ। (Drug challenge)
ਬਿਨਾ ਸ਼ੱਕ ਮੁੱਖ ਮੰਤਰੀ ਨਸ਼ੇ ਸਬੰਧੀ ਚਿੰਤਤ ਹਨ ਤੇ ਸਰਕਾਰ ਇਸ ਪਾਸੇ ਜ਼ੋਰ ਲਾ ਰਹੀ ਹੈ ਫਿਰ ਵੀ ਇਹ ਮਸਲਾ ਆਪਣੇ-ਆਪ ’ਚ ਬਹੁਤ ਹੀ ਗੰਭੀਰ ਹੈ। ਨਸ਼ੇ ਦਾ ਸੇਵਨ ਕਰਨ ਦੇ ਨਾਲ-ਨਾਲ ਨਸ਼ੇ ਵੇਚਣ ਵਾਲੇ ਆਪਸ ’ਚ ਇੰਨੇ ਜ਼ਿਆਦਾ ਘੁਲ-ਮਿਲ ਗਏ ਹਨ ਕਿ ਇੱਕਦਮ ਇਸ ਚੀਜ਼ ਨੂੰ ਜਾਣਨਾ ਬੜਾ ਔਖਾ ਹੈ ਕਿ ਕੌਣ ਨਸ਼ਾ ਕਰਦਾ ਹੈ ਤੇ ਕੌਣ ਵੇਚਦਾ ਹੈ। ਇਹ ਸਮੱਸਿਆ ਵੀ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ’ਚ ਅੜਿੱਕਾ ਤੇ ਦੇਰੀ ਦਾ ਕਾਰਨ ਬਣਦੀ ਹੈ। ਅਸਲ ’ਚ ਪੁਲਿਸ ਨਸ਼ਾ ਵਿਰੋਧੀ ਮੁਹਿੰਮ ਤਹਿਤ ਇਸ ਗੱਲ ਨੂੰ ਜ਼ਰੂਰ ਧਿਆਨ ’ਚ ਰੱਖਦੀ ਹੈ ਕਿ ਨਸ਼ੇ ਦੇ ਆਦੀ ਖਿਲਾਫ਼ ਨਸ਼ਾ ਤਸਕਰ ਵਾਲੀ ਕਾਰਵਾਈ ਨਾ ਕੀਤੀ ਜਾਵੇ।
Also Read : School Winter Holidays: ਸਾਰੇ ਸਕੂਲਾਂ ’ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ, ਜਾਣੋ ਕਦੋਂ ਅਤੇ ਕਿੰਨੀਆਂ ਛੁੱਟੀਆਂ
ਇਸ ਚੱਕਰ ’ਚ ਛੋਟੇ-ਛੋਟੇ ਨਸ਼ਾ ਤਸਕਰ ਬਚ ਜਾਂਦੇ ਹਨ। ਅਸਲ ’ਚ ਛੋਟੇ-ਛੋਟੇ ਨਸ਼ਾ ਤਸਕਰ ਇੰਨੇ ਜ਼ਿਆਦਾ ਹੋ ਗਏ ਹਨ ਕਿ ਉਨ੍ਹਾਂ ਖਿਲਾਫ਼ ਕਾਰਵਾਈ ਕਰਨੀ ਪੇਚਦਾਰ ਮਸਲਾ ਬਣ ਗਿਆ ਹੈ। ਨਸ਼ੇ ਦਾ ਸੇਵਨ ਕਰਨ ਵਾਲੇ ਨੌਜਵਾਨ ਹੀ ਆਪਣੇ ਨਸ਼ੇ ਦਾ ਖਰਚਾ ਕੱਢਣ ਲਈ ਛੋਟੇ ਪੱਧਰ ’ਤੇ ਨਸ਼ਾ ਵੇਚ ਰਹੇ ਹਨ, ਜਿਸ ਦਾ ਨਤੀਜਾ ਹੈ ਕਿ ਨਸ਼ਾ ਖਾਣ ਵਾਲਿਆਂ ਨੂੰ ਨਸ਼ਾ ਬੜਾ ਸੌਖਾ ਹੀ ਆਪਣੇ ਘਰ ਦੇ ਨੇੜਿਓਂ ਮਿਲ ਰਿਹਾ ਹੈ। ਇਹ ਸੱਚਾਈ ਹੈ ਕਿ ਨਸ਼ਿਆਂ ਖਿਲਾਫ਼ ਲੋਕਾਂ ’ਚ ਜਾਗਰੂਕਤਾ ਵਧੀ ਹੈ। ਲੋਕਾਂ ਨੇ ਪਿੰਡਾਂ ’ਚ ਪਹਿਰੇ ਵੀ ਲਾਏ ਹਨ ਤੇ ਨਸ਼ਾ ਤਸਕਰਾਂ ਖਿਲਾਫ਼ ਲੋਕਾਂ ’ਚ ਰੋਹ ਵੀ ਪੈਦਾ ਹੋਇਆ ਸੀ ਪਰ ਜਿੱਥੋਂ ਤੱਕ ਵੱਡੇ ਨਸ਼ਾ ਤਸਰਕਾਂ ਦਾ ਸਬੰਧ ਹੈ ਨਸ਼ੇ ਦੀ ਵੱਡੀ ਸਪਲਾਈ ਲਾਈਨ ਨੂੰ ਤੋੜਨਾ ਬਾਕੀ ਹੈ ਜਿਸ ’ਚ ਮੁੱਖ ਜ਼ਿੰਮੇਵਾਰੀ ਪੁਲਿਸ ਦੀ ਹੈ।
ਜੇਕਰ ਨਸ਼ਾ ਆਵੇਗਾ ਹੀ ਨਹੀਂ ਤਾਂ ਸੇਵਨ ਹੋਵੇਗਾ ਹੀ ਨਹੀਂ ਪਰ ਵੱਡੇ ਨਸ਼ਾ ਤਸਕਰ ਪੁਲਿਸ ਦੀ ਪਹੁੰਚ ਤੋਂ ਅਜੇ ਵੀ ਬਾਹਰ ਹਨ। ਉੱਧਰ ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਡਰੋਨ ਰਾਹੀਂ ਹੈਰੋਇਨ ਦੀ ਤਸਕਰੀ ਦਾ ਸਿਲਸਿਲਾ ਨਾ ਸਿਰਫ਼ ਜਾਰੀ ਹੈ ਸਗੋਂ ਇਹ ਲਗਾਤਾਰ ਵਧ ਰਹੀ ਹੈ। ਅਸਲ ’ਚ ਡਰੋਨਾਂ ਨੂੰ ਰੋਕਣ ਲਈ ਤਕਨਾਲੋਜੀ ਦੀ ਜ਼ਰੂਰਤ ਹੈ ਤਾਂ ਕਿ ਡਰੋਨ ਸਰਹੱਦ ਪਾਰ ਨਾ ਕਰ ਸਕਣ। ਪੁਲਿਸ ਮੁਲਾਜ਼ਮਾਂ ਦਾ ਡੋਰਨਾਂ ਪਿੱਛੇ ਭੱਜਣਾ ਇਸ ਸਮੱਸਿਆ ਦਾ ਸਹੀ ਹੱਲ ਨਹੀਂ ਹੈ। ਤਕਨੀਕ ਦੇ ਨਾਲ-ਨਾਲ ਪੁਲਿਸ ਨੂੰ ਨਸ਼ਿਆਂ ਖਿਲਾਫ਼ ਮੁਹਿੰਮ ਲਈ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇ। ਪੁਲਿਸ ਦੇ ਅੰਦਰ ਭਿ੍ਰਸ਼ਟਾਚਾਰ ਦਾ ਖਾਤਮਾ ਵੀ ਜ਼ਰੂਰੀ ਹੈ।