ਉਪਕਾਰ ਸੰਧੂ ਨੂੰ ਪਾਰਟੀ ‘ਚੋਂ ਨਿਕਾਲਾ
ਚੰਡੀਗੜ੍ਹ, (ਏਜੰਸੀ) । ਆਮ ਆਦਮੀ ਪਾਰਟੀ ‘ਚ ਜਾਰੀ ਕਲੇਸ਼ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ ਦਿੱਲੀ ‘ਚ ਕਪਿਲ ਮਿਸ਼ਰਾ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਘੇਰੇ ਜਾਣ ਦਰਮਿਆਨ ਪਾਰਟੀ ਦੀ ਪੰਜਾਬ ਇਕਾਈ ‘ਚ ਵੀ ਭਗਵੰਤ ਮਾਨ ਖਿਲਾਫ਼ ਬਗਾਵਤ ਦੇ ਸੁਰ ਤਿੱਖੇ ਹੁੰਦੇ ਨਜ਼ਰ ਆ ਰਹੇ ਹਨ।
ਇਸ ਦੌਰਾਨ ਪਾਰਟੀ ਆਗੂ ਗੁਰਪ੍ਰੀਤ ਘੁੱਗੀ ਨੇ ਜਿੱਥੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਉੱਥੇ ਪਾਰਟੀ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦੇ ਦੋਸ਼ ‘ਚ ਪਾਰਟੀ ਨੇ ਸੀਨੀਅਰ ਆਗੂ ਉਪਕਾਰ ਸਿੰਘ ਸੰਧੂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ । ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਅਹੁਦੇ ਤੋਂ ਤਿੰਨ ਦਿਨ ਪਹਿਲਾਂ ਹਟਾਏ ਗਏ ਗੁਰਪ੍ਰੀਤ ਸਿੰਘ ਘੁੱਗੀ ਨੇ ਪਾਰਟੀ ਛੱਡ ਦਿੱਤੀ ਹੈ ਉਨ੍ਹਾਂ ਅੱਜ ਆਪ ਨੂੰ ਅਲਵਿਦਾ ਕਹਿਣ ਦਾ ਐਲਾਨ ਕੀਤਾ ਘੁੱਗੀ ਨੇ ਕਿਹਾ ਕਿ ਉਹ ਫਿਲਹਾਲ ਕਿਸੇ ਹੋਰ ਪਾਰਟੀ ‘ਚ ਸ਼ਾਮਲ ਨਹੀਂ ਹੋਣਗੇ ਉਨ੍ਹਾਂ ਆਮ ਆਦਮੀ ਪਾਰਟੀ ਦੇ ਕੇਂਦਰੀ ਲੀਡਰਸ਼ਿਪ ‘ਤੇ ਸਖਤ ਹਮਲਾ ਕਰਦਿਆਂ ਉਸਦੇ ਵੱਲੋਂ ਚੁੱਕੇ ਗਏ ਕਦਮਾਂ ‘ਤੇ ਸਵਾਲ ਖੜ੍ਹੇ ਕੀਤੇ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਜਗ੍ਹਾ ਡਾ. ਧਰਮਵੀਰ ਗਾਂਧੀ, ਸੁਖਪਾਲ ਖਹਿਰਾ ਜਾਂ ਐਚਐਸ ਫੂਲਕਾ ‘ਚੋਂ ਕਿਸੇ ਨੂੰ ਪੰਜਾਬ ਆਪ ਦਾ ਪ੍ਰਧਾਨ ਬਣਾਇਆ ਜਾਣਾ ਚਾਹੀਦਾ ਹੈ ਉਨ੍ਹਾਂ ਕਿ ਮੈਂ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜਿਨ੍ਹਾਂ ਉਦੇਸ਼ਾਂ ਤੇ ਆਪ ਦੀਆਂ ਜਿਨ੍ਹਾਂ ਨੀਤੀਆਂ ਦੀ ਵਜ੍ਹਾ ਨਾਲ ਇਸ ਪਾਰਟੀ ‘ਚ ਸ਼ਾਮਲ ਹੋਇਆ ਸੀ, ਹੁਣ ਉਹ ਨਹੀਂ ਰਹਿ ਗਈ ਹੈ।
ਆਪ ਨੇ ਅੰਮ੍ਰਿਤਸਰ ਦੇ ਆਪਣੇ ਸੀਨੀਅਰ ਆਗੂ ਉਪਕਾਰ ਸਿੰਘ ਸੰਧੂ ਨੂੰ ਕਥਿੱਤ ਤੌਰ ‘ਤੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ‘ਚ ਪਾਰਟੀ ‘ਚੋਂ ਕੱਢ ਦਿੱਤਾ ਹੈ ਸੰਧੂ ਨੇ ਇੱਕ ਦਿਨ ਪਹਿਲਾਂ ਹੀ ਸੰਗਰੂਰ ਸਾਂਸਦ ਭਗਵੰਤ ਮਾਨ ਨੂੰ ਪਾਰਟੀ ਦੀ ਪੰਜਾਬ ਇਕਾਈ ਦਾ ਮੁਖੀ ਬਣਾਈ ਜਾਣ ਦੀ ਨਿਖੇਧੀ ਕੀਤੀ ਸੀ ਸੰਧੂ ਨੇ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਉਪ ਚੋਣਾਂ ਲੜੀਆਂ ਸਨ, ਪਰ ਉਨ੍ਹਾਂ ਨੂੰ ਇਸ ‘ਚ ਸਫ਼ਲਤਾ ਨਹੀਂ ਮਿਲੀ ਸੀ।
ਉਨ੍ਹਾਂ ਮੰਗਲਵਾਰ ਨੂੰ ਪਾਰਟੀ ਹਾਈਕਮਾਨ ਵੱਲੋਂ ਮਾਨ ਨੂੰ ਪਾਰਟੀ ਦੀ ਪੰਜਾਬ ਇਕਾਈ ਦਾ ਕਨਵੀਨਰ ਬਣਾਏ ਜਾਣ ਦਾ ਵਿਰੋਧ ਕੀਤਾ ਸੀ ਮਾਨ ਨੇ ਅੱਜ ਇੱਕ ਬਿਆਨ ‘ਚ ਕਿਹਾ ਕਿ ਸੰਧੂ ਨੂੰ ਉਨ੍ਹਾਂ ਦੀ ਪਾਰਟੀ ਵਿਰੋਧੀ ਗਤੀਵਿਧੀਆਂ ਦੀ ਵਜ੍ਹਾ ਕਾਰਨ ਪਾਰਟੀ ‘ਚੋਂ ਕੱਢਿਆ ਗਿਆ ਹੈ ਸੰਧੂ ਆਪ ‘ਚ ਸ਼ਾਮਲ ਹੋਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ‘ਚ ਸਨ ਇਸ ਤੋਂ ਪਹਿਲਾਂ ਸੋਮਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ‘ਚ ਹੋਈ ਮੀਟਿੰਗ ‘ਚ ਮਾਨ ਨੂੰ ਕਨਵੀਨਰ ਤੇ ਸੁਨਾਮ ਤੋਂ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੂੰ ਸਹਿ ਕਨਵੀਨਰ ਨਿਯੁਕਤ ਕੀਤਾ ਗਿਆ ਸੀ।
ਭਗਵੰਤ ਮਾਨ ਨੂੰ ਪੰਜਾਬ ਦਾ ਕਨਵੀਨਰ ਬਣਾਏ ਜਾਣ ‘ਤੇ ਪਾਰਟੀ ਵਿਧਾਇਕ ਸੁਖਪਾਲ ਖਹਿਰਾ ਤਾਂ ਨਾਰਾਜ਼ਗੀ ਪ੍ਰਗਟਾ ਚੁੱਕੇ ਹਨ ਤੇ ਹੁਣ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਕੰਵਰ ਸੰਧੂ ਜੋ ਕਿ ਇਸ ਸਮੇਂ ਵਿਦੇਸ਼ ‘ਚ ਹਨ, ਨੇ ਫੇਸਬੁੱਕ ਪੋਸਟ ‘ਤੇ ਆਪਣੀ ਨਾਰਾਜ਼ਗੀ ਪ੍ਰਗਟ ਕਰਦਿਆਂ ਲਿਖਿਆ ਕਿ ‘ਆਪ’ ਫਿਰ ਗਲਤੀ ਕਰ ਰਹੀ ਹੈ ਹਾਰ ‘ਤੇ ਮੰਥਨ ਕੀਤੇ ਬਗੈਰ ਪਾਰਟੀ ਦੇ ਸੰਗਠਨਾਤਮਕ ਢਾਂਚੇ ‘ਚ ਬਦਲਾਅ ਕਰਨ ਨਾਲ ਪਾਰਟੀ ਹੋਰ ਕਮਜ਼ੋਰ ਹੋਵੇਗੀ।