(ਸੱਚ ਕਹੂੰ ਨਿਊਜ਼) ਅੰਮਿ੍ਰਤਸਰ। ਜੇਲ੍ਹ ਵਿਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ (Gangster Jaggu Bhagwanpuria)ਨੂੰ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਮੋਹਨ ਸਿੰਘ ਦੀ ਅਦਾਲਤ ਨੇ ਬਰੀ ਕਰ ਦਿੱਤਾ ਹੈ। ਇੰਨਾ ਹੀ ਨਹੀਂ ਸਾਢੇ ਨੌ ਕਿਲੋ ਹੈਰੋਇਨ ਦੇ ਮਾਮਲੇ ’ਚ ਗੈਂਗਸਟਰਾਂ ਦੇ ਪੰਜ ਸਾਥੀ ਵੀ ਬਰੀ ਹੋ ਚੁੱਕੇ ਹਨ ਪਰ ਮੁਲਜ਼ਮ ਦੇ ਇਕ ਸਾਥੀ ਗੁਰਮਿੰਦਰ ਸਿੰਘ ਉਰਫ਼ ਲਾਲੀ ਨੂੰ ਇਸੇ ਕੇਸ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਅਦਾਲਤ 8 ਦਸੰਬਰ ਨੂੰ ਸਜ਼ਾ ਸੁਣਾਏਗੀ
ਅਦਾਲਤ 8 ਦਸੰਬਰ ਨੂੰ ਸਜ਼ਾ ਸੁਣਾਏਗੀ। ਕੇਸ ਦੀ ਪੈਰਵੀ ਕਰ ਰਹੇ ਵਕੀਲ ਅਮਨਦੀਪ ਸਿੰਘ ਨੇ ਕਿਹਾ ਕਿ ਮੁਕੱਦਮੇ ਦੌਰਾਨ ਜਾਂਚ ਏਜੰਸੀ ਗੈਂਗਸਟਰਾਂ ਖ਼ਿਲਾਫ਼ ਸਬੂਤ ਪੇਸ਼ ਨਹੀਂ ਕਰ ਸਕੀ। ਜ਼ਿਕਰਯੋਗ ਹੈ ਕਿ 29 ਦਸੰਬਰ 2014 ਨੂੰ ਸਟੇਟ ਸਪੈਸ਼ਲ ਆਪੇ੍ਰਸ਼ਨ ਸੈੱਲ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਭਾਰਤ-ਪਾਕਿਸਤਾਨ ਸਰਹੱਦ ’ਤੇ ਸਥਿਤ ਘਰਿੰਡਾ ਪੁਲਿਸ ਸਟੇਸ਼ਨ ਅਧੀਨ ਪੈਂਦੇ ਪਿੰਡ ਚੀਚਾ ਭਕਨਾ ਦਾ ਰਹਿਣ ਵਾਲਾ ਗੁਰਮਿੰਦਰ ਸਿੰਘ ਉਰਫ਼ ਲਾਲੀ ਤਸਕਰੀ ਕਰ ਰਿਹਾ ਹੈ।
ਇਹ ਵੀ ਪੜ੍ਹੋ : ਦਰੱਖਤ ਨਾਲ ਟਕਰਾਈ ਗੱਡੀ, ਪਤਨੀ ਦੀ ਮੌਤ ਤੇ ਪਤੀ ਗੰਭੀਰ ਜਖ਼ਮੀ
ਜਾਣਕਾਰੀ ਮਿਲੀ ਸੀ ਕਿ ਮੁਲਜ਼ਮ ਹੈਰੋਇਨ ਦੀ ਸਪਲਾਈ ਕਰਨ ਲਈ ਸਕਾਰਪੀਓ ਵਿਚ ਵੇਰਕਾ ਬਾਈਪਾਸ ਨੇੜੇ ਪਹੁੰਚ ਰਿਹਾ ਸੀ। ਇਸ ਅਧਾਰ ’ਤੇ ਜਾਂਚ ਏਜੰਸੀ ਨੇ ਨਾਕਾਬੰਦੀ ਕਰਕੇ ਉਸ ਨੂੰ ਗਿ੍ਰਫਤਾਰ ਕਰ ਲਿਆ। ਸਕਾਰਪੀਓ ਗੱਡੀ ਦੀ ਤਲਾਸ਼ੀ ਦੌਰਾਨ ਉਸ ਵਿਚ ਰੱਖੀ ਨੌਂ ਕਿੱਲੋ ਛੇ ਸੌ ਗ੍ਰਾਮ ਹੈਰੋਇਨ ਬਰਾਮਦ ਹੋਈ। ਬਾਅਦ ਵਿਚ ਪੁਲਿਸ ਨੇ ਰਮਨ ਕੁਮਾਰ ਵਾਸੀ ਭਗਤਾਂਵਾਲਾ, ਰਣਜੀਤ ਸਿੰਘ ਵਾਸੀ ਦਸਮੇਸ਼ ਐਵੀਨਿਊ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇੜੇ, ਕਾਬੁਲ ਸਿੰਘ ਉਰਫ਼ ਲਾਲੀ ਵਾਸੀ ਡੇਰਾ ਬਾਬਾ ਨਾਨਕ, ਗੁਰਦਾਸਪੁਰ ਦੇ ਪਿੰਡ ਡੇਰਾ ਬਾਬਾ ਨਾਨਕ, ਮਨਜੀਤ ਸਿੰਘ ਉਰਫ਼ ਮੱਖਣੀ ਅਤੇ ਜਗਜੀਤ ਸਿੰਘ ਉਰਫ਼ ਜੱਗੀ ਨੂੰ ਗਿ੍ਰਫ਼ਤਾਰ ਕਰ ਲਿਆ। (Gangster Jaggu Bhagwanpuria)
ਸਾਰੇ ਮੁਲਜਮਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਖੇਪ ਜੇਲ ’ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨਿਰਦੇਸ਼ਾਂ ’ਤੇ ਟਿਕਾਣੇ ਲਾਈ ਜਾਣੀ ਸੀ। ਕੇਸ ਵਿੱਚੋਂ ਬਰੀ ਹੋਏ ਰਣਜੀਤ ਸਿੰਘ ਅੰਮਿ੍ਰਤਸਰ ਰੇਲਵੇ ਸਟੇਸ਼ਨ ’ਤੇ ਸੀਨੀਅਰ ਟੀਟੀਈ ਤਾਇਨਾਤ ਸੀ। ਘਟਨਾ ਤੋਂ ਬਾਅਦ ਜਿਵੇਂ ਹੀ ਮੁਲਜ਼ਮ ਨੇ ਰਣਜੀਤ ਸਿੰਘ ਦਾ ਨਾਂਅ ਕਬੂਲਿਆ ਤਾਂ ਸਟੇਟ ਸਪੈਸ਼ਲ ਆਪੇ੍ਰਸ਼ਨ ਸੈੱਲ ਦੀ ਟੀਮ ਨੇ ਉਸ ਨੂੰ ਗਿ੍ਰਫ਼ਤਾਰ ਕਰ ਲਿਆ। ਇਸ ਸਬੰਧੀ ਰੇਲਵੇ ਨੇ ਕੁਝ ਦਿਨਾਂ ਬਾਅਦ ਮੁਲਜ਼ਮ ਨੂੰ ਮੁਅੱਤਲ ਵੀ ਕਰ ਦਿੱਤਾ ਸੀ।