30 ਹਜ਼ਾਰ ਦੀ ਰਿਸ਼ਵਤ ਲੈਂਦੇ ਵਿਜੀਲੈਂਸ ਦੇ ਹੱਥੇ ਚੜ੍ਹਿਆ ਪਟਵਾਰੀ

Bribe

ਲੁਧਿਆਣਾ, (ਸੱਚ ਕਹੂੰ ਨਿਊਜ਼)। ਵਿਜੀਲੈਂਸ ਦੀ ਟੀਮ ਨੇ ਇੰਤਕਾਲ ਕਰਵਾਉਂਣ ਬਦਲੇ 30 ਹਜ਼ਾਰ ਦੀ ਰਿਸ਼ਵਤ ਲੈਂਦੇ ਹੋਏ ਸਥਾਨਕ ਡਾਬਾ ਦੇ ਮਾਲ ਪਟਵਾਰੀ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਪਟਵਾਰੀ ਦੀ ਪਛਾਣ ਰਵਿੰਦਰ ਕੁਮਾਰ ਵਜੋਂ ਹੋਈ ਹੈ। ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਦੇ ਦਫਤਰ ਵਿਖੇ ਅੱਜ ਪੱਤਰਾਕਰਾਂ ਨੂੰ ਜਾਣਕਾਰੀ ਦਿੰਦਿਆਂ ਐਸਐਸਪੀ ਵਿਜੀਲੈਂਸ ਰੁਪਿੰਦਰ ਸਿੰਘ ਪੀਪੀਐਸ ਅਤੇ ਇੰਸਪੈਕਟਰ ਬਰਜਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਨੀਲਮ ਰਾਣੀ ਨੇ ਵਿਜੀਲੈਂਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਦੱਸਿਆ ਕਿ ਡਾਬਾ ਦਾ ਮਾਲ ਪਟਵਾਰੀ ਰਵਿੰਦਰ ਕੁਮਾਰ ਉਸ ਕੋਲੋਂ ਇੰਤਕਾਲ ਬਦਲੇ 50 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ।

ਵਿਜੀਲੈਂਸ ਨੇ ਯੋਜਨਾ ਬਣਾ ਕੇ ਨੀਲਮ ਰਾਣੀ ਨੂੰ ਪਟਵਾਰੀ ਨਾਲ ਗੱਲ ਕਰਕੇ 30 ਹਜ਼ਾਰ ਰੁਪਏ ਦਾ ਇੰਤਜਾਮ ਹੋਣ ਦੀ ਗੱਲ ਕਰਨ ਵਾਸਤੇ ਕਿਹਾ। ਪਟਵਾਰੀ ਨੇ 30 ਹਜ਼ਾਰ ਦੇਣ ਵਾਸਤੇ ਨੀਲਮ ਰਾਣੀ ਨੂੰ ਆਪਣੇ ਦਫਤਰ ਵਿਖੇ ਬੁਲਾ ਲਿਆ। ਪਟਵਾਰੀ ਰਵਿੰਦਰ ਕੁਮਾਰ ਜਦੋਂ ਨੀਲਮ ਰਾਣੀ ਕੋਲੋਂ ਰਿਸ਼ਵਤ ਦੇ 30 ਹਜ਼ਾਰ ਰੁਪਏ ਲੈ ਰਿਹਾ ਸੀ ਉਸੇ ਸਮੇਂ ਸਰਕਾਰੀ ਗਵਾਹ ਦਿਲਵੀਨ ਸਿੰਘ ਐਸਡੀਈ ਗਲਾਡਾ ਲੁਧਿਆਣਾ ਅਤੇ ਪ੍ਰਦੀਪ ਸਿੰਘ ਟਿਵਾਣਾ ਖੇਤੀਬਾੜੀ ਅਫਸਰ ਵਿਕਾਸ ਅਫਸਰ ਲੁਧਿਆਣਾ ਦੀ ਹਾਜ਼ਰੀ ਵਿੱਚ ਵਿਜੀਲੈਂਸ ਦੀ ਟੀਮ ਨੇ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ।

ਉਨ੍ਹਾਂ ਦੱਸਿਆ ਕਿ ਅਦਾਲਤ ਨੇ 100 ਗਜ਼ ਮਕਾਨ ਦੀ ਡਿਗਰੀ ਨੀਲਮ ਰਾਣੀ ਦੇ ਹੱਕ ਵਿੱਚ ਕਰ ਦਿੱਤੀ ਸੀ ਜਿਸ ਦਾ ਇੰਤਕਾਲ ਚੜ੍ਹਾਉਣ ਲਈ ਨੀਲਮ ਰਾਣੀ ਨੇ ਤਹਿਸੀਲਦਾਰ ਹਲਕਾ ਕੇਂਦਰੀ ਕੋਲ ਦਰਖਾਸਤ ਦਸੰਬਰ-2016 ਵਿੱਚ ਦਿੱਤੀ ਸੀ। ਉਦੋਂ ਤੋਂ ਹੀ ਪਟਵਾਰੀ ਇੰਤਕਾਲ ਲਈ ਨੀਲਮ ਰਾਣੀ ਦੇ ਚੱਕਰ ਕਟਵਾ ਰਿਹਾ ਸੀ ਅਤੇ ਉਸ ਤੋਂ 50 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ।